ਲੁਧਿਆਣਾ, 25 ਮਈ, 2022:ਲੁਧਿਆਣਾ ਸ਼ਹਿਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਨਗਰ ਇਲਾਕੇ ਵਿੱਚ ਅੱਜ ਸਵੇਰੇ ਇਕ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਆਪਣੇ ਘਰ ਵਿੱਚ ਮਿਲਣ ਨਾਲ ਸਨਸਨੀ ਫ਼ੈਲ ਗਈ।
ਇਹ ਜੋੜਾ ਆਪਣੇ ਪੁੱਤਰ ਅਤੇ ਨੂੰਹ ਨਾਲ ਗੁਰੂ ਤੇਗ ਬਹਾਦਰ ਨਗਰ ਦੀ ਗਲੀ ਨੰਬਰ ਵਿੱਚ ਰਹਿ ਰਿਹਾ ਸੀ ਪਰ ਅੱਜ ਸਵੇਰੇ 7 ਵਜੇ ਦੇ ਕਰੀਬ ਇਹ ਪਾਇਆ ਗਿਆ ਕਿ ਔਰਤ ਦੀ ਲਾਸ਼ ਬੈੱਡ ’ਤੇ ਅਤੇ ਪੁਰਸ਼ ਦੀ ਲਾਸ਼ ਰਸੋਈ ਦੇ ਕੋਲ ਪਈ ਹੋਈ ਸੀ।
ਅਲਮਾਰੀਆਂ ਖੁਲ੍ਹੀਆਂ ਹੋਣ ਅਤੇ ਕੱਪੜੇ ਆਦਿ ਖਿੱਲਰੇ ਹੋਣ ਤੋਂ ਇਸ ਘਟਨਾ ਨੂੰ ਲੁੱਟ ਦੀ ਵਾਰਦਾਤ ਨਾਲ ਜੋੜ ਕੇ ਵੇਖ਼ਿਆ ਜਾ ਰਿਹਾ ਹੈ।
ਥਾਣਾ ਜਮਾਲਪੁਰ ਅਧੀਨ ਪੈਂਦੇ ਇਸ ਇਲਾਕੇ ਵਿੱਚ ਸੂਚਨਾ ਮਿਲਣ ’ਤੇ ਪੁਲਿਸ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਕਮਿਸ਼ਨਰ ਸ੍ਰੀ ਕੌਸਤੁਭ ਸ਼ਰਮਾ ਆਈ.ਪੀ.ਐਸ. ਖ਼ੁਦ ਘਟਨਾ ਵਾਲੀ ਥਾਂ ’ਤੇ ਪੁੱਜੇ ਅਤੇ ਜਾਇਜ਼ਾ ਲਿਆ।
ਇਲਾਕੇ ਦੇ ਲੋਕਾਂ ਅਨੁਸਾਰ ਇਹ ਜੋੜਾ ਆਪਣੇ ਪੁੱਤਰ ਮਨੀ ਅਤੇ ਨੂੰਹ ਨਾਲ ਇਸ ਘਰ ਵਿੱਚ ਰਹਿ ਰਹੇ ਸਨ ਅਤੇ ਸਮਝਿਆ ਜਾ ਰਿਹਾ ਹੈ ਕਿ ਲੁਟੇਰੇ ਕੋਠੀ ਦੇ ਪਿਛਲੇ ਪਾਸਿਉਂ ਆਏ ਹੋਣਗੇ, ਕਿਉਂਕਿ ਪਿਛਲਾ ਦਰਵਾਜ਼ਾ ਖੁਲ੍ਹਿਆ ਪਾਇਆ ਗਿਆ ਹੈ।