ਕੇਜਰੀਵਾਲ ਨੇ ਜਿਵੇਂ ਕ੍ਰਾਂਤੀ ਲਿਆਂਦੀ, ਅਮਰੀਕਾ ਵੀ ਸਾਡੇ ਤੋਂ ਮੁਹੱਲਾ ਕਲੀਨਿਕ ਦਾ ਮਾਡਲ ਮੰਗ ਰਿਹਾ ਹੈ – CM ਭਗਵੰਤ ਮਾਨ

224

ਕੇਜਰੀਵਾਲ ਨੇ ਜਿਵੇਂ ਕ੍ਰਾਂਤੀ ਲਿਆਂਦੀ, ਅਮਰੀਕਾ ਵੀ ਸਾਡੇ ਤੋਂ ਮੁਹੱਲਾ ਕਲੀਨਿਕ ਦਾ ਮਾਡਲ ਮੰਗ ਰਿਹਾ ਹੈ – CM ਭਗਵੰਤ ਮਾਨ #ArvindKejriwal #MohallaClinic #CMBhagwantMann #Health

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਦੀ ਤਰਜ਼ ’ਤੇ 15 ਅਗਸਤ ਨੂੰ ਸੂਬੇ ਵਿੱਚ 75 ਮੁਹੱਲਾ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਇਨ੍ਹਾਂ ਮੁਹੱਲਾ ਕਲੀਨਿਕਾਂ ਨੂੰ ਆਮ ਆਦਮੀ ਕਲੀਨਿਕ ਦਾ ਨਾਮ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਾਅਦ ਦੁਪਹਿਰ ਮੁਹਾਲੀ ਦੇ ਫੇਜ਼-5 ਸਥਿਤ ਸੁਵਿਧਾ ਕੇਂਦਰ ਦੀ ਇਮਾਰਤ ਵਿੱਚ ਬਣਾਏ ਗਏ ਆਮ ਆਦਮੀ ਕਲੀਨਿਕ ਦਾ ਦੌਰਾ ਕਰਕੇ ਅਗਾਊਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਤਸੱਲੀ ਪ੍ਰਗਟ ਕੀਤੀ।

ਉਨ੍ਹਾਂ ਕਿਹਾ ਕਿ ਇਹ ਵੱਡੀ ਪ੍ਰਾਪਤੀ ਹੈ ਕਿ ਦਿੱਲੀ ਵਿਚ ਮੁਹੱਲਾ ਕਲੀਨਿਕ ਵੇਖਣ ਲਈ ਵੱਖ-ਵੱਖ ਦੇਸ਼ਾਂ ਦੇ ਰਾਜਦੂਤ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿਸ ਤਰ੍ਹਾਂ ਇਹ ਕ੍ਰਾਂਤੀ ਲਿਆਂਦੀ ਹੈ, ਅਮਰੀਕਾ ਵੀ ਸੋਚ ਰਿਹਾ ਹੈ ਕਿ ਸਾਨੂੰ ਮੁਹੱਲਾ ਕਲੀਨਿਕਾਂ ਦਾ ਮਾਡਲ ਦਿਓ, ਅਸੀਂ ਵੀ ਇਲਾਜ ਦਾ ਪ੍ਰਬੰਧ ਨੇੜੇ ਕਰ ਸਕੀਏ।ਮੁੱਖ ਮੰਤਰੀ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਰਾਜ ਅੰਦਰ 75 ਏਸੀ ਕਲੀਨਿਕ ਖੋਲ੍ਹੇ ਜਾਣਗੇ, ਜਿੱਥੇ ਇੱਕ ਐੱਮਬੀਬੀਐੱਸ ਡਾਕਟਰ, ਫਰਮਾਸਿਸਟ, ਨਰਸ, ਚਪੜਾਸੀ ਅਤੇ ਸਫ਼ਾਈ ਸੇਵਕ ਨੂੰ ਤਾਇਨਾਤ ਕੀਤਾ ਜਾਵੇਗਾ।ਇਨ੍ਹਾਂ ਕਲੀਨਿਕਾਂ ਵਿੱਚ ਲਗਭਗ ਸਾਰੀਆਂ ਬਿਮਾਰੀਆਂ ਦਾ ਸਸਤਾ ਇਲਾਜ ਕੀਤਾ ਜਾਵੇਗਾ ਅਤੇ 100 ਤੋਂ ਵੱਧ ਟੈੱਸਟ ਕੀਤੇ ਜਾਣਗੇ ਅਤੇ 41 ਕਿਸਮ ਦੇ ਪੈਕੇਜ ਦੀ ਵਿਵਸਥਾ ਕੀਤੀ ਜਾਵੇਗੀ। ਵੱਡੇ ਪਿੰਡਾਂ ਅਤੇ ਕਸਬਿਆਂ ਵਿੱਚ 2-2 ਕਲੀਨਿਕ ਖੋਲ੍ਹੇ ਜਾਣਗੇ। ਮਰੀਜ਼ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲਈ 15 ਕੁਰਸੀਆਂ ਲਗਾਈਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਮੁਹੱਲਾ ਕਲੀਨਿਕਾਂ ਲਈ ਹੁਣ ਤੱਕ ਆਪਣੀਆਂ ਸੇਵਾਵਾਂ ਦੇਣ ਲਈ 2140 ਡਾਕਟਰ ਅਪਲਾਈ ਕਰ ਚੁੱਕੇ ਹਨ, ਜਿਨ੍ਹਾਂ ’ਚੋਂ 1972 ਪੰਜਾਬ ਦੇ ਹਨ। ਭਗਵੰਤ ਮਾਨ ਨੇ ਦੱਸਿਆ ਕਿ ਐੱਨਆਰਆਈ ਵੀ ਮਦਦ ਲਈ ਅੱਗੇ ਆ ਰਹੇ ਹਨ ਅਤੇ ਇਨ੍ਹਾਂ ਕਲੀਨਿਕਾਂ ਵਿੱਚ 90 ਫੀਸਦੀ ਲੋਕਾਂ ਦਾ ਇਲਾਜ ਕੀਤਾ ਜਾਵੇਗਾ।

ਇਸ ਤਰ੍ਹਾਂ ਪੀਜੀਆਈ ਸਮੇਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲਾਂ ਦੀ ਓਪੀਡੀ ਵਿੱਚ ਮਰੀਜ਼ਾਂ ਦਾ ਬੋਝ ਘਟੇਗਾ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਮਹਿੰਗੇ ਇਲਾਜ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।