ਮੰਡੀਆਂ ‘ਚ ਝੋਨੇ ਦੀ ਪਹਿਲਾਂ ਆਮਦ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ‘ਚ ਘੱਟੋ-ਘੱਟ ਸਮਰਥਨ ਮੁੱਲ (ਐਮ. ਸੀ. ਪੀ.) ‘ਤੇ ਤਤਕਾਲ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਹਿਲਾਂ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਮੰਡੀਆਂ ‘ਚ ਫ਼ਸਲ ਦੀ ਪਹਿਲਾਂ ਆਮਦ ਹੋਣ ਕਾਰਨ ਕੇਂਦਰ ਨੇ ਅੱਜ ਤੋਂ ਹੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ਕੇਂਦਰੀ ਖੁਰਾਕ ਮੰਤਰਾਲੇ ਨੇ ਜਾਰੀ ਇਕ ਬਿਆਨ ‘ਚ ਦੱਸਿਆ ਕਿ ਹਰਿਆਣਾ ਤੇ ਪੰਜਾਬ ਦੀਆਂ ਮੰਡੀਆਂ ‘ਚ ਝੋਨੇ ਜਲਦ ਆਮਦ ਹੋਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਦੋਵੇਂ ਸੂਬਿਆਂ ‘ਚ 26 ਸਤੰਬਰ ਤੋਂ ਹੀ ਤੁਰੰਤ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ।
ਮੰਤਰਾਲੇ ਅਨੁਸਾਰ ਭਾਰਤੀ ਖ਼ੁਰਾਕ ਨਿਗਮ (ਐਫ. ਸੀ. ਆਈ.) ਸਮੇਤ ਸੂਬਾਈ ਖ਼ਰੀਦ ਏਜੰਸੀਆਂ ਸੁਚਾਰੂ ਢੰਗ ਨਾਲ ਫਸਲ ਦੀ ਖ਼ਰੀਦ ਕਰਨ ਲਈ ਤਿਆਰ ਹਨ। ਕੇਂਦਰ ਨੇ ਚਾਲੂ ਸਾਲ ਲਈ ਝੋਨੇ ਦਾ 1868 ਰੁਪਏ ਪ੍ਰਤੀ ਕੁਇੰਟਲ ਅਤੇ ‘ਏ ਗਰੇਡ’ ਕਿਸਮ ਲਈ 1888 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਘੱਟੋ ਘੱਟ ਸਮਰਥਨ ਮੁੱਲ (ਐਮ. ਐਸ. ਪੀ.) ਤੈਅ ਕੀਤਾ ਹੈ। ਸਰਕਾਰ ਨੇ ਇਸ ਸੀਜ਼ਨ ਦੌਰਾਨ ਪੰਜਾਬ ‘ਚੋਂ 113 ਲੱਖ ਟਨ ਅਤੇ ਹਰਿਆਣਾ ‘ਚੋਂ 44 ਲੱਖ ਟਨ ਝੋਨਾ ਖਰੀਦਣ ਦਾ ਟੀਚਾ ਰੱਖਿਆ ਹੈ। ਜਦੋਂਕਿ 2020-21 ਦੌਰਾਨ ਪੂਰੇ ਦੇਸ਼ ‘ਚੋਂ ਝੋਨਾ ਖਰੀਦਣ ਦਾ ਟੀਚਾ 495.37 ਲੱਖ ਟਨ ਰੱਖਿਆ ਗਿਆ ਹੈ।