ਪੱਤਰਕਾਰ ਬਲਤੇਜ ਪੰਨੂ ਨੇ ਮੁੱਖ ਮੰਤਰੀ ਦੇ ਡਾਇਰੈਕਟਰ (ਮੀਡੀਆ ਰਿਲੇਸ਼ਨ) ਦਾ ਅਹੁਦਾ ਸਾਂਭਿਆ
ਚੰਡੀਗੜ੍ਹ 05 ਜੁਲਾਈ 2022: ਸੀਨੀਅਰ ਪੱਤਰਕਾਰ ਬਲਤੇਜ ਪੰਨੂ (Baltej Pannu) ਨੂੰ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ‘ਚ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ | ਬਲਤੇਜ ਪੰਨੂ ਲੰਮੇ ਸਮੇਂ ਤੋਂ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਪੱਤਰਕਾਰੀ ਨਾਲ ਜੁੜੇ ਹੋਏ ਹਨ ਅਤੇ ਇੱਕ ਤਜਰਬੇ ਵਾਲੇ ਜਰਨਲਿਸਟ ਹਨ | ਬਲਤੇਜ ਪੰਨੂ ਨੇ ਰਸਮੀ ਤੌਰ ‘ਤੇ ਅਹੁਦਾ ਸੰਭਾਲ ਲਿਆ ਹੈ |
ਇਸਦੇ ਨਾਲ ਹੀ ਪੰਨੂ ਨੈਸ਼ਨਲ ਅਤੇ ਇੰਟਰਨੈਸ਼ਨਲ ਮੀਡੀਆ ਰਿਲੇਸ਼ਨ ਵੀ ਦੇਖਣਗੇ | ਜਿਕਰਯੋਗ ਹੈ ਕਿ ਬਲਤੇਜ ਪੰਨੂ ਕਾਫ਼ੀ ਸੀਨੀਅਰ ਜਰਨਲਿਸਟ ਦੇ ਨਾਲ ਨਾਲ ਸੋਸ਼ਲ ਐਕਟਿਵਿਸਟ ਵੀ ਹਨ , ਇਸਦੇ ਨਾਲ ਹੀ ਉਹ ਸਮਾਜ ਦੇ ਉੱਘੇ ਸਮਾਜਿਕ ਮੁੱਦਿਆਂ ਨੂੰ ਲੈ ਕੇ NGO ਦੇ ਰੂਪ ਜਾਂ ਨਿੱਜੀ ਰੂਪ ਵਿਚ ਸਰਗਰਮ ਰਹਿੰਦੇ ਹਨ |
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਅਨਿਰੁਧ ਤਿਵਾੜੀ ਦੀ ਥਾਂ ਵਿਜੇ ਕੁਮਾਰ ਜੰਜੂਆ ਨੂੰ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਜੰਜੂਆ 1989 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ ਅਤੇ ਮੌਜੂਦਾ ਸਮੇਂ ਦੌਰਾਨ ਵਿਸ਼ੇਸ਼ ਮੁੱਖ ਸਕੱਤਰ ਜੇਲ੍ਹਾਂ ਅਤੇ ਇਸ ਤੋਂ ਇਲਾਵਾ ਵਿਸ਼ੇਸ਼ ਮੁੱਖ ਸਕੱਤਰ ਚੋਣਾਂ ਦਾ ਅਹੁਦਾ ਸੰਭਾਲ ਰਹੇ ਹਨ।
ਪੰਜਾਬ ਇੰਜਨੀਅਰਿੰਗ ਕਾਲਜ, ਚੰਡੀਗੜ੍ਹ ਤੋਂ ਇਲੈਕਟ੍ਰੋਨਿਕਸ ਵਿੱਚ ਬੀ.ਟੈਕ ਕਰਨ ਉਪਰੰਤ, ਜੰਜੂਆ ਨੇ ਇੱਕ ਸਾਲ ਐਸ.ਸੀ.ਐਲ (ਸੈਮੀ-ਕੰਡਕਟਰ ਕੰਪਲੈਕਸ), ਮੁਹਾਲੀ ਵਿੱਚ ਕੰਮ ਕੀਤਾ, ਫਿਰ ਪੁਲਾੜ ਏਜੰਸੀਆਂ ਲਈ ਕੰਪਿਊਟਰ ਚਿਪਸ ਡਿਜ਼ਾਈਨ ਕਰਨ ਵਾਲੀ ਭਾਰਤ ਸਰਕਾਰ ਦੀ ਇੱਕ ਐਂਟਰਪ੍ਰਾਈਜ਼ ਵਿਚ ਵੀ ਸੇਵਾਵਾਂ ਨਿਭਾਈਆਂ । ਉਹਨਾਂ ਭਾਰਤ ਸਰਕਾਰ ਦੇ ਨਾਲ ਇੱਕ ਆਈ.ਟੀ.ਐਸ. (ਭਾਰਤੀ ਦੂਰਸੰਚਾਰ ਸੇਵਾ) ਇੰਜਨੀਅਰ ਵਜੋਂ ਵੀ ਢਾਈ ਸਾਲ ਕੰਮ ਕੀਤਾ। 1988 ਵਿੱਚ ਆਈ.ਆਰ.ਐਸ (ਇਨਕਮ ਟੈਕਸ) ਲਈ ਚੁਣੇ ਗਏ ਅਤੇ ਫਿਰ 1989 ਵਿੱਚ ਆਲ ਇੰਡੀਆ 12ਵੇਂ ਰੈਂਕ ਨਾਲ ਆਈ.ਏ.ਐਸ. ਵਿੱਚ ਚੁਣੇ ਜਾਣ ਪਿੱਛੋਂ ਪੰਜਾਬ ਕੇਡਰ ਅਲਾਟ ਕੀਤਾ ਹੋਇਆ। ਸੇਵਾ ਕਾਲ ਦੌਰਾਨ ਪੰਜਾਬ ਯੂਨੀਵਰਸਿਟੀ ਤੋਂ ਐਲ.ਐਲ.ਬੀ. ਦੀ ਡਿਗਰੀ ਅਤੇ ਇਗਨੰੂ, ਨਵੀਂ ਦਿੱਲੀ ਤੋਂ ਸਪੈਸ਼ਲਾਈਜ਼ੇਸ਼ਨ ਇਨ ਫਾਇਨਾਂਸ ਦੇ ਨਾਲ ਐਮ.ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਡਿਊਕ ਯੂਨੀਵਰਸਿਟੀ ਅਮਰੀਕਾ ਤੋਂ ਅੰਤਰਰਾਸ਼ਟਰੀ ਵਿਕਾਸ ਨੀਤੀਆਂ ਵਿੱਚ ਐਮ.ਏ. ਵੀ ਕੀਤੀ।