ਨੌਕਰੀਪੇਸ਼ਾ ਲੋਕਾਂ ਨੂੰ ਵੱਡਾ ਝਟਕਾ, PF ਵਿਆਜ ਦਰਾਂ ‘ਚ ਕਟੌਤੀ, 4 ਦਹਾਕਿਆਂ ਦੇ ਹੇਠਲੇ ਪੱਧਰ ‘ਤੇ ਪਹੁੰਚੀ

62

ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਸ਼ਨੀਵਾਰ ਨੂੰ ਵਿੱਤੀ ਸਾਲ 2021-22 ਲਈ ਪੀਐਫ ਜਮ੍ਹਾਂ ‘ਤੇ ਵਿਆਜ ਦਰ ਨੂੰ ਘਟਾ ਕੇ 8.1 ਪ੍ਰਤੀਸ਼ਤ ਕਰਨ ਦਾ ਫੈਸਲਾ ਕੀਤਾ ਹੈ। ਇਹ ਚਾਰ ਦਹਾਕਿਆਂ ਤੋਂ ਵੱਧ ਸਮੇਂ ਵਿਚ ਸਭ ਤੋਂ ਘੱਟ ਵਿਆਜ ਦਰ ਹੈ। ਵਿੱਤੀ ਸਾਲ 2020-21 ‘ਚ ਇਹ ਦਰ 8.5 ਫੀਸਦੀ ਸੀ। ਇਸ ਤੋਂ ਪਹਿਲਾਂ EPF ‘ਤੇ ਸਭ ਤੋਂ ਘੱਟ ਵਿਆਜ ਦਰ 1977-78 ‘ਚ 8 ਫੀਸਦੀ ਸੀ।

ਦੇਸ਼ ਵਿਚ ਈਪੀਐਫਓ ਦੇ ਕਰੀਬ ਪੰਜ ਕਰੋੜ ਮੈਂਬਰ ਹਨ। ਇਕ ਸੂਤਰ ਨੇ ਕਿਹਾ, “ਈਪੀਐਫਓ ਦੀ ਸਿਖਰ ਫੈਸਲਾ ਲੈਣ ਵਾਲੀ ਸੰਸਥਾ ਸੈਂਟਰਲ ਬੋਰਡ ਆਫ ਟਰੱਸਟੀਜ਼ ਦੀ ਸ਼ਨੀਵਾਰ ਨੂੰ ਮੀਟਿੰਗ ਹੋਈ, ਜਿਸ ਵਿਚ 2021-22 ਲਈ ਈਪੀਐਫ ‘ਤੇ ਵਿਆਜ ਦਰ ਨੂੰ 8.1 ਫੀਸਦੀ ‘ਤੇ ਰੱਖਣ ਦਾ ਫੈਸਲਾ ਕੀਤਾ ਗਿਆ ਸੀ”।

ਕਿਰਤ ਮੰਤਰਾਲੇ ਦੇ ਸੂਤਰਾਂ ਅਨੁਸਾਰ ਈਪੀਐਫਓ ਦੇ ਕੇਂਦਰੀ ਟਰੱਸਟੀ ਬੋਰਡ ਨੇ ਵਿੱਤੀ ਸਾਲ 2021-2 ਲਈ 8.1% ਦੀ ਵਿਆਜ ਦਰ ਦੀ ਸਿਫਾਰਸ਼ ਕਰਨ ਦਾ ਫੈਸਲਾ ਕੀਤਾ ਹੈ। EPFO ਬੋਰਡ ਦੀ ਸਿਫਾਰਿਸ਼ ਨੂੰ ਜਲਦੀ ਹੀ ਵਿੱਤ ਮੰਤਰਾਲੇ ਨੂੰ ਭੇਜਿਆ ਜਾਵੇਗਾ। EPFO ਦੇ ਕੇਂਦਰੀ ਟਰੱਸਟੀ ਬੋਰਡ ਦੀ ਮੀਟਿੰਗ ਗੁਵਾਹਟੀ ਵਿਚ ਹੋਈ।

ਕਰਮਚਾਰੀ ਭਵਿੱਖ ਸੰਗਠਨ ਦਾ ਇਹ ਫੈਸਲਾ ਬੇਸ਼ੱਕ ਨੌਕਰੀਪੇਸ਼ਾ ਲੋਕਾਂ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਇਸ ਫੈਸਲੇ ਨੇ ਈਪੀਐਫਓ ਦੇ ਕਰੀਬ 6 ਕਰੋੜ ਲੋਕਾਂ ਨੂੰ ਝਟਕਾ ਦਿੱਤਾ ਹੈ। ਇਕ ਪਾਸੇ ਜਿੱਥੇ ਦੇਸ਼ ‘ਚ ਲੋਕ ਮਹਿੰਗਾਈ ਨਾਲ ਜੂਝ ਰਹੇ ਹਨ, ਅਜਿਹੇ ‘ਚ ਵੀ ਸਰਕਾਰ ਨੇ ਪੀਐੱਫ ‘ਤੇ ਵਿਆਜ ਘਟਾ ਦਿੱਤਾ ਹੈ। ਵਿੱਤੀ ਸਾਲ 1977-78 ਵਿਚ EPFO ​​ਨੇ 8% ਦੀ ਵਿਆਜ ਦਰ ਤੈਅ ਕੀਤੀ ਸੀ।