ਸ਼ਿਵ ਸੈਨਾ ਦੇ ਬੁਲਾਰੇ ਤੇ ਸੰਸਦ ਮੈਂਬਰ ਸੰਜੇ ਰਾਓਤ ਨੇ ਕਿਹਾ ਹੈ ਕਿ ਐਨ.ਡੀ.ਏ. ਵਿਚ ਸ਼ਿਵ ਸੈਨਾ ਤੇ ਅਕਾਲੀ ਦਲ ਮਜ਼ਬੂਤ ਥੰਮ ਸਨ। ਸ਼ਿਵ ਸੈਨਾ ਨੂੰ ਮਜ਼ਬੂਰਨ ਐਨ.ਡੀ.ਏ. ਤੋਂ ਆਉਣਾ ਪਿਆ, ਹੁਣ ਅਕਾਲੀ ਦਲ ਵੀ ਬਾਹਰ ਆ ਗਿਆ ਹੈ। ਐਨ.ਡੀ.ਏ. ਨੂੰ ਹੁਣ ਨਵੇਂ ਸਾਥੀ ਮਿਲ ਗਏ ਹਨ। ਇਸ ਲਈ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ। ਜਿਸ ਗੱਠਜੋੜ ‘ਚ ਸ਼ਿਵ ਸੈਨਾ ਤੇ ਸ਼੍ਰੋਮਣੀ ਅਕਾਲੀ ਦਲ ਨਹੀਂ ਉਹ ਐਨ.ਡੀ.ਏ. ਨਹੀਂ ਹੋ ਸਕਦਾ।
ਅੱਜ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲੋਂ ਤੋੜ-ਵਿਛੋੜਾ ਕਰ ਲਿਆ ਗਿਆ। ਇਸ ਦਾ ਐਲਾਨ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਕਰੀਬ ਸਾਢੇ ਤਿੰਨ ਘੰਟੇ ਚੱਲੀ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਕੀਤਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਕਿਸਾਨਾਂ, ਸਿੱਖਾਂ, ਪੰਜਾਬ ਅਤੇ ਪੰਜਾਬੀ ਵਿਰੋਧੀ ਸਰਕਾਰ ਦਾ ਉਹ ਹਿੱਸਾ ਨਹੀਂ ਰਹਿ ਸਕਦੇ। ਉਨ੍ਹਾਂ ਦੇਰ ਰਾਤ ਇਸ ਸਬੰਧੀ ਐਲਾਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਬਿੱਲ ਸਿੱਧੇ ਤੌਰ ‘ਤੇ ਖੇਤੀਬਾੜੀ ‘ਤੇ ਹਮਲਾ ਹਨ ਅਤੇ ਜਦੋਂ ਅਕਾਲੀ ਦਲ ਨੂੰ ਇਨ੍ਹਾਂ ਬਿੱਲਾਂ ਵਿਚਲੀ ਸੱਚਾਈ ਦਾ ਪਤਾ ਲੱਗਾ ਤਾਂ ਅਸੀਂ ਇਸ ਦਾ ਵਿਰੋਧ ਕੀਤਾ ਪਰ ਇਸ ਫ਼ੈਸਲੇ ਬਾਰੇ ਨਾ ਤਾਂ ਅਕਾਲੀ ਦਲ ਨੂੰ ਕੁਝ ਪੁੱਛਿਆ ਗਿਆ ਅਤੇ ਨਾ ਹੀ ਕੋਈ ਸਲਾਹ ਲਈ ਗਈ