ਖਹਿਰਾ ਪੰਜਾਬ ਦੇ ਲੀਡਰਾਂ ਨੂੰ ਡਰਾਉਣ ਵਾਸਤੇ ਮਾਰ ਕੇ ਟੰਗਿਆ ਕਾਂ!

197

ਪਿਛਲੇ ਕੁਝ ਸਾਲਾਂ ਦੇ ਆਂਕੜੇ ਦੱਸਦੇ ਨੇ ਕਿ ਨਸ਼ੇ ਦਾ ਸੱਭ ਤੋਂ ਵੱਧ ਵਪਾਰ‌ ਗੁਜਰਾਤ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਰਾਹੀਂ ਹੋ ਰਿਹਾ ਹੈ।‌

ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦੋ ਸਾਲ ਤੋਂ ਰੌਲਾ ਪਾਇਆ ਹੋਇਆ ਸੀ ਕਿ ਡ੍ਰੋਨ ਰਾਹੀਂ ਪੰਜਾਬ ‘ਚ ਪਾਕਿਸਤਾਨ ਤੋਂ ਨ ਸ਼ਾ ਅਤੇ ਹਥਿ ਆਰ ਆ ਰਹੇ ਨੇ।

ਕੇਂਦਰ ਨੇ ਇਸ ਗੱਲ ਦਾ ਬਹਾਨਾ ਬਣਾ ਕੇ ਪੰਜਾਬ ਦੇ ਪੰਜਾਹ ਕਿਲੋਮੀਟਰ ਤੱਕ ਸਰਹੱਦ ਨਾਲ ਲੱਗਦਾ ਇਲਾਕਾ ਬੀ ਐਸ ਐਫ ਨੂੰ ਦੇ ਦਿੱਤਾ। ਪਰ ਗੁਜਰਾਤ ‘ਚ ਨਹੀਂ ਦਿੱਤਾ। ਹਾਲਾਂਕਿ ਨਸ਼ੇ ਦਾ ਵਪਾਰ ਗੁਜਰਾਤ ਰਾਹੀਂ ਸੱਭ ਤੋਂ ਵੱਧ ਹੋ ਰਿਹਾ। ਪਰ ਗੁਜਰਾਤ ‘ਚ ਸਿੱਖ ਨਹੀਂ ਵੱਸਦੇ। ਅਤੇ ਅਸਲੀ ਖਤਰਾ ਸ਼ਾਇਦ ਸਿੱਖਾਂ ਤੋਂ ਹੈ।

ਨਵਾਂ ਮੁੱਖ ਮੰਤਰੀ ਚੰਨੀ ਵੀ ਅਮਿਤ ਸ਼ਾਹ ਨਾਲ ਮੀਟਿੰਗ ‘ਚ ਕੈਪਟਨ ਦੀ ਚਲਾਈ ਡ੍ਰੋਨ ਆਲੀ ਗੱਲ ‘ਤੇ ਹਾਮੀ ਭਰ ਆਇਆ।

ਪਰ ਇਹ ਸੁਖਪਾਲ ਸਿੰਘ ਖਹਿਰਾ ਸੀ। ਜਿਸ ਨੇ ਪਿਛਲੇ ਦਿਨੀਂ ਕੈਪਟਨ ਵਲੋਂ ਚਲਾਈ ਡ੍ਰੋਨ ਵਾਲੀ ਥਿਊਰੀ ‘ਤੇ ਇਕ ਵੀਡੀਓ ਬਣਾ ਕੇ ਉਂਗਲ ਉਠਾਈ।

ਸੁਖਪਾਲ ਖਹਿਰੇ ਨੇ ਹੀ ਸਟੇਟ ਵਿਰੁੱਧ ਜਾ ਕੇ ਖ਼ੁਦਮੁਖ਼ਤਿਆਰੀ ਦੀ ਗੱਲ ਤੋਰੀ ਅਤੇ ਯੂਏਪੀਏ ਵਰਗੇ ਕਾਲੇ ਕਾਨੂੰਨ ਵਿਰੁੱਧ ਬੋਲਿਆ। ਇਨ੍ਹਾਂ ਵਿਸ਼ਿਆਂ ‘ਤੇ ਉਸ ਦੀਆਂ ਕਹੀਆਂ ਗੱਲਾਂ ਅੱਜ ਵੀ ਓਨੀਆਂ ਹੀ ਸੱਚ ਨੇ ਜਿੰਨੀਆਂ ਕਿ ਕਾਂਗਰਸ ‘ਚ ਜਾਣ ਤੋਂ ਪਹਿਲਾਂ ਸੀ।

