ਕੀਵ ’ਚ ਭਾਰਤੀ ਵਿਦਿਆਰਥੀ ਨੂੰ ਲੱਗੀਆਂ ਗੋਲੀਆਂ, ਭਾਰਤੀ ਮੰਤਰੀ ਨੇ ਕਿਹਾ ਜੰਗ ਵਿਚ ਅਜਿਹਾ ਹੀ ਹੁੰਦਾ ਹੈ

62

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਭਾਰਤੀ ਵਿਦਿਆਰਥੀ ਨੂੰ ਗੋਲੀ ਲੱਗਣ ਨਾਲ ਜ਼ਖਮੀ ਹੋਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਜ਼ਖਮੀ ਵਿਦਿਆਰਥੀ ਦਾ ਨਾਂ ਹਰਜੋਤ ਸਿੰਘ ਹੈ ਅਤੇ ਉਸ ਦਾ ਪਰਿਵਾਰ ਦਿੱਲੀ ਦੇ ਛਤਰਪੁਰ ਵਿਖੇ ਰਹਿੰਦਾ ਹੈ। ਹਰਜੋਤ ਦੀ ਹਾਲਤ ਸਥਿਰ ਹੈ। ਜਾਣਕਾਰੀ ਮੁਤਾਬਕ ਉਸ ਦੀ ਲੱਤ ਅਤੇ ਛਾਤੀ ‘ਚ ਗੋਲੀਆਂ ਲੱਗੀਆਂ ਹਨ। ਇਹ ਗੱਲ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਵੀਕੇ ਸਿੰਘ ਨੇ ਸ਼ੁੱਕਰਵਾਰ ਨੂੰ ਦਿੱਤੀ। ਉਹ ਇਸ ਸਮੇਂ ਜੰਗ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਆਪਣੇ ਗੁਆਂਢੀ ਦੇਸ਼ ਪੋਲੈਂਡ ਵਿੱਚ ਹਨ। ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ, ‘ਅੱਜ ਸਾਨੂੰ ਪਤਾ ਲੱਗਾ ਹੈ ਕਿ ਕੀਵ ਛੱਡ ਰਹੇ ਇਕ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਉਸ ਨੂੰ ਵਾਪਸ ਕੀਵ ਲਿਜਾਇਆ ਗਿਆ ਹੈ। ਜੰਗ ਵਿੱਚ ਅਜਿਹਾ ਹੁੰਦਾ ਹੈ।’

ਯੂਕਰੇਨ ਦੇ ਅਧਿਕਾਰੀਆਂ ਨੇ ਅੱਜ ਕਿਹਾ ਹੈ ਕਿ ਦੇਸ਼ ‘ਚ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ ‘ਤੇ ਰੂਸੀ ਗੋਲਾਬਾਰੀ ਕਾਰਨ ਲੱਗੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਰੂਸੀ ਬਲਾਂ ਨੇ ਇਸ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ। ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਦੇ ਬੁਲਾਰੇ ਨੇ ਕਿਹਾ ਕਿ ਦੱਖਣੀ ਯੂਕਰੇਨ ਦੇ ਸ਼ਹਿਰ ਐਨਰਹੋਦਰ ਵਿੱਚ ਪਾਵਰ ਪਲਾਂਟ ‘ਤੇ ਰੂਸੀ ਫੌਜੀ ਹਮਲੇ ਕਾਰਨ ਅੱਗ ਲਗਾ ਗਈ। ਇਸ ਹਮਲੇ ਵਿੱਚ ਯੂਕਰੇਨ ਦੇ 3 ਫ਼ੌਜੀ ਮਾਰੇ ਗਏ ਤੇ 2 ਜ਼ਖ਼ਮੀ ਹੋ ਗਏ।ਪ੍ਰਾਪਤ ਜਾਣਕਾਰੀ ਮੁਤਾਬਕ ਜ਼ਪੋਰੀਜ਼ੀਆ ਪਰਮਾਣੂ ਪਲਾਂਟ ਵਿੱਚੋਂ ਰੇਡੀਏਸ਼ਨ ਨਹੀਂ ਹੋ ਰਹੀ। ਦੇਸ਼ ਦੀ 25 ਫੀਸਦੀ ਬਿਜਲੀ ਦਾ ਉਤਪਾਦਨ ਇਸ ਸਥਾਨ ‘ਤੇ ਹੁੰਦਾ ਹੈ।

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇਸ਼ ਛੱਡ ਕੇ ਪੋਲੈਂਡ ਪੁੱਜ ਗਏ ਹਨ, ਇਹ ਦਾਅਵਾ ਰੂਸੀ ਮੀਡੀਆ ਨੇ ਕੀਤਾ ਹੈ। ਇਸ ਤੋਂ ਪਹਿਲਾਂ ਜ਼ੇਲੈਂਸਕੀ ਨੇ ਦਾਅਵਾ ਕੀਤਾ ਸੀ ਕਿ ਉਹ ਦੇਸ਼ ਛੱਡ ਕੇ ਨਹੀਂ ਜਾਣਗੇ।