ਚੰਡੀਗੜ੍ਹ ’ਤੇ ਆਪਣੇ ਜਾਇਜ਼ ਹੱਕ ਦੀ ਲੜਾਈ ਮਜ਼ਬੂਤੀ ਨਾਲ ਲੜਦਾ ਰਹੇਗਾ ਪੰਜਾਬ: ਭਗਵੰਤ ਮਾਨ

557

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਉੱਤੇ ਕੇਂਦਰੀ ਨੇਮ ਲਾਗੂ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ।

ਮਾਨ ਨੇ ਇਕ ਟਵੀਟ ਵਿੱਚ ਕਿਹਾ, ‘‘ਕੇਂਦਰ ਸਰਕਾਰ ਪੜਾਅਵਾਰ(ਗਿਣੀ ਮਿਥੀ ਸਾਜ਼ਿਸ਼ ਤਹਿਤ) ਹੋਰਨਾਂ ਰਾਜਾਂ ਤੇ ਸੇਵਾਵਾਂ ਦੇ ਅਧਿਕਾਰੀਆਂ ਤੇ ਅਮਲੇ ਨੂੰ ਚੰਡੀਗੜ੍ਹ ਪ੍ਰਸ਼ਾਸਨ ਉੱਤੇ ਥੋਪ ਰਹੀ ਹੈ, ਜੋ ਕਿ ਪੰਜਾਬ ਪੁਨਰਗਠਨ ਐਕਟ 1966 ਦੇ ਅਸਲ ਆਸੇ ਦੀ ਖਿਲਾਫ਼ਵਰਜ਼ੀ ਹੈ। ਪੰਜਾਬ, ਚੰਡੀਗੜ੍ਹ ਉੱਤੇ ਆਪਣੇ ਜਾਇਜ਼ ਹੱਕ ਦੀ ਲੜਾਈ ਨੂੰ ਮਜ਼ਬੂਤੀ ਨਾਲ ਲੜਦਾ ਰਹੇਗਾ…।’’

ਪਿਆਰੇ ਪੰਜਾਬੀਓ,
ਪਿਛਲੇ ਸੱਤਰ ਸਾਲ ਚ ਰਵਾਇਤੀ ਪਾਰਟੀਆਂ ਦੇ ਕਿਸੇ ਵੀ ਐਮ ਪੀ ਨੇ ਅੱਜ ਤੱਕ ਰੈਂਪ ਵਾਕ ਨਹੀਂ ਕੀਤੀ ਸੀ। ਅਸਲ ਚ ਰਵਾਇਤੀ ਪਾਰਟੀਆਂ ਦੀ ਸੋਚ ਛੋਟੀ ਸੀ ਤੇ ਉਹ ਕਦੇ ਵੀ ਇਹੋ ਜਿਹੀ ਇਨਕਲਾਬੀ ਤਬਦੀਲੀ ਬਾਰੇ ਨਹੀਂ ਸੋਚ ਸਕਦੇ । ਪੰਜਾਬੀਆਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਦਿੱਲੀ ਰਹਿਣ ਵਾਲੇ ਸ੍ਰੀ ਰਾਘਵ ਚੱਢਾ ਜੀ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਕੇ ਸਮੁੱਚੇ ਪੰਜਾਬ ਦਾ ਮਾਣ ਵਧਾਇਆ ਹੈ ਕਿ ਉਨ੍ਹਾਂ ਵਰਗਾ ਰੈਂਪ ਵਾਕ ਕਰ ਸਕਣ ਵਾਲਾ ਅਗਾਂਹਵਧੂ ਨੌਜਵਾਨ ਹੁਣ ਰਾਜਨੀਤਕ ਖੇਤਰ ਚ ਪੰਜਾਬ ਨੂੰ ਨਵੀਂ ਦਿਸ਼ਾ ਦੇਵੇਗਾ । ਅਸਲ ਚ ਇਹ ਸ਼ਹੀਦ ਭਗਤ ਸਿੰਘ ਅਤੇ ਡਾ ਅੰਬੇਦਕਰ ਦਾ ਸੁਪਨਾ ਸੀ ਕਿ ਸਾਡੇ ਸਿਆਸਤਦਾਨ ਕੁਝ ਵੱਖਰਾ ਸੋਚਣ, ਕੁਝ ਵੱਖਰਾ ਕਰਨ।