ਕਨੇਡਾ – ਪੰਜਾਬੀ ਨੂੰ ਨਸ਼ੀਲੇ ਪਦਾਰਥਾਂ ਦੇ ਦੋਸ਼ ‘ਚ 10 ਸਾਲ ਸਜ਼ਾ

203

ਪੰਜਾਬੀ ਮੂਲ ਦੇ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਦੇ ਦੋਸ਼ ‘ਚ 10 ਸਾਲ ਸਜ਼ਾ

ਕੈਲਗਰੀ, 12 ਫਰਵਰੀ (ਜਸਜੀਤ ਸਿੰਘ ਧਾਮੀ)—ਕੈਲਗਰੀ ਵਾਸੀ ਪੰਜਾਬੀ ਮੂਲ ਦੇ ਇੱਕ ਵਿਅਕਤੀ ਨੂੰ ਸ਼ਹਿਰ ਦੇ ਇਤਿਹਾਸ ਵਿਚ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਬਰਾਮਦਗੀ ਵਿਚ ਦੋਸ਼ੀ ਠਹਿਰਾਇਆ ਹੈ, ਜਿਸ ਨੂੰ ਕੋਕੀਨ ਅਤੇ ਮੈਥਾਮਫੇਟਾਮਾਈਨ ਦੀ ਤਸਕਰੀ ਲਈ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ¢ ਪੁਲਿਸ ਅਫਸਰ ਦੇ ਦੱਸਣ ਮੁਤਾਬਕ ਨਵਜੋਤ ਸਿੰਘ ਨੂੰ ਬਰੂਕਸ ਵਿਚ ਇੱਕ ਸੈਮੀ-ਟ੍ਰੇਲਰ ਤੋਂ ਬੈਗ ਇੱਕਠੇ ਕਰਨ ਤੋਂ ਬਾਅਦ ਇਕ ਮਿਨੀਵੈਨ ਵਿਚ ਲਗਭਗ 40 ਲੱਖ ਡਾਲਰ ਦੇ ਨਸ਼ੀਲੇ ਪਦਾਰਥਾਂ ਦੇ ਚਾਰ ਡਫਲ ਬੈਗਾਂ ਸਮੇਤ ਫੜਿਆ ਗਿਆ ਸੀ |

ਬੈਗਾਂ ਵਿਚ ਕਰੀਬ 66 ਕਿਲੋਗ੍ਰਾਮ ਕੋਕੀਨ ਅਤੇ 30 ਕਿਲੋਗ੍ਰਾਮ ਮੈਥ ਸੀ ¢ ਸਰਕਾਰੀ ਵਕੀਲ ਸਕਾਟ ਕੂਪਰ ਨੇ 13 ਸਾਲ ਦੀ ਸਜ਼ਾ ਦਾ ਪ੍ਰਸਤਾਵ ਦਿੱਤਾ, ਜਦੋਂ ਕਿ ਬਚਾਅ ਪੱਖ ਦੇ ਵਕੀਲ ਗ੍ਰੇਗ ਡਨ ਨੇ ਦਲੀਲ ਦਿੱਤੀ ਕਿ ਉਸ ਦੇ ਮੁਵੱਕਿਲ ਨੂੰ ਚਾਰ ਤੋਂ ਅੱਠ ਸਾਲ ਦੀ ਸਜ਼ਾ ਮਿਲਣੀ ਚਾਹੀਦੀ ਹੈ ¢ ਨਿਊਫੀਲਡ ਨੇ ਸ਼ੁੱਕਰਵਾਰ ਨੂੰ ਡਰੱਗ ਤਸਕਰ ਨੂੰ 10 ਸਾਲ ਦੀ ਸਜ਼ਾ ਸੁਣਾਈ ¢

ਕੈਨੇਡਾ ਵਿਖੇ ਮੰਦਰਾਂ ‘ਚ ਚੋਰੀਆਂ ਦੀਆਂ ਘਟਨਾਵਾਂ ਦੀ ਚਰਚਾ

ਟੋਰਾਂਟੋ, 12 ਫਰਵਰੀ (ਸਤਪਾਲ ਸਿੰਘ ਜੌਹਲ) – ਕੈਨੇਡਾ ਵਿਖੇ ਦੱਖਣੀ ਉਂਟਾਰੀਓ ਅਤੇ ਵਿਸ਼ੇਸ਼ ਤੌਰ ‘ਤੇ ਟੋਰਾਂਟੋ ਇਲਾਕੇ ਵਿਚ ਹਿੰਦੂ ਮੰਦਰਾਂ ਵਿਚੋਂ ਰਾਤ ਸਮੇਂ ਚੋਰੀਆਂ ਕਰਨ ਦੀਆਂ ਘਟਨਾਵਾਂ ਬੀਤੇ ਹਫਤਿਆਂ ਦੌਰਾਨ ਵਧੀਆਂ ਹਨ ਜਿਨ੍ਹਾਂ ਦੀ ਜਾਂਚ ਪੀਲ ਅਤੇ ਹਮਿਲਟਨ ਪੁਲਿਸ ਵਿਭਾਗਾਂ ਵਲੋਂ ਕੀਤੀ ਜਾ ਰਹੀ ਹੈ ਅਤੇ ਕੁਝ ਸ਼ੱਕੀਆਂ ਦੀ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ | ਹੈਮਿਲਟਨ ਸ਼ਹਿਰ ਵਿੱਚ ਹਿੰਦੂ ਸਮਾਜ ਮੰਦਿਰ ਵਿਚ ਰਾਤ ਦੇ ਤਕਰੀਬਨ 3 ਵਜੇ ਦਾਖਿਲ ਹੋ ਕੇ ਚੋਰਾਂ ਵਲੋਂ ਨਕਦੀ ਤੇ ਬਾਂਸਰੀ ਚੋਰੀ ਕੀਤੇ ਜਾਣ ਦੀ ਰਿਪੋਰਟ ਪੁਲਿਸ ਨੂੰ ਮਿਲੀ ਹੈ | ਇਸੇ ਤਰ੍ਹਾਂ ਮਿਸੀਸਾਗਾ ‘ਚ ਹਿੰਦੂ ਹੈਰੀਟੇਜ ਮੰਦਿਰ ਅਤੇ ਬਰੈਂਪਟਨ ‘ਚ ਚਿੰਤਪੁਰਨੀ ਮੰਦਿਰ ਤੇ ਗੌਰੀ ਸ਼ੰਕਰ ਮੰਦਿਰ ਦੀਆਂ ਗੋਲਕਾਂ ਵਿੱਚੋਂ ਵੀ ਬੀਤੇ ਦਿਨੀਂ ਚੋਰੀਆਂ ਹੋਣ ਦੀਆਂ ਖਬਰਾਂ ਮਿਲੀਆਂ ਹਨ | ਪੀਲ ਪੁਲਿਸ ਦਾ ਦਾਅਵਾ ਹੈ ਕਿ ਖੇਤਰ ਵਿੱਚ ਇਕ ਸ਼ੱਕੀ ਸਰਗਰਮ ਹੈ ਜੋ ਵੱਖ ਵੱਖ ਥਾਵਾਂ ‘ਤੇ ਜਾ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ | ਘਟਨਾ ਸਥਾਨ ਤੋਂ ਕੈਮਰਿਆਂ ਦੀਆਂ ਤਸਵੀਰਾਂ ਦੇ ਅਧਾਰ ‘ਤੇ ਪੁਲਿਸ ਦੀ ਜਾਂਚ ਅੱਗੇ ਵੱਧ ਰਹੀ ਹੈ