ਕੇਂਦਰ ਸਰਕਾਰ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ‘ਜ਼ੈੱਡ’ ਸਕਿਉਰਿਟੀ ਮੁਹੱਈਆ ਕਰਵਾਉਣ ਦਾ ਫ਼ੈਸਲਾ

355

ਨਵੀਂ ਦਿੱਲੀ, 3 ਜੂਨ, 2022:ਪੰਜਾਬ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖ਼ਿਆ ਘਟਾਉਣ ਸੰਬੰਧੀ ਲਏ ਗਏ ਫ਼ੈਸਲੇ ਤੋਂ ਬਾਅਦ ਪੈਦਾ ਹੋਈ ਕਸ਼ਮਕਸ਼ ਦੌਰਾਨ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਇਕ ਵੱਡਾ ਫ਼ੈਸਲਾ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ‘ਜ਼ੈਡ’ ਸੁਰੱਖ਼ਿਆ ਮੁਹੱਈਆ ਕਰਵਾਉਣਦਾ ਫ਼ੈਸਲਾ ਕੀਤਾ ਹੈ।

ਇਸ ਸੰਬੰਧੀ ਗ੍ਰਹਿ ਮੰਤਰਾਲੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਭਾਜਪਾ ਆਗੂ ਸ: ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਇਹ ਕੋਈ ਸਟੇਟਸ ਲਈ ਦਿੱਤੀ ਗਈ ਸੁਰੱਖ਼ਿਆ ਨਹੀਂ ਹੈ ਸਗੋਂ ਖ਼ਤਰੇ ਦਾ ਮੁਲਾਂਕਣ ਕਰਨ ਤੋਂ ਬਾਅਦ ਲਿਆ ਗਿਆ ਫ਼ੈਸਲਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 424 ਵਿਸ਼ੇਸ਼ ਵਿਅਕਤੀਆਂ ਦੀ ਸੁਰੱਖਿਆ ਵਾਪਸ ਲੈਣ ਦੇ ਸਰਕਾਰ ਵੱਲੋਂ ਜਨਤਕ ਹੋ ਗਏ ਫ਼ੈਸਲੇ ਦੇ ਨਾਲ ਜਾਰੀ ਕੀਤੀ ਗਈ ਸੂਚੀ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਨਾਂਅ ਸੀ ਅਤੇ ਉਨ੍ਹਾਂ ਕੋਲ ਉਪਲਬਧ ਪੰਜਾਬ ਪੁਲਿਸ ਦੇ 6 ਸੁਰੱਖ਼ਿਆ ਕਰਮੀਆਂ ਵਿੱਚੋਂ 3 ਵਾਪਸ ਲੈ ਲਏ ਜਾਣ ਨਾਲ ਇਕ ਵੱਡਾ ਵਿਵਾਦ ਖ਼ੜ੍ਹਾ ਹੋ ਗਿਆ ਸੀ।

ਪੰਜਾਬ ਸਰਕਾਰ ਦੇ ਉਕਤ ਫ਼ੈਸਲੇ ਵਿਰੁੱਧ ਰੋਹ ਦਾ ਪ੍ਰਗਟਾਵਾ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਦੀ ਸੁਰੱਖ਼ਿਆ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਅਤੇ ਉਨ੍ਹਾਂ ਨੇ ਰਹਿੰਦੇ 3 ਗੰਨਮੈਨ ਵੀ ਵਾਪਸ ਭੇਜ ਦਿੱਤੇ ਸਨ।

ਇਸ ਮਗਰੋਂ ਸਰਕਾਰ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖ਼ਿਆ ਬਹਾਲ ਕਰਨ ਦੀ ਕੋਸ਼ਿਸ਼ ਹੁਣ ਤਕ ਦੋ ਵਾਰ ਕੀਤੀ ਗਈ ਪਰ ਜਥੇਦਾਰ ਹੁਰਾਂ ਨੇ ਇਹ ਕਹਿ ਦਿੱਤਾ ਸੀ ਕਿ ਉਹ ਹੁਣ ਪੰਜਾਬ ਸਰਕਾਰ ਦੀ ਸੁਰੱਖ਼ਿਆ ਪ੍ਰਵਾਨ ਨਹੀਂ ਕਰਨਗੇ।

ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸੁਰੱਖ਼ਿਆ ਕਰਮੀਆਂ ਵਿੱਚੋਂਹੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੁਰੱਖ਼ਿਆ ਮੁਹੱਈਆ ਕਰਵਾ ਦਿੱਤੀ ਸੀ ਅਤੇ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਸਿੰਘ ਹੀ ਜਥੇਦਾਰ ਦੀ ਸੁਰੱਖ਼ਿਆ ਲਈ ਹਾਜ਼ਰ ਰਹਿਣਗੇ।

ਅਜੇ ਸਵਾਲ ਇਹ ਬਾਕੀ ਹੈ ਕਿ ਕੀ ਅਕਾਲ ਤਖ਼ਤ ਦੇ ਜਥੇਦਾਰ ਕੇਂਦਰ ਸਰਕਾਰ ਵੱਲੋਂ ਪ੍ਰਦਾਨ ਕੀਤੀ ਗਈ ਜ਼ੈੱਡ ਸੁਰੱਖ਼ਿਆ ਨੂੰ ਪ੍ਰਵਾਨ ਕਰਦੇ ਹਨ ਜਾਂ ਨਹੀਂ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੇਂਦਰ ਨੇ ਦਿੱਤੀ Z ਸਕਿਓਰਿਟੀ,ਪੰਜਾਬ ਸਰਕਾਰ ਦੀ ਸੁਰੱਖਿਆ ਲੈਣ ਤੋਂ ਕੀਤਾ ਸੀ ਇਨਕਾਰ
#GianiHarpreetSingh #ZSecurity #CentralGovernment #Jathedar #AkalTakhtSahib