MSG ਫ਼ਿਲਮ ਰਿਲੀਜ਼ ਨਾ ਹੋਈ ਤਾਂ ਬਦਲਾ ਲੈਣ ਲਈ ਰਾਮ ਰਹੀਮ ਕਰਵਾਈਆਂ ਪੰਜਾਬ ‘ਚ ਬੇਅਦਬੀਆਂ !

370

ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ), ਜੋ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਚ ਵਾਪਰੀਆਂ ਬੇਅਦਬੀ ਦੀਆਂ ਤਿੰਨ ਘਟਨਾਵਾਂ ਦੀ ਜਾਂਚ ਕਰ ਰਹੀ ਸੀ, ਨੇ ਆਪਣੀ ਅੰਤਿਮ ਰਿਪੋਰਟ ਵਿਚ ਡੇਰਾ ਸਿਰਸਾ ਨੂੰ ਇਨ੍ਹਾਂ ਘਟਨਾਵਾਂ ਲਈ ਦੋਸ਼ੀ ਠਹਿਰਾਇਆ ਹੈ | ਜਾਂਚ ਟੀਮ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਣੇ ਕਈ ਡੇਰਾ ਪ੍ਰੇਮੀਆਂ ਨੂੰ ਬੇਅਦਬੀ ਦੀਆਂ ਘਟਨਾਵਾਂ ਦਾ ਸਾਜਿਸ਼ਕਰਤਾ ਦੱਸਿਆ ਹੈ | ਇਨ੍ਹਾਂ ਵਿਚੋਂ ਤਿੰਨ ਡੇਰਾ ਪ੍ਰੇਮੀ ਫ਼ਰਾਰ ਹਨ | ਇਹ ਰਿਪੋਰਟ ਅੱਜ ਉਸ ਸਮੇਂ ਜਨਤਕ ਕੀਤੀ ਗਈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਸ. ਆਈ. ਟੀ. ਦੀ 467 ਪੰਨਿਆਂ ਦੀ ਰਿਪੋਰਟ ਸਿੱਖ ਆਗੂਆਂ ਜਿਨ੍ਹਾਂ ‘ਚ ਚਮਕੌਰ ਸਿੰਘ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਮੇਜਰ ਸਿੰਘ ਪੰਡੋਰੀ ਸ਼ਾਮਿਲ ਸਨ, ਨੂੰ ਸੌਂਪੀ | ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਆਈ. ਜੀ. ਐਸ. ਪੀ. ਐਸ. ਪਰਮਾਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ) ਨੇ ਆਪਣੀ ਰਿਪੋਰਟ 21 ਅਪ੍ਰੈਲ ਨੂੰ ਡੀ. ਜੀ. ਪੀ ਨੂੰ ਸੌਂਪੀ ਸੀ | ਰਿਪੋਰਟ ਮੁਤਾਬਿਕ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੇਅਦਬੀ ਦੀਆਂ ਤਿੰਨ ਘਟਨਾਵਾਂ ‘ਚ ਨਾਮਜ਼ਦ ਕੀਤਾ ਗਿਆ ਹੈ | ਰਿਪੋਰਟ ਅਨੁਸਾਰ ਤਿੰਨਾਂ ਮਾਮਲਿਆਂ ਪਿਛਲੇ ਮਕਸਦ ਦਾ ਡੇਰਾ ਸਿਰਸਾ ਨਾਲ ਸਿੱਧਾ ਸੰਬੰਧ ਹੈ ਅਤੇ ਇਨ੍ਹਾਂ ਮਾਮਲਿਆਂ ‘ਚ ਸ਼ਾਮਿਲ ਦੋਸ਼ੀ ਉਕਤ ਡੇਰੇ ਦੇ ਪ੍ਰੇਮੀ ਹਨ | ਐਸ. ਆਈ. ਟੀ. ਵਲੋਂ ਇਕੱਤਰ ਕੀਤੀ ਸਮੱਗਰੀ/ਸਬੂਤਾਂ ਤੋਂ ਸਪਸ਼ਟ ਹੁੰਦਾ ਹੈ ਕਿ ਦੋਸ਼ੀਆਂ ਦਾ ਡੇਰੇ ਦੇ ਪ੍ਰਬੰਧਕਾਂ ਨਾਲ ਸਿੱਧਾ ਸੰਬੰਧ ਸੀ | ਘਟਨਾਵਾਂ ਦੇ ਪਿੱਛੇ ਦਾ ਮਕਸਦ ਫ਼ਿਲਮ ‘ਐਮ ਐਸ ਜੀ-2’ ਨਾਲ ਵੀ ਜੁੜਿਆ ਹੋਇਆ ਸੀ |