ਅਕਾਲੀ ਦਲ, ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਇਨਕਲਾਬੀ ‘ਚ ਐਨਾ ਦਮ ਨਹੀਂ ਕਿ ਉਹ ਇਨ੍ਹਾਂ ਮਸਲਿਆਂ ‘ਤੇ ਬੋਲੇ। ਕਿਉਂਕਿ ਸਟੇਟ ਨੂੰ ਇਹ ਮਨਜ਼ੂਰ ਨਹੀਂ ਕਿ ਕੋਈ ਇਨਾਂ ਮਸਲਿਆਂ ‘ਤੇ ਬੋਲੇ ਅਤੇ ਇਨਸਾਫ ਦੀ ਗੱਲ ਕਰੇ।

ਇਸੇ ਕਰਕੇ ਖਹਿਰੇ ‘ਤੇ ਕੇਸ ਪਏ, ਘਰੇ ਛਾਪੇ ਪਏ, ਅਤੇ ਆਖਰ ਹੁਣ ਉਸ ਨੂੰ ਜੇਲ ਜਾਣਾ ਪਿਆ।

ਪਰ ਖਹਿਰੇ ਰਾਹੀਂ ਖ਼ੁਦਮੁਖਤਿਆਰੀ ਦੇ ਮਸਲੇ ਦਾ ਮਜ਼ਾਕ ਉਡਾਉਣ ਵਾਲੇ ਹੁਣ ਕਿਹੜੇ ਮੂੰਹ ਨਾਲ ਕਹਿਣ ਕਿ ਇਨਫੋਰਸਮੈਂਟ ਡਾਇਰੈਕਟਰੇਟ ਭਾਵ ਈਡੀ ਨੇ ਖਹਿਰੇ ਨੂੰ ਸਹੀ ਫੜਿਆ।

ਸਰਕਾਰੀ ਏਜੰਸੀਆਂ ਉਨ੍ਹਾਂ ਲੋਕਾਂ ਦਾ ਮੂੰਹ ਬੰਦ ਕਰਵਾਉਣ ਵਾਸਤੇ ਹੁੰਦੀਆਂ ਜਿੰਨਾ ਦੇ ਮੂੰਹੋਂ ਜਾਣੇ ਅਣਜਾਣੇ ਸੱਚੀ ਗੱਲ ਨਿਕਲ ਜਾਂਦੀ ਹੈ।

ਖਹਿਰੇ ‘ਚ ਲੱਖ ਕਮੀਆਂ ਜਾਂ ਬੇਈਮਾਨੀਆਂ ਹੋ ਸਕਦੀਆਂ। ਪਰ ਇਹ ਗੱਲ ਤਾਂ ਖਹਿਰੇ ਦੇ ਧੁਰ ਵਿਰੋਧੀ ਵੀ ਮੰਨਣਗੇ ਕਿ ਉਹ ਨ ਸ਼ਾ ਤਸਕਰੀ ਦਾ ਕੰਮ ਨਹੀਂ ਕਰਦਾ। ਇਸ ਤਰ੍ਹਾਂ ਦੇ ਕੇਸ ਦਾ ਮਤਲਬ ਹੈ ਕਿ ਕੇਂਦਰ ਸਰਕਾਰ ਖਹਿਰੇ ਦਾ ਸਿਆਸੀ ਜੀਵਨ ਤਬਾਹ ਕਰਨਾ ਚਾਹੁੰਦੀ ਹੈ। ਕਿਉਂਕਿ ਖਹਿਰੇ ਨੂੰ ਸਰਕਾਰ ਕਾਂ ਬਣਾ ਕੇ ਟੰਗਣਾ ਚਾਹੁੰਦੀ ਹੈ। ਤਾਂ ਕਿ ਪੰਜਾਬ ਦਾ ਕੋਈ ਵੀ ਲੀਡਰ ਜਾਣੇ ਅਣਜਾਣੇ ਉਨ੍ਹਾਂ ਮੁੱਦਿਆਂ ‘ਤੇ ਨਾ ਬੋਲ ਪਵੇ, ਜਿੰਨਾ ‘ਤੇ ਡੀਪ ਸਟੇਟ ਚਾਹੁੰਦੀ ਹੈ ਕਿ ਉਹ ਚੁੱਪ ਰਹਿਣ।
#ਮਹਿਕਮਾ_ਪੰਜਾਬੀ