ਸ਼ਹਿਰ ਦੀ ਅਨਾਜ ਮੰਡੀ ਤੋਂ ਹਜ਼ਾਰਾਂ ਦੀ ਗਿਣਤੀ ‘ਚ ਟਰੈਕਟਰਾਂ ‘ਤੇ ਸਵਾਰ ਕਿਸਾਨਾਂ ਅਤੇ ਪਾਰਟੀ ਵਰਕਰ ਦੀ ਮੌਜੂਦਗੀ ‘ਚ ਵਿਧਾਇਕ ਰਮਿੰਦਰ ਆਵਲਾ ਨੇ ਕੇਂਦਰੀ ਖੇਤੀਬਾੜੀ ਬਿੱਲ ਦੇ ਵਿਰੋਧ ‘ਚ ਟਰੈਕਟਰ ਕਿਸਾਨ ਰੋਸ ਰੈਲੀ ਦੀ ਅਗਵਾਈ ਕੀਤੀ | ਇਸ ਮੌਕੇ ਉਮੜੇ ਜਨ ਸੈਲਾਬ ਦੌਰਾਨ ਵੱਖ-ਵੱਖ ਆਗੂਆਂ ਹਲਕਾ ਅਬੋਹਰ ਦੇ ਇੰਚਾਰਜ ਸੰਦੀਪ ਜਾਖੜ, ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਕਾਰਜਕਾਰਨੀ ਪ੍ਰਧਾਨ ਰੰਜਮ ਕਾਮਰਾ, ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਹੰਸ ਰਾਜ ਜੋਸਨ ਉਚੇਚੇ ਤੌਰ ‘ਤੇ ਹਾਜ਼ਰ ਸਨ, ਨੇ ਵੀ ਕੇਂਦਰ ਸਰਕਾਰ ਵਿਰੁੱਧ ਤਾਬੜਤੋੜ ਹਮਲੇ ਕੀਤੇ | ਟਰੈਕਟਰ ਕਿਸਾਨ ਰੈਲੀ ਦੀ ਸ਼ੁਰੂਆਤ ਵਿਧਾਇਕ ਰਮਿੰਦਰ ਆਵਲਾ ਨੇ ਕਿਸਾਨਾਂ ਦੇ ਹੱਕਾਂ ‘ਚ ਅਤੇ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇ ਲਗਾਉਂਦੇ ਹੋਏ ਝੰਡੀ ਦੇ ਕੇ ਰਵਾਨਾ ਕੀਤੀ |
ਇਹ ਰੈਲੀ ਜਲਾਲਾਬਾਦ ਦੀ ਅਨਾਜ ਮੰਡੀ ਤੋਂ ਚੱਲਦੀ ਹੋਈ ਪਿੰਡ ਮੰਨੇਵਾਲਾ, ਚੱਕ ਅਰਨੀਵਾਲਾ, ਢਾਬਾਂ, ਮਹਾਲਮ, ਵੈਰੋਕਾ, ਤਾਰੇਵਾਲਾ ਆਦਿ ਪਿੰਡਾਂ ਅੱਗੋਂ ਰਵਾਨਾ ਹੋਈ | ਅਨਾਜ ਮੰਡੀ ‘ਚ ਰੈਲੀ ਨੂੰ ਰਵਾਨਗੀ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਨੂੰ ਕੇਂਦਰ ਦੇ ਕੰਨਾਂ ਤੱਕ ਪਾਉਣ ਲਈ ਕੇਂਦਰ ਦੀ ਐਨ.ਡੀ.ਏ. ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਬਿੱਲ ਦੇ ਵਿਰੋਧ ਟਰੈਕਟਰ ਕਿਸਾਨ ਰੋਸ ਰੈਲੀ ਕੱਢੀ ਗਈ ਹੈ, ਜਿਸ ‘ਚ ਵੱਡੀ ਗਿਣਤੀ ‘ਚ ਕਿਸਾਨ, ਮਜ਼ਦੂਰਾਂ, ਆੜ੍ਹਤੀਆਂ ਤੇ ਹੋਰ ਕਿੱਤੇ ਦੇ ਲੋਕਾਂ ਤੋਂ ਇਲਾਵਾ ਕਾਂਗਰਸੀ ਵਰਕਰਾਂ ਨੇ ਭਾਗ ਲੈ ਕੇ ਸਾਬਤ ਕਰ ਦਿੱਤਾ ਹੈ ਕਿ ਕੇਂਦਰ ਦੇ ਮਾਰੂ ਫ਼ੈਸਲੇ ਨੂੰ ਕਿਸੇ ਵੀ ਕੀਮਤ ‘ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