ਵਿਧਾਨ ਸਭਾ ਚੋਣਾਂ: ਪੰਜਾਬ ਵਿੱਚ 50 ਫੀਸਦੀ ਜੇਤੂ ਉਮੀਦਵਾਰਾਂ ’ਤੇ ਅਪਰਾਧਿਕ ਕੇਸ ਦਰਜ
ਪੰਜ ਰਾਜਾਂ ਵਿੱਚ ਚੋਣ ਲੜਨ ਵਾਲੇ 87 ਫੀਸਦੀ ਉਮੀਦਵਾਰ ਕਰੋੜਪਤੀ
ਨਵੀਂ ਦਿੱਲੀ, 15 ਮਾਰਚ-ਪੋਲ ਰਾਈਟਸ ਗਰੁੱਪ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਨੇ ਅੱਜ ਦੱਸਿਆ ਕਿ ਪੰਜ ਰਾਜਾਂ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤਣ ਵਾਲੇ ਲਗਪਗ 45 ਫੀਸਦੀ ਉਮੀਦਵਾਰਾਂ ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲੇ ਦਰਜ ਹੋਣ ਸਬੰਧੀ ਹਲਫਨਾਮਾ ਦਾਖਲ ਕੀਤਾ ਸੀ।
ਏਡੀਆਰ ਨੇ ਗੋਆ, ਮਨੀਪੁਰ, ਪੰਜਾਬ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੇ 690 ਜੇਤੂ ਉਮੀਦਵਾਰਾਂ ਦੇ ਹਲਫ਼ਨਾਮਿਆਂ ਦਾ ਮੁਲਾਂਕਣ ਕੀਤਾ ਹੈ। ਪੰਜਾਬ ਵਿੱਚ ਜੇਤੂ ਉਮੀਦਵਾਰਾਂ ਵਿੱਚੋਂ 50 ਫੀਸਦੀ ਨੇ ਹਲਫਨਾਮੇ ਰਾਹੀਂ ਦੱਸਿਆ ਹੈ ਕਿ ਉਨ੍ਹਾਂ ਖ਼ਿਲਾਫ ਅਪਰਾਧਿਕ ਕੇਸ ਦਰਜ ਹਨ ਜਦਕਿ 23 ਫੀਸਦੀ ਖ਼ਿਲਾਫ਼ ਗੰਭੀਰ ਅਪਰਾਧਿਕ ਕੇਸ ਵੀ ਦਰਜ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਲਗਪਗ 87 ਫੀਸਦੀ ਜਾਂ 598 ਜੇਤੂ ਉਮੀਦਵਾਰ ਕਰੋੜਪਤੀ ਹਨ ਅਤੇ ਇਕ ਜੇਤੂ ਉਮੀਦਵਾਰ ਦੀ ਔਸਤ ਜਾਇਦਾਦ 8.7 ਕਰੋੜ ਰੁਪਏ ਹੈ। ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਯੂਪੀ, ਉੱਤਰਾਖੰਡ, ਮਨੀਪੁਰ ਅਤੇ ਗੋਆ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਜਦਕਿ ਪੰਜਾਬ ਵਿੱਚ ‘ਆਪ’ ਨੇ ਸ਼ਾਨਦਾਰ ਜਿੱਤ ਦਰਜ ਕੀਤੀ।