‘ਚੰਨੀ ਆਲੀ ਬੱਕਰੀ’ ਮੁੜ ਚਰਚਾ ‘ਚ, ਭਦੌੜ ਤੋਂ ਖਰੀਦ ਕੇ ਲਿਆਇਆ ਪਰਮਜੀਤ ਸਿੰਘ ਥਾਣੇ ਬੰਦ, ਜਾਣੋ ਵਜ੍ਹਾ

1589

ਸ੍ਰੀ ਚਮਕੌਰ ਸਾਹਿਬ : ਪੰਜਾਬ ‘ਚ ‘ਚੰਨੀ ਆਲੀ ਬੱਕਰੀ’ ਮੁੜ ਚਰਚਾ ‘ਚ ਹੈ। ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election) ਵੇਲੇ ਆਪਣੇ ਵਿਧਾਨ ਸਭਾ ਹਲਕੇ ਭਦੌੜ ‘ਚ ਜਿਸ ਬੱਕਰੀ ਨੂੰ ਚੋਅ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਸੁਰਖੀਆ ਬਟੋਰੀਆਂ ਸੀ, ਉਸ ਨੂੰ ਸ੍ਰੀ ਚਮਕੌਰ ਸਾਹਿਬ ਦੇ ਪਰਮਜੀਤ ਸਿੰਘ ਨੇ ਭਦੌੜ ਵਾਸੀ ਪਾਲਾ ਸਿੰਘ ਤੋਂ 21,000 ਰੁਪਏ ‘ਚ ਖਰੀਦ ਲਿਆ ਹੈ। ਪਰਮਜੀਤ ਬੱਕਰੀ ਨੂੰ ਪੂਰੀ ਤਰ੍ਹਾਂ ਸ਼ਿੰਗਾਰ ਕੇ ਝਾਂਜਰਾਂ ਆਦਿ ਪੁਆ ਕੇ ਸ੍ਰੀ ਚਮਕੌਰ ਸਾਹਿਬ ਲਿਆਇਆ ਹੈ। ਵਿਡੰਬਨਾ ਇਹ ਹੈ ਕਿ ਪਰਮਜੀਤ ਸਿੰਘ ਕੱਲ੍ਹ ਯਾਨੀ ਸ਼ਨਿਚਰਵਾਰ ਤੋਂ ਸ੍ਰੀ ਚਮਕੌਰ ਸਾਹਿਬ ਥਾਣੇ ‘ਚ ਬੰਦ ਹੈ। ਉਹ ਹੈਲਥ ਡਿਪਾਰਟਮੈਂਟ ਖਰੜ ਲਈ ਐਂਬੂਲੈਂਸ ਚਲਾਉਂਦਾ ਹੈ ਤੇ ਉਸ ਦੀ ਪਤਨੀ ਰਣਜੀਤ ਕੌਰ ਸਰਕਾਰੀ ਹਸਪਤਾਲ ‘ਚ ਆਸ਼ਾ ਵਰਕਰ ਹੈ।

ਜੇਲ੍ਹ ‘ਚ ਬੰਦ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਬੱਕਰੀ ਚੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਖ਼ੂਬ ਮਜ਼ਾਕ ਉਡਾਇਆ ਗਿਆ ਜਿਸ ਤੋਂ ਉਹ ਕਾਫੀ ਦੁਖੀ ਸੀ। ਉਸ ਨੇ ਕਿਹਾ ਕਿ ਸੂਬੇ ‘ਚ ਇੰਨਾ ਵਿਕਾਸ ਕਰਵਾਉਣ ਦੇ ਬਾਵਜੂਦ ਚੰਨੀ ਨਾਲ ਅਜਿਹੇ ਵਰਤਾਅ ਨੇ ਮਨ ਨੂੰ ਕਾਫੀ ਠੇਸ ਪਹੁੰਚਾਈ। ਇਸ ਲਈ ਉਸ ਨੇ ਬੱਕਰੀ ਨੂੰ ਖਰੀਦਣ ਦਾ ਫ਼ੈਸਲਾ ਕੀਤਾ।

ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਦਾ ਆਪਣੇ ਭਰਾ ਨਾਲ ਝਗੜਾ ਸੀ, ਇਸ ਕਰਕੇ ਉਸ ਦੀ 751 ਕੀਤੀ ਹੈ ਅਤੇ ਐੱਸਡੀਐੱਮ ਚਮਕੌਰ ਸਾਹਿਬ ਕੋਲ ਪੇਸ਼ ਕਰ ਕੇ ਉਸ ਦੀ ਜ਼ਮਾਨਤ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਅੱਜ ਐਤਵਾਰ ਹੋਣ ਕਰਕੇ ਪਰਮਜੀਤ ਦੀ ਜ਼ਮਾਨਤ ਨਹੀਂ ਹੋ ਸਕਦੀ, ਇਸ ਲਈ ਉਸ ਨੂੰ ਅੱਜ ਦੀ ਰਾਤ ਵੀ ਜੇਲ੍ਹ ‘ਚ ਕੱਟਣੀ ਪੈ ਸਕਦੀ ਹੈ।

ਵਿਧਾਨ ਸਭਾ ਚੋਣਾਂ ਵੇਲੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਸ ਬੱਕਰੀ ਦੀ ਧਾਰ ਕੱਢੀ ਸੀ, ਅੱਜ ਉਹ ਫਿਰ ਚਰਚਾ ਵਿਚ ਹੈ। ਦੱਸ ਦਈਏ ਕਿ ਚੰਨੀ ਨੇ ਅਚਨਚੇਤ ਆਪਣਾ ਕਾਫਲਾ ਇੱਕ ਬੱਕਰੀਆਂ ਦੇ ਝੁੰਡ ਕੋਲ ਰੋਕਿਆ ਸੀ ਤੇ ਆਜੜੀ ਨੂੰ ਇੱਕ ਬੱਕਰੀ ਦੀ ਧਾਰ ਕੱਢਣ ਲਈ ਆਖਿਆ। ਚੰਨੀ ਨੇ ਬੱਕਰੀ ਚੋਈ ਤੇ ਬੱਕਰੀਆਂ ਦੇ ਮਾਲਕ ਪਾਲਾ ਖ਼ਾਨ ਨੂੰ ਚਾਰ ਹਜ਼ਾਰ ਰੁਪਏ ਦਾ ਸ਼ਗਨ ਵੀ ਦਿੱਤਾ। ਇਹ ਤਸਵੀਰ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਈ। ਅੱਜ-ਕੱਲ੍ਹ ਇਹ ‘ਚੰਨੀ ਵਾਲੀ ਬੱਕਰੀ’ ਨਾਮ ਨਾਲ ਮਸ਼ਹੂਰ ਹੈ।

ਅੱਜ ਇਹ ਬੱਕਰੀ ਮੁੜ ਚਰਚਾ ਵਿਚ ਹੈ। ਬੱਕਰੀ ਦੇ ਮਾਲਕ ਪਾਲਾ ਖਾਨ ਅਨੁਸਾਰ ਚਮਕੌਰ ਸਾਹਿਬ ਤੋਂ ਆਏ ਲੋਕ ਬੱਕਰੀ ਖ਼ਰੀਦ ਕੇ ਲੈ ਕੇ ਗਏ ਹਨ, ਉਨ੍ਹਾਂ ਨੇ ਇੱਕੀ ਹਜ਼ਾਰ ਰੁਪਏ ਦੀ ਇਹ ਬੱਕਰੀ ਵੇਚੀ ਹੈ। ਉਨ੍ਹਾਂ ਦੱਸਿਆ ਕਿ ਬੱਕਰੀ ਨੂੰ ਨਵੇਂ ਪਟੇ, ਝਾਂਜਰਾ ਨਾਲ ਸਜਾ ਕੇ ਵੇਚਿਆ ਹੈ। ਉੱਥੇ ਪਾਲਾ ਖਾਨ ਨੇ ਕਿਹਾ ਕਿ ਉਸ ਦੇ ਅੰਦਾਜ਼ੇ ਅਨੁਸਾਰ ਇਹ ਬੱਕਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਹੀ ਖਰੀਦੀ ਹੈ।

ਉਨ੍ਹਾਂ ਦੱਸਿਆ ਕਿ ਕੱਲ੍ਹ ਸਵੇਰ ਸਮੇਂ ਚਮਕੌਰ ਸਾਹਿਬ ਤੋਂ ਕੁਝ ਲੋਕ ਉਸ ਦੇ ਘਰ ਬੱਕਰੀ ਖ਼ਰੀਦਣ ਪਹੁੰਚੇ ਸਨ। ਜਿਨ੍ਹਾਂ ਨੇ ਦੱਸਿਆ ਕਿ ਉਹ ਬੱਕਰੀ ਦਾ ਮੁਫ਼ਤ ਦੁੱਧ ਲੋਕਾਂ ਨੂੰ ਸੇਵਾ ਦੇ ਤੌਰ ‘ਤੇ ਦੇਣਾ ਚਾਹੁੰਦੇ ਹਨ। ਜਿਸ ਤੋਂ ਪ੍ਰਭਾਵਤ ਹੋ ਕੇ ਉਸ ਨੇ ਬੱਕਰੀ ਵੇਚਣ ਦਾ ਫ਼ੈਸਲਾ ਕਰ ਲਿਆ।

ਉਨ੍ਹਾਂ ਦੱਸਿਆ ਕਿ ਬੱਕਰੀ ਨੂੰ ਵੇਚਣ ਵੇਲੇ ਉਸ ਨੇ ਬੱਕਰੀ ਨੂੰ ਪਟਾ ਤੇ ਝਾਂਜਰਾਂ ਨਾਲ ਸਜਾ ਕੇ ਵੇਚਿਆ ਹੈ। ਪਾਲਾ ਖ਼ਾਨ ਨੇ ਦੱਸਿਆ ਕਿ ਉਸ ਕੋਲ ਸਵੇਰ ਵੇਲੇ ਗੱਡੀਆਂ ਵਿੱਚ ਕੁਝ ਲੋਕ ਆਏ, ਜਿਨ੍ਹਾਂ ਨੇ ਚਮਕੌਰ ਸਾਹਿਬ ਤੋਂ ਆਏ ਹੋਣ ਦੀ ਗੱਲ ਆਖੀ। ਉਨ੍ਹਾਂ ਦੱਸਿਆ ਕਿ ਉਹ ਬੱਕਰੀਆਂ ਖ਼ਰੀਦਦੇ ਵੀ ਹਨ ਅਤੇ ਵੇਚਦੇ ਵੀ, ਪਰ ਇਸ ਬੱਕਰੀ ਦੇ ਖ਼ਰੀਦਦਾਰ ਕੋਈ ਖ਼ਾਸ ਹੀ ਲੱਗਦੇ ਸਨ।