Home / Latest News / ਆਖ਼ਰ ਕਦੋਂ ਤੱਕ ਭਾਰਤ ਸੰਯੁਕਤ ਰਾਸ਼ਟਰ ਦਾ ਸਥਾਈ ਮੈਂਬਰ ਬਣਨ ਦੀ ਉਡੀਕ ਕਰੇ-ਮੋਦੀ

ਆਖ਼ਰ ਕਦੋਂ ਤੱਕ ਭਾਰਤ ਸੰਯੁਕਤ ਰਾਸ਼ਟਰ ਦਾ ਸਥਾਈ ਮੈਂਬਰ ਬਣਨ ਦੀ ਉਡੀਕ ਕਰੇ-ਮੋਦੀ

ਸੰਯੁਕਤ ਰਾਸ਼ਟਰ, 26 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ 75ਵੇਂ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਵਿਸ਼ਵ ਸੰਸਥਾ ਦੇ ਸਰੂਪ ‘ਚ ਸਮੇਂ ਦੀ ਮੰਗ ਅਨੁਸਾਰ ਬਦਲਾਅ ਦੀ ਮੰਗ ਕੀਤੀ ਉੱਥੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਦੀ ਸਥਾਈ ਮੈੈਂਬਰਸ਼ਿਪ ਨੂੰ ਲੈ ਕੇ ਜ਼ੋਰਦਾਰ ਤਰੀਕੇ ਨਾਲ ਦਾਅਵੇਦਾਰੀ ਪੇਸ਼ ਕੀਤੀ। ਉਨ੍ਹਾਂ ਨੇ ਦੁਨੀਆ ‘ਤੇ ਭਾਰਤ ਦੇ ਪ੍ਰਭਾਵ ਨੂੰ ਗਿਣਾਉਂਦੇ ਹੋਏ ਪੁੱਛਿਆ ਕਿ ਆਖਰ ਕਦੋਂ ਤੱਕ ਸਭ ਤੋਂ ਵੱਡੇ ਲੋਕਤੰਤਰ ਅਤੇ ਦੁਨੀਆ ਦੀ 18 ਫ਼ੀਸਦੀ ਆਬਾਦੀ ਵਾਲੇ ਦੇਸ਼ ਨੂੰ ਇੰਤਜ਼ਾਰ ਕਰਨਾ ਪਵੇਗਾ? ਉਨ੍ਹਾਂ ਕਿਹਾ ਕਿ ਆਖਰ ਕਦੋਂ ਤੱਕ ਭਾਰਤ ਨੂੰ ਸੰਯੁਕਤ ਰਾਸ਼ਟਰ ਦੇ ਨੀਤੀ ਨਿਰਮਾਤਾ ਦੇ ਢਾਂਚੇ ਤੋਂ ਅਲੱਗ ਰੱਖਿਆ ਜਾਵੇਗਾ।

ਮੋਦੀ ਨੇ ਇਸ ਦੌਰਾਨ ਸੰਯੁਕਤ ਰਾਸ਼ਟਰ ਦੀ ਮੌਜੂਦਾ ਪ੍ਰਸੰਗਿਕਤਾ ‘ਤੇ ਸਵਾਲ ਖੜ੍ਹੇ ਕਰਦੇ ਹੋਏ ਪੁੱਛਿਆ ਕਿ ਅੱਜ ਪੂਰੇ ਵਿਸ਼ਵ ਭਾਈਚਾਰੇ ਸਾਹਮਣੇ ਇਕ ਬਹੁਤ ਵੱਡਾ ਸਵਾਲ ਹੈ ਕਿ ਜਿਸ ਸੰਸਥਾ ਦਾ ਗਠਨ ਉਸ ਸਮੇਂ ਦੀਆਂ ਪ੍ਰਸਥਿਤੀਆਂ ਵਿਚ ਹੋਇਆ ਸੀ ਕੀ ਉਸ ਦਾ ਸਰੂਪ ਅੱਜ ਵੀ ਉਹੀ ਹੈ? ਉਨ੍ਹਾਂ ਕਿਹਾ ਕਿ ਜੇਕਰ ਅਸੀਂ ਬੀਤੇ 75 ਸਾਲਾਂ ‘ਚ ਸੰਯੁਕਤ ਰਾਸ਼ਟਰ ਦੀਆਂ ਪ੍ਰਾਪਤੀਆਂ ਦੇਖੀਏ ਤਾਂ ਕਾਫੀ ਹਨ ਪਰ ਅਨੇਕਾਂ ਇਸ ਤਰ੍ਹਾਂ ਦੇ ਵੀ ਉਦਾਹਰਨ ਹਨ ਜੋ ਸੰਯੁਕਤ ਰਾਸ਼ਟਰ ਸਾਹਮਣੇ ਆਤਮ ਮੰਥਨ ਦੀ ਜ਼ਰੂਰਤ ਖੜ੍ਹੀ ਕਰਦੇ ਹਨ। ਮੋਦੀ ਨੇ ਕਿਹਾ ਕਿ ਪਿਛਲੇ 8-9 ਮਹੀਨਿਆਂ ਤੋਂ ਪੂਰਾ ਵਿਸ਼ਵ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ। ਇਸ ਮਹਾਂਮਾਰੀ ਨਾਲ ਨਜਿੱਠਣ ਦੇ ਯਤਨਾਂ ਵਿਚ ਸੰਯੁਕਤ ਰਾਸ਼ਟਰ ਕਿੱਥੇ ਹੈ? ਇਕ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਕਿੱਥੇ ਹੈ? ਸੰਯੁਕਤ ਰਾਸ਼ਟਰ ਦੀਆਂ ਪ੍ਰਤੀਕਿਰਿਆਵਾਂ ਵਿਚ ਬਦਲਾਅ, ਵਿਵਸਥਾਵਾਂ ਵਿਚ ਬਦਲਾਅ, ਸਰੂਪ ਵਿਚ ਬਦਲਾਅ ਹੁਣ ਸਮੇਂ ਦੀ ਮੰਗ ਹੈ। ਇਸ ਦੌਰਾਨ ਮੋਦੀ ਨੇ ਅੱਤਵਾਦ ਨੂੰ ਸਮੁੱਚੀ ਮਨੁੱਖਤਾ ਦਾ ਦੁਸ਼ਮਣ ਕਰਾਰ ਦਿੱਤਾ। ਉਨ੍ਹਾਂ ਨੇ ਆਪਣੇ ਭਾਸ਼ਨ ਵਿਚ ਲੋਕ ਕਲਿਆਣਕਾਰੀ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ ਨਵੇਂ ਭਾਰਤ ਦੀ ਬੁਲੰਦ ਤਸਵੀਰ ਪੇਸ਼ ਕੀਤੀ।

About admin

Check Also

ਦੇਖੋ ਵੀਡੀਉ – ਰੀਮਡੇਸਿਵਿਰ ਟੀਕਿਆਂ ਦੀ ਸੰਭਾਵੀ ਖੇਪ ਭਾਖੜਾ ਨਹਿਰ ਵਿੱਚ ਤੈਰਦੀ ਮਿਲੀ

ਕਰੋਨਾਂ ਵਾਇਰਸ ਤੋਂ ਬਚਾਅ ਲਈ ਵਰਤੇ ਜਾਂਦੇ ਰੀਮਡੇਸਿਵਿਰ ਟੀਕਿਆਂ ਦੀ ਸੰਭਾਵੀ ਖੇਪ,ਭਾਖੜਾ ਨਹਿਰ ਵਿੱਚ ਤੈਰਦੀ …

Leave a Reply

Your email address will not be published.

%d bloggers like this: