ਵਿਛੋੜੇ ਗੁਰਧਾਮਾਂ ਦੇ ਦਰਸ਼ਨ ਅਭਿਲਾਸ਼ੀ ਭਾਰਤੀ ਸਿੱਖਾਂ ਨੂੰ ਸਰਕਾਰ ਨੇ ਦਿੱਤੀ ਬਲੈਕ-ਲਿਸਟ ਕਰਨ ਦੀ ਧਮਕੀ

384

ਗ੍ਰਹਿ ਮੰਤਰਾਲੇ ਦੀ SGPC ਦੇ ਪਾਕਿ ਜਾਣ ਵਾਲੇ ਜੱਥੇ ਨੂੰ ਤਾੜਨਾ ! ‘ਜੇ ਪਾਕਿ ਦੀ ਮਹਿਮਾਨਿਵਾਜੀ ਦਾ ਹਿੱਸਾ ਬਣੇ ਤਾਂ ਕਰਾਂਗੇ ਬਲੈਕਲਿਸਟ’..ਕੇਂਦਰੀ ਗ੍ਰਹਿ ਮੰਤਰਾਲੇ ਦੀ SGPC ਨੂੰ ਹਦਾਇਤ, ਪਾਕਿ ਜਾਣ ਵਾਲੇ ਸ਼ਰਧਾਲੂ ਮਹਿਮਾਨ ਨਿਵਾਜ਼ੀ ਤੋਂ ਬਚਣ

ਸਿੱਖ ਸ਼ਰਧਾਲੂਆਂ ਦਾ ਇੱਕ ਜੱਥਾ ਜੂਨ ਮਹੀਨੇ ਵਿੱਚ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾ ਰਿਹਾ ਹੈ ਪਰ ਇਸ ਜੱਥੇ ਦੇ ਰਵਾਨਾ ਹੋਣ ਤੋਂ ਪਹਿਲਾਂ ਹੀ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਜਿਸ ‘ਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ ਮਹਿਮਾਨ ਨਿਵਾਜ਼ੀ ਤੋਂ ਦੂਰੀ ਬਣਾ ਕੇ ਰੱਖਣ।

ਗ੍ਰਹਿ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਪਾਕਿਸਤਾਨ ਜਾਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਪਾਕਿਸਤਾਨੀ ਨਾਗਰਿਕਾਂ ਵੱਲੋਂ ਦਿੱਤੇ ਨਿੱਜੀ ਸੱਦੇ ਨੂੰ ਠੁਕਰਾ ਦੇਣ ਲਈ ਕਿਹਾ ਗਿਆ ਹੈ। ਪਾਕਿਸਤਾਨ ਵਿੱਚ ਕੋਈ ਵੀ ਸ਼ਰਧਾਲੂ ਕਿਸੇ ਦਾ ਮਹਿਮਾਨ ਨਾ ਬਣੇ ਅਤੇ ਮਹਿਮਾਨਨਿਵਾਜ਼ੀ ਨਾ ਕਰੇ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਪੱਤਰ ਹਦਾਇਤ ਵਜੋਂ ਭੇਜਿਆ ਗਿਆ ਹੈ। ਇਸ ਹਦਾਇਤ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਸਪੱਸ਼ਟ ਕੀਤਾ ਗਿਆ ਹੈ।

ਇਸ ਨਿਰਦੇਸ਼ ਦੇ ਨਾਲ, ਗ੍ਰਹਿ ਮੰਤਰਾਲੇ ਨੇ ਸ਼ਰਧਾਲੂਆਂ ਨੂੰ ਆਪਣੀ ਯਾਤਰਾ ਦੌਰਾਨ ਪਾਕਿਸਤਾਨੀ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਅਤੇ ਏਜੰਟਾਂ ਨਾਲ ਗੱਲਬਾਤ ਕਰਨ ਤੋਂ ਵੀ ਰੋਕ ਦਿੱਤਾ ਹੈ।