ਕੈਪਟਨ ਕਹਿੰਦੈ ਮੇਰੀ ਪਿੱਠ ਵਿੱਚ ਛੁਰਾ ਮਾਰਿਆ, ਪਿੱਠ ਵਿੱਚ ਕਿੱਥੇ ਮਾਰਿਆ ਮੈਂ ਤਾਂ ਸਾਹਮਣਿਉਂ ਮਾਰਿਆ: ਚੰਨੀ

199

ਡੇਰਾ ਬਾਬਾ ਨਾਨਕ, 8 ਫ਼ਰਵਰੀ, 2022-ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ’ਤੇ ਤਿੱਖਾ ਅਤੇ ਅਨੋਖ਼ਾ ਪ੍ਰਤੀਕਰਮ ਦਿੱਤਾ ਹੈ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਚੰਨੀ ਨੇ ਮੇਰੀ ਪਿੱਠ ਵਿੱਚ ਛੁਰਾ ਮਾਰਿਆ ਹੈ।

ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖ਼ਜਿੰਦਰ ਸਿੰਘ ਰੰਧਾਵਾ ਦੇ ਚੋਣ ਪ੍ਰਚਾਰ ਲਈ ਮੰਗਲਵਾਰ ਡੇਰਾ ਬਾਬਾ ਨਾਨਕ ਪੁੱਜੇ ਸ: ਚੰਨੀ ਨੇ ਕਿਹਾ ਕਿ ਕੈਪਟਨ ਕਹਿੰਦੈ ਬਈ ਮੈਂ ਉਹਦੀ ਪਿੱਠ ਵਿੱਚ ਛੁਰਾ ਮਾਰਿਆ, ਪਿੱਠ ਵਿੱਚ ਕਿੱਥੇ ਮਾਰਿਆ, ਮੈਂ ਤਾਂ ਸਾਹਮਣੇ ਮਾਰਿਆ। ਉਹਨਾਂ ਸ: ਸੁਖਜਿੰਦਰ ਸਿੰਘ ਰੰਧਾਵਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਸੀਂ ਇਕੱਠੇ ਹੋ ਕੇ ਲੜਾਈ ਲੜੀ ਅਤੇ ਸਪਸ਼ਟ ਆਖ਼ਿਆ ਸੀ ਕਿ ਤੁਸੀਂ ਮਿਲੇ ਹੋਏ ਹੋ ਤੁਹਾਨੂੰ ਉਤਾਰਣਾ ਹੈ।

ਉਹਨਾਂ ਨੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਸੰਬੋਧਤ ਹੁੰਦਿਆਂ ਆਖ਼ਿਆ ਕਿ ਹਲਕੇ ਦੇ ਲੋਕ ਤੈਅ ਕਰ ਲੈਣ ਕਿ ਉਹਨਾਂ ਨੇ ਇਕ ਵਿਧਾਇਕ ਚੁਣਨਾ ਹੈ ਜਾਂ ਫ਼ਿਰ ਸਿੱਧੇ ਹੀ ਉਪ ਮੁੱਖ ਮੰਤਰੀ ਚੁਣਨਾ ਹੈ। ਉਨ੍ਹਾਂ ਆਖ਼ਿਆ ਕਿ ਕਿਸੇ ਹੋਰ ਨੂੰ ਚੁਣਿਆ ਤਾਂ ਉਹ ਕੇਵਲ ਵਿਧਾਇਕ ਹੋਵੇਗਾ ਜਦਕਿ ਸ: ਸੁਖ਼ਜਿੰਦਰ ਸਿੰਘ ਰੰਧਾਵਾ ਨੂੰ ਚੁਣਿਆ ਤਾਂ ਉਹ ਸਿੱਧੇ ਉਪ ਮੁੱਖ ਮੰਤਰੀ ਦੇ ਰੂਪ ਵਿੱਚ ਸਰਕਾਰ ਚਲਾਉਣਗੇ।

ਸ: ਚੰਨੀ ਨੇ ਕੇਂਦਰ ਸਰਕਾਰ ’ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋ ਰਹੀਆਂ ਚੋਣਾਂ ਕੋਈ ਆਮ ਚੋਣਾਂ ਨਹੀਂ ਹਨ। ਇਸ ਵਿੱਚ ਤਾਂ ਕੇਂਦਰੀ ਏਜੰਸੀਆਂ ਵੀ ਲੱਗੀਆਂ ਹੋਈਆਂ ਹਨ। ਜਿਹੜਾ ਕੰਮ ਪਾਰਟੀਆਂ ਨੇ ਕਰਨਾ ਹੁੰਦੈ, ਉਹ ਏਜੰਸੀਆਂ ਕਰ ਰਹੀਆਂ ਹਨ। ਉਨ੍ਹਾਂ ਆਖ਼ਿਆ ਕਿ ਹਰ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।