ਕਨੇਡਾ ਵਿਚ ਸਾਬਕਾ ਕਬੱਡੀ ਪ੍ਰਮੋਟਰ ਦੀ ਮਿਲੀ ਲਾਸ਼

187

ਸਰੀ ‘ਚ ਕੱਲ੍ਹ ਸ਼ਾਮ ਫਰੇਜ਼ਰ ਹਾਈਟਸ ਵਿਖੇ ਗੋਲੀਆਂ ਨਾਲ ਮਾਰਿਆ ਗਿਆ ਨੌਜਵਾਨ ਸਰੀ ਦੇ ਇੱਕ ਪੁਰਾਣੇ ਨਾਮਵਰ ਪੰਜਾਬੀ ਪਰਿਵਾਰ ‘ਚੋਂ ਸੀ, ਜਿਸਦਾ ਨਾਮ ਜੁਵਰਾਜ ਜੱਬਲ (24) ਦੱਸਿਆ ਗਿਆ ਹੈ। ਇਸ ਨੌਜਵਾਨ ‘ਤੇ ਪਹਿਲਾਂ ਵੀ ਕਾਤਲਾਨਾ ਹਮਲਾ ਹੋਇਆ ਸੀ ਪਰ ਬਚ ਗਿਆ ਸੀ।

ਇਸਦੇ ਨਾਲ ਹੀ ਗੁਆਂਢੀ ਸ਼ਹਿਰ ਲੈਂਗਲੀ ਦੀ 224 ਸਟਰੀਟ ਅਤੇ 16 ਐਵੇਨਿਊ ਤੋਂ ਲੱਭੀ ਲਾਸ਼ ਇੱਕ ਸਾਬਕਾ ਕਬੱਡੀ ਪ੍ਰਮੋਟਰ ਸਰਬਜੀਤ ਸੰਧਰ ਉਰਫ ਨਿੱਕੂ ਦੀ ਦੱਸੀ ਜਾ ਰਹੀ ਹੈ, ਜਿਸਦਾ ਨਾਮ ਪਹਿਲਵਾਨ ਜਗਦੀਸ਼ ਭੋਲੇ ਨਾਲ ਜੁੜੇ ਡਰੱਗ ਤਸਕਰੀ ਦੇ ਮਾਮਲੇ ‘ਚ ਵੀ ਆਇਆ ਸੀ।

ਦੋਵੇਂ ਮਾਮਲੇ ਗੈਂਗ ਹਿੰਸਾ ਅਤੇ ਡਰੱਗਜ਼ ਨਾਲ ਸੰਬੰਧਤ ਹਨ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਟਰੱਕਾਂ ਵਾਲਿਆਂ ਦੇ ਰੋਸ ਮੁਜ਼ਾਹਰੇ ਕਾਰਨ ਸਥਿਤੀ ਬਣ ਰਹੀ ਹੈ ਪੇਚੀਦਾ

ਕਰੋਨਾ ਪਾਬੰਦੀਆਂ ਵਿਰੁੱਧ ਮੁਜ਼ਾਹਰੇ ਕੈਨੇਡਾ ਦੀ ਰਾਜਧਾਨੀ ਤੋਂ ਬਾਅਦ ਹੋਰ ਸ਼ਹਿਰਾਂ ‘ਚ ਵੀ ਹੋਣ ਲੱਗੇ ਹਨ। ਅਲਬਰਟਾ ਅਤੇ ਓਂਟਾਰੀਓ ਦੀਆਂ ਅਮਰੀਕਾ ਨਾਲ ਲੱਗਦੀਆਂ ਸਰਹੱਦਾਂ ‘ਤੇ ਜਾਮ ਲਾਉਣ ਤੋਂ ਬਾਅਦ ਸਰੀ ਨਾਲ ਲੱਗਦੀ ਸਰਹੱਦ ‘ਤੇ ਵੀ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ। ਹਾਲ ਦੀ ਘੜੀ ਇਹ ਸਿਰਫ ਮੁਜ਼ਾਹਰਾ ਤੇ ਬਾਰਬੀਕਿਊ ਪਾਰਟੀ ਹੀ ਕਹੀ ਜਾ ਸਕਦੀ ਹੈ ਪਰ ਇਹ ਇਕੱਠ ਵਧਦਿਆਂ ਦੇਰ ਨਹੀਂ ਲੱਗਣੀ।
ਬੀਸੀ ਦੇ ਮੁੱਖ ਮੰਤਰੀ ਜੌਨ ਹੌਰੇਗਨ ਨੇ ਅੱਜ ਕਿਹਾ ਹੈ ਕਿ ਉਹ ਮੁਜ਼ਾਹਰਕਾਰੀਆਂ ਦੇ ਦਬਾਅ ਹੇਠ ਪਾਬੰਦੀਆਂ ਨਹੀਂ ਹਟਾਉਣਗੇ ਬਲਕਿ ਜਦ ਸਿਹਤ ਮਾਹਰ ਕਹਿਣਗੇ, ਉਦੋਂ ਹਟਾਉਣਗੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