ਮੈਨੂੰ ਬੜੀ ਖੁਸ਼ੀ ਹੈ ਕਿ ਅਸੀਂ ਹੁਣ ਪੁਰਾਣੀਆਂ ਰਵਾਇਤਾਂ ਨੂੰ ਪੂਰੀ ਤਰ੍ਹਾਂ ਤੋੜ ਰਹੇ ਹਾਂ। ਪਹਿਲਾਂ ਅਸੀਂ ਅੰਮ੍ਰਿਤਸਰ, ਜਿੱਥੇ ਕਿ ਰਵਾਇਤੀ ਪਾਰਟੀਆਂ ਦੇ ਆਗੂ ਸਿਰਫ਼ ਸਿਰ ਝੁਕਾਉਣ ਲਈ ਜਾਂਦੇ ਰਹੇ ਨੇ, ਵਿਖੇ ਜੇਤੂ ਜਲੂਸ ਕੱਢਿਆ। ਉਸਤੋਂ ਬਾਅਦ ਖਟਕੜ ਕਲਾਂ ਚ ਅਸਲੀ ਮੱਥਾ ਟੇਕਿਆ ਤੇ ਸਿਰਫ 150 ਏਕੜ ‘ਚ ਫਸਲ ਉਜਾੜ ਕੇ, ਕਰੋੜਾਂ ਰੁਪਿਆ ਖਰਚ ਕੇ ਸਹੁੰ ਚੁੱਕ ਸਮਾਗਮ ਕਰਕੇ ਨਵਾਂ ਇਤਿਹਾਸ ਸਿਰਜਿਆ। ਉਸ ਤੋਂ ਬਾਅਦ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਫ਼ੋਟੋ ਮੁੱਖ ਮੰਤਰੀ ਦੇ ਕਮਰੇ ਚੋਂ ਲਾਹੀ ਕਿਉਂਕਿ ਉਸ ਦੀ ਤਸਵੀਰ ਸਾਡੀ ਪਾਰਟੀ ਦੇ ਰਾਸ਼ਟਰ ਨਿਰਮਾਣ ਦੇ ਸੁਫ਼ਨੇ ਵਿੱਚ ਰੁਕਾਵਟ ਪਾਉਂਦੀ ਸੀ।ਸਾਥੀਓ, ਸਾਡੇ ਪਾਰਟੀ ਦੇ ਮੁਖੀ ਸ੍ਰੀ ਅਰਵਿੰਦ ਕੇਜਰੀਵਾਲ ਬਹੁਤ ਵਾਰੀ ਕਹਿ ਚੁੱਕੇ ਨੇ ਕਿ ਸਾਡੀ ਪਾਰਟੀ ਦਾ ਮੁੱਖ ਨਿਸ਼ਾਨਾ ਰਾਸ਼ਟਰ ਨਿਰਮਾਣ ਹੈ । ਲੈਕਮੇ ਫੈਸ਼ਨ ਵੀਕ 2022 ਵਿੱਚ ਹਿੱਸਾ ਲੈ ਕੇ ਤੇ ਰੈਂਪ ਵਾਕ ਕਰ ਕੇ ਸ੍ਰੀ ਚੱਢਾ ਨੇ ਫੈਸ਼ਨ ਰਾਹੀਂ ਰਾਸ਼ਟਰ ਨਿਰਮਾਣ ਦਾ ਵੱਡਾ ਕਦਮ ਚੁੱਕਿਆ ਹੈ। ਪਿਆਰੇ ਪੰਜਾਬੀਓ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਰਵਾਇਤੀ ਪਾਰਟੀਆਂ ਦੇ ਲੀਡਰ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਉੱਤੋਂ ਪੰਜਾਬ ਦਾ ਹੱਕ ਖ਼ਤਮ ਕਰਨ ਲਈ ਚੁੱਕੇ ਗਏ ਅਗਲੇ ਕਦਮ ਖ਼ਿਲਾਫ਼ ਰੌਲਾ ਪਾ ਕਿ ਆਪਣੀ ਪਿਛਾਂਹਖੁਚੂ ਸੋਚ ਦਾ ਮੁਜ਼ਾਹਰਾ ਕਰ ਰਹੇ ਸਨ ਉਦੋਂ ਸ੍ਰੀ ਚੱਢਾ ਰੈਂਪ ਵਾਕ ਕਰ ਕੇ ਸਾਰੇ ਮੁਲਕ ਦਾ ਧਿਆਨ ਪੰਜਾਬ ਦੇ ਅਸਲੀ ਮੁੱਦਿਆਂ ਵੱਲ ਖਿੱਚ ਰਹੇ ਸਨ। ਸਾਡੀ ਪਾਰਟੀ ਦੀ ਸੋਚ ਪਹਿਲਾਂ ਹੀ ਬੜੀ ਸਪੱਸ਼ਟ ਹੈ ਕਿ ਚੰਡੀਗਡ਼੍ਹ ਵਰਗੇ ਘਸੇ ਪਿਟੇ ਮੁੱਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਵੈਸੇ ਵੀ ਉੱਥੇ ਮਿਉਂਸਪਲ ਕਾਰਪੋਰੇਸ਼ਨ ਚੋਣਾਂ ਚ ਪਹਿਲਾਂ ਹੀ ਇਨਕਲਾਬ ਆ ਚੁੱਕਿਆ ਹੈ। ਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਬਹੁਤ ਸਾਰੇ ਪੰਜਾਬੀ ਚੈਨਲ ਅਤੇ ਟਿੱਪਣੀਕਾਰ ਇਸ ਮੁੱਦੇ ਤੇ ਸਾਡੇ ਨਾਲ ਬਿਲਕੁਲ ਸਹਿਮਤ ਨੇ ਇਸ ਲਈ ਉਨ੍ਹਾਂ ਵੱਲੋਂ ਇਸ ਮੁੱਦੇ ਤੇ ਸਾਨੂੰ ਕੋਈ ਸੁਆਲ ਹੱਲ ਤਕ ਨਾ ਤਾਂ ਪੁੱਛਿਆ ਗਏ ਨੇ ਤੇ ਨਾ ਹੀ ਪੁੱਛੇ ਜਾਣਗੇ । ਪੰਜਾਬ ਨੂੰ ਅੱਗੇ ਵੇਖਣ ਦੀ ਲੋੜ ਹੈ। ਪੰਜਾਬ ਦੇ ਰਾਜ ਸਭਾ ਮੈਂਬਰ ਦਾ ਰੈਂਪ ਵਾਕ ਕਰਨ ਨਾਲ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੀ ਪ੍ਰੇਰਨਾ ਮਿਲੇਗੀ ਕਿ ਉਹ ਇਹੋ ਜਿਹੀ ਲਾਈਨ ਚ ਵੀ ਕੈਰੀਅਰ ਬਣਾਉਣ ਬਾਰੇ ਸੋਚ ਸਕਦੇ ਨੇ।
ਸਾਥੀਓ ਤੁਹਾਨੂੰ ਅਤਿਅੰਤ ਖ਼ੁਸ਼ੀ ਹੋਣੀ ਚਾਹੀਦੀ ਹੈ ਕਿ ਪੰਜਾਬ ਚ ਅਸਲੀ ਇਨਕਲਾਬੀ ਬਦਲਾਅ ਆ ਚੁੱਕਿਆ ਹੈ।

ਤੁਹਾਡਾ ਆਪਣਾ
ਜਿਸਨੂੰ ਤੁਸੀਂ ਦਿੱਤਾ ਇੱਕ ਮੌਕਾ