ਡੇਰੇ ਦੇ ਪ੍ਰੇਮੀ ਡੇਰਾ ਮੁਖੀ ਦੀ ਫ਼ਿਲਮ ਦੇ ਰਿਲੀਜ਼ ਨਾ ਹੋਣ ‘ਤੇ ਨਾਰਾਜ਼ ਸਨ | ਇਨ੍ਹਾਂ ਤਿੰਨਾਂ ਮਾਮਲਿਆਂ ਦੇ ਹੋਰ ਮੁਲਜ਼ਮਾਂ ਵਿਚ ਸੁਖਜਿੰਦਰ ਸਿੰਘ ਉਰਫ਼ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਰਣਦੀਪ ਸਿੰਘ ਉਰਫ਼ ਨੀਲਾ, ਰਣਜੀਤ ਸਿੰਘ ਉਰਫ਼ ਭੋਲਾ, ਨਿਸ਼ਾਨ ਸਿੰਘ, ਨਰਿੰਦਰ ਸ਼ਰਮਾ ਅਤੇ ਪਰਦੀਪ ਸਿੰਘ ਸ਼ਾਮਲ ਹਨ | ਤਿੰਨ ਹੋਰ ਮੁਲਜ਼ਮ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ ਅਤੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ | ਇਨ੍ਹਾਂ ਮਾਮਲਿਆਂ ਦੇ ਮੁੱਖ ਦੋਸ਼ੀ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੀ 2019 ਵਿਚ ਨਾਭਾ ਜੇਲ੍ਹ ‘ਚ ਦੋ ਕੈਦੀਆਂ ਨੇ ਹੱਤਿਆ ਕਰ ਦਿੱਤੀ ਸੀ | ਐਸ. ਆਈ. ਟੀ. ਨੇ ਇਨ੍ਹਾਂ ਘਟਨਾਵਾਂ ਸੰਬੰਧੀ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਵੀ ਪੁੱਛਗਿੱਛ ਕੀਤੀ ਸੀ | ਹਾਲਾਂਕਿ ਰਿਪੋਰਟ ‘ਚ ਕਿਹਾ ਗਿਆ ਹੈ ਕਿ ਡੇਰਾ ਮੁਖੀ ਨੇ ਜਾਂਚ ਦੌਰਾਨ ਸਹਿਯੋਗ ਨਹੀਂ ਕੀਤਾ | ਬੇਅਦਬੀ ਦੇ ਤਿੰਨਾਂ ਮਾਮਲਿਆਂ ਦੀ ਫ਼ਰੀਦਕੋਟ ਦੀ ਅਦਾਲਤ ‘ਚ ਸੁਣਵਾਈ ਚੱਲ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਦੋਸ਼ ਤੈਅ ਕਰਨ ਦੀ ਅਗਲੀ ਤਰੀਕ 29 ਜੁਲਾਈ ਹੈ | ਪਿਛਲੇ ਸਾਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ‘ਤੇ ਸੀ.ਬੀ.ਆਈ ਨੇ 2015 ਦੀਆਂ ਘਟਨਾਵਾਂ ਨਾਲ ਸੰਬੰਧਿਤ ਦਸਤਾਵੇਜ਼ ਅਤੇ ਫਾਈਲਾਂ ਪੰਜਾਬ ਪੁਲਿਸ ਦੀ ਐਸ.ਆਈ.ਟੀ ਨੂੰ ਸੌਂਪ ਦਿੱਤੀਆਂ ਸਨ | 2015 ਵਿਚ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਤਿੰਨਾਂ ਮਾਮਲਿਆਂ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਸੀ | ਪੰਜਾਬ ਸਰਕਾਰ ਨੇ ਸਤੰਬਰ 2018 ਵਿਚ ਵਿਧਾਨ ਸਭਾ ‘ਚ ਮਤਾ ਪਾਸ ਕਰਨ ਤੋਂ ਬਾਅਦ ਜਾਂਚ ਪੰਜਾਬ ਪੁਲਿਸ ਦੀ ਐਸ. ਆਈ. ਟੀ. ਦੇ ਹਵਾਲੇ ਕਰ ਦਿੱਤੀ ਸੀ |