ਜਥੇਦਾਰ ਨੇ ਸਰਕਾਰ ਵੱਲੋਂ ਮੁੜ ਬਹਾਲ ਕੀਤੀ ਸੁਰੱਖਿਆ ਲੈਣ ਤੋਂ ਇਨਕਾਰ

439

ਨਹੀਂ ਹਟਾਈ ਜਾਵੇਗੀ ਗਿਆਨੀ ਜਥੇਦਾਰ ਹਰਪ੍ਰੀਤ ਸਿੰਘ ਦੀ ਸਕਿਉਰਿਟੀ.. ਮਾਨ ਸਰਕਾਰ ਨੇ ਸਕਿਉਰਿਟੀ ਵਾਪਸ ਲੈਣ ਦਾ ਫੈਸਲਾ ਬਦਲਿਆ।

ਪੰਜਾਬ ਸਰਕਾਰ ਵੱਲੋਂ ਅੱਜ ਸਵੇਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ‘ਤੇ ਜਥੇਦਾਰ ਨੇ ਬਾਕੀ ਸੁਰੱਖਿਆ ਵੀ ਵਾਪਸ ਕਰ ਦਿੱਤੀ ਸੀ। ਹੁਣ ਪਤਾ ਲੱਗਿਆ ਹੈ ਕਿ ਸਰਕਾਰ ਵੱਲੋਂ ਜਥੇਦਾਰ ਦੀ ਸੁਰੱਖਿਆ ਬਹਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਪਰ ਜਥੇਦਾਰ ਵੱਲੋਂ ਫ਼ਿਲਹਾਲ ਸਰਕਾਰੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਨੇ ਆਪਣੇ ਫੇਸਬੁਕ ਸਫੇ ਉਤੇ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਭਗਵੰਤ ਮਾਨ ਸਰਕਾਰ ਨੇ ਸੂਬੇ ਵਿਚ ਵੀਆਈਪੀ ਸੁਰੱਖਿਆ ਉਤੇ ਵੱਡਾ ਕੱਟ ਲਾਇਆ ਹੈ। ਸਰਕਾਰ ਨੇ ਕਈ ਅਹਿਮ ਸ਼ਖਸੀਅਤਾਂ ਸਣੇ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੋਂ ਵੀ ਅੱਧੀ ਸੁਰੱਖਿਆ ਵਾਪਸ ਲੈ ਲਈ ਹੈ। ਇਸ ਪਿੱਛੋਂ ਜਥੇਦਾਰ ਨੇ ਸਰਕਾਰ ਦੀ ਬਾਕੀ ਸੁਰੱਖਿਆ ਵੀ ਵਾਪਸ ਭੇਜ ਦਿੱਤੀ ਹੈ

ਜਥੇਦਾਰ ਨਾਲ 6 ਮੁਲਾਜ਼ਮ ਤਾਇਨਾਤ ਸਨ ਤੇ ਇਨ੍ਹਾਂ ਵਿਚੋਂ 3 ਸਰਕਾਰ ਨੇ ਵਾਪਸ ਲਏ ਸਨ ਪਰ ਜਥੇਦਾਰ ਨੇ ਬਾਕੀ ਦੇ ਮੁਲਾਜ਼ਮ ਵੀ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ। ਜਥੇਦਾਰ ਨੇ ਆਖਿਆ ਕਿ ਸਾਨੂੰ ਸਰਕਾਰੀ ਸੁਰੱਖਿਆ ਦੀ ਲੋੜ ਨਹੀਂ ਹੈ। ਸਿੱਖ ਨੌਜਵਾਨ ਹੀ ਸਾਡੀ ਸੁਰੱਖਿਆ ਲਈ ਕਾਫੀ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਇਕ ਕਹਾਵਤ ਹੈ- ‘ਭਲਾ ਹੋਇਆ ਮੇਰਾ ਚਰਖਾ ਟੁੱਟਾ ਜ਼ਿੰਦ ਆਜ਼ਾਬੋਂ ਛੁਟੀ”, ਸਾਨੂੰ ਕਿਸੇ ਸੁਰੱਖਿਆ ਦੀ ਲੋੜ ਨਹੀਂ ਹੈ।

ਉਧਰ, ਸਰਕਾਰੀ ਸੁਰੱਖਿਆ ਵਾਪਸ ਹੁੰਦੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ।

ਸਿੰਘ ਸਾਹਿਬ ਦੀ ਦਮਦਮਾ ਸਾਹਿਬ ਵਿਚਲੀ ਰਿਹਾਇਸ਼ ਉਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਉਤੇ ਐੱਸਜੀਪੀਸੀ ਵੱਲ਼ੋਂ ਚਾਰ ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਮੌਕੇ ਉਤੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਤੇਜਿੰਦਰ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਦੀ ਸੁਰੱਖਿਆ ਕਿਸੇ ਸਰਕਾਰ ਦੀ ਮੋਹਥਾਜ ਨਹੀਂ ਹੈ।

ਜਥੇਦਾਰ ਨੇ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ‘ਚ ਸ਼ਾਮਲ ਨੌਜਵਾਨਾਂ ਨੇ ਸਵੇਰੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਇਸ ਲਈ ਅਸੀਂ ਸਾਰੇ ਸੁਰੱਖਿਆ ਕਰਮਚਾਰੀ ਵਾਪਸ ਭੇਜ ਦਿੱਤੇ ਹਨ। ਜਥੇਦਾਰ ਦੇ ਨਾਲ ਪੰਜਾਬ ਪੁਲਿਸ ਦੇ 6 ਮੁਲਾਜ਼ਮ ਤਾਇਨਾਤ ਹੁੰਦੇ ਹਨ।


ਦੱਸ ਦਈਏ ਕਿ ਸਰਕਾਰ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ, ਰਾਣਾ ਕੇਪੀ, ਬਿਰਕਮ ਮਜੀਠੀਆ ਦੀ ਪਤਨੀ ਗਵੀਨ ਕੌਰ, ਬਲਵਿੰਦਰ ਲਾਡੀ, ਦਵਿੰਦਰ ਘਬਾਇਆ, ਹਰਦਿਆਲ ਕੰਬੋਜ, ਜਗਦੇਵ ਕਮਾਲੂ, ਕੁਲਜੀਤ ਨਾਗਰਾ, ਰੁਪਿੰਦਰ ਰੂਬੀ, ਸੁਖਦੇਵ ਸਿੰਘ ਢੀਂਡਸਾ, ਨਿਰਮਲ ਸਿੰਘ ਸ਼ੁਤਰਾਣਾ ਸਣੇ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ।