ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ ਲੈ ਕੇ ਪੰਜਾਬ ਪੁਲਿਸ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਦੇ ਏਡੀਜੀਪੀ ਪ੍ਰਮੋਦ ਬਾਨ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਪੰਜਾਬ ਪੁਲਿਸ ਦੀ ਇੱਕ ਟੀਮ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੁਆਰਾ ਗ੍ਰਿਫਤਾਰ ਕੀਤੇ ਗਏ ਪ੍ਰਿਅਵਰਤ ਫੌਜੀ ਸ਼ੂਟਰ ਤੋਂ ਪੁੱਛਗਿੱਛ ਕਰਨ ਲਈ ਦਿੱਲੀ ਵਿੱਚ ਸੀ।
ਉਨ੍ਹਾਂ ਦੱਸਿਆ ਕਿ ਪ੍ਰਿਯਵਰਤ ਫੌਜੀ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਫੌਜੀ ਦੀਆਂ ਤਿੰਨ ਗਰਲਫ੍ਰੈਂਡਸ ਸਨ, ਮੂਸੇਵਾਲਾ ਕਤਲਕਾਂਡ ਤੋਂ ਬਾਅਦ ਉਹ ਤਿੰਨੋਂ ਹੀ ਪ੍ਰਿਯਵਰਤ ਦੇ ਸੰਪਰਕ ਵਿੱਚ ਸਨ। ਫੌਜੀ ਦੀ ਗ੍ਰਿਫਤਾਰੀ ਲਈ ਉਸ ਦੀ ਸਾਬਕਾ ਗਰਲਫ੍ਰੈਂਡ ਨੇ ਪੁਲਿਸ ਨੂੰ ਟਿੱਪ ਦਿੱਤੀ ਸੀ।
ADGP ਪ੍ਰਮੋਦ ਬਾਨ ਨੇ ਦੱਸਿਆ ਕਿ ਹੁਣ ਤਕ ਮੂਸੇਵਾਲਾ ਕਤਲਕਾਂਡ ਵਿੱਚ 13 ਗ੍ਰਿਫ਼ਤਾਰੀਆਂ ਹੋਈਆਂ ਹਨ। ਇਸ ਕਤਲਕਾਂਡ ਦਾ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਹੀ ਹੈ। ਬਿਸ਼ਨੋਈ ਨੇ ਮੰਨਿਆ ਜੇਲ੍ਹ ਵਿੱਚੋਂ ਉਸ ਨੇ ਫੋਨ ਦੀ ਵਰਤੋਂ ਕੀਤੀ ਸੀ। ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਤੇ ਸਚਿਨ ਥਾਪਨ ਜਾਅਲੀ ਪਾਸਪੋਰਟ ਬਣਾ ਕੇ ਦੇਸ਼ ਛੱਡ ਕੇ ਫਰਾਰ ਹੋ ਚੁੱਕੇ ਹਨ। ਅਨਮੋਲ ਬਿਸ਼ਨੋਈ ਨੂੰ ਜਨਵਰੀ ‘ਚ ਵਿਦੇਸ਼ ਭੇਜਿਆ ਗਿਆ ਸੀ। ਸਚਿਨ ਥਾਪਨ ਨੂੰ ਵੀ ਫਰਜ਼ੀ ਪਾਸਪੋਰਟ ‘ਤੇ ਵਿਦੇਸ਼ ਭੇਜਿਆ ਗਿਆ ਹੈ।