(ਆਉਣ ਵਾਲੀ ਵੀਡੀਓ ਸਪੀਚ ਵਿਚੋਂ ਕੁਝ ਹਿੱਸੇ)

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਡਿੱਪੂਆਂ ਰਾਹੀਂ ਮਿਲਣ ਵਾਲੇ ਰਾਸ਼ਨ ਨੂੰ ਘਰ-ਘਰ ਪਹੁੰਚਾਉਣ ਦਾ ਐਲਾਨ ਕੀਤਾ ਹੈ। ਸ੍ਰੀ ਮਾਨ ਨੇ ਕਿਹਾ ਕਿ ਹੁਣ ਲੋਕਾਂ ਦੇ ਘਰਾਂ ਵਿੱਚ ਸਾਫ ਸੁਥਰਾ ਅਤੇ ਵਧੀਆ ਰਾਸ਼ਨ ਪਹੁੰਚਾਇਆ ਜਾਵੇਗਾ। ਸ੍ਰੀ ਮਾਨ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਦੁਨੀਆ ਡਿਜੀਟਲ ਹੋ ਚੁੱਕੀ ਹੈ ਅਤੇ ਫੇਰ ਵੀ ਸਾਡੇ ਦੇਸ਼ ਵਿੱਚ ਅਜ਼ਾਦੀ ਦੇ 75 ਵਰ੍ਹੇ ਬੀਤਣ ਦੇ ਬਾਵਜੂਦ ਗਰੀਬ ਅਤੇ ਆਮ ਲੋਕਾਂ ਨੂੰ ਆਪਣੇ ਹਿੱਸੇ ਦਾ ਰਾਸ਼ਨ ਲੈਣ ਲਈ ਰਾਸ਼ਨ ਡਿਪੂਆਂ ’ਤੇ ਲੰਮੀਆਂ ਕਤਾਰਾਂ ਵਿੱਚ ਖੜਨਾ ਪੈਂਦਾ ਹੈ। ਰਾਸ਼ਣ ਲੈਣ ਲਈ ਨਿੱਤ ਕਮਾ ਕੇ ਖਾਉਣ ਵਾਲਿਆਂ ਨੂੰ ਦਿਹਾੜੀ ਤੱਕ ਛੱਡਣੀ ਪੈਂਦੀ ਹੈ। ਉਨ੍ਹਾਂ ਕਿਹਾ, ‘‘ਆਪ’ ਸਰਕਾਰ ਨੇ ਘਰ ਤੱਕ ਰਾਸ਼ਨ ਪਹੁੰਚਾਉਣ ਲਈ ‘ਡੋਰ ਸਟੈਪ ਡਲਿਵਰੀ ਆਫ ਰਾਸ਼ਨ ਸਕੀਮ’ ਸ਼ੁਰੂ ਕੀਤੀ ਹੈ। ਇਸ ਸਕੀਮ ਤਹਿਤ ਅਧਿਕਾਰੀ ਤੁਹਾਨੂੰ ਫੋਨ ਕਰਕੇ ਤੁਹਾਡੇ ਘਰ ਤੱਕ ਰਾਸ਼ਨ ਪਹੁੰਚਾਉਣਗੇ।’’ ਉਨ੍ਹਾਂ ਕਿਹਾ ਕਿ ‘ਡੋਰ ਸਟੈਪ ਡਲਿਵਰੀ ਆਫ ਰਾਸ਼ਨ’ ਸਕੀਮ ਵਿੱਚ ਡਿੱਪੂ ਤੋਂ ਖੁਦ ਕਣਕ ਲਿਆਉਣ ਦੀ ਛੋਟ ਵੀ ਦਿੱਤੀ ਜਾਵੇਗੀ। ਹੁਣ ਸਾਰੇ ਲੋਕਾਂ ਨੂੰ ਦਿੱਲੀ ਦੀ ਤਰਜ਼ ’ਤੇ ਪੰਜਾਬ ਵਿੱਚ ਵੀ ਘਰ ਬੈਠੇ-ਬੈਠੇ ਸਾਫ ਅਤੇ ਵਧੀਆ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ।