ਡਾ: ਨਵਜੋਤ ਕੌਰ ਸਿੱਧੂ ਦਾ ਮੁੱਖ ਮੰਤਰੀ ਚੰਨੀ ’ਤੇ ਵੱਡਾ ਹਮਲਾ, ਕਿਹਾ ਰਾਹੁਲ ਨੂੰ ਕੀਤਾ ਗਿਆ ਗੁਮਰਾਹ

196

ਅੰਮ੍ਰਿਤਸਰ, 8 ਫ਼ਰਵਰੀ, 2022:ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਵਜੋਂ ਸ:ਚਰਨਜੀਤ ਸਿੰਘ ਚੰਨੀ ਦੇ ਐਲਾਨ ਤੋਂ ਬਾਅਦ ਸਟੇਜ ਤੋਂ ਭਾਵੇਂ ਚੰਨੀ-ਸਿੱਧੂ ਦੀਆਂ ਜੱਫ਼ੀਆਂ ਪੈਣ ਦੇ ਵੀਡੀਓ ਵਾਇਰਲ ਹੋਈ ਜਾਣ ਪਰ ਅਸਲ ਗੱਲ ਇਹ ਹੈ ਕਿ ਰੌਲਾ ਅਜੇ ਮੁੱਕਿਆ ਨਹੀਂ ਅਤੇ ਆਉੈਣ ਵਾਲੇ ਦਿਨਾਂ ਵਿੱਚ ਠੰਢ ਦਾ ਅਸਰ ਘਟਣ ਅਤੇ ਗਰਮੀ ਵਧਣ ਦੇ ਆਸਾਰ ਹਨ। ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ‘ਪਿਕਚਰ ਅਭੀ ਬਾਕੀ ਹੈ ਦੋਸਤ।’

ਜਿੱਥੇ ਅੱਜ ਅੰਮ੍ਰਿਤਸਰ ਵਿੱਚ ਪ੍ਰਦੇਸ਼ ਕਾਂਗਰਸ ਪ੍ਰਧਾਨ ਸ:ਨਵਜੋਤ ਸਿੰਘ ਸਿੱਧੂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਸ:ਚਰਨਜੀਤ ਸਿੰਘ ਚੰਨੀ ਨੂੰ ਛੋਟਾ ਭਰਾ ਆਖ਼ ਰਹੇ ਸਨ ਉੱਥੇ ਹੀ ਉਨ੍ਹਾਂ ਦੀ ਧਰਮਪਤਨੀ ਡਾ: ਨਵਜੋਤ ਕੌਰ ਸਿੱਧੂ ਆਉਣ ਵਾਲੇ ਦਿਨਾਂ ਦਾ ਏਜੰਡਾ ਸੈੱਟ ਕਰ ਰਹੇ ਸਨ, ਸਮਝਾ ਰਹੇ ਸਨ ਕਿ ਕਹਾਣੀ ਅਜੇ ਮੁੱਕ ਨਹੀਂ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਸਿੱਧੂ ਨੇ ਕਿਹਾ ਕਿ ਸ:ਚੰਨੀ ਨੂੰ ਗਰੀਬ ਦੱਸੇ ਜਾਣ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉਹ ਕੋਈ ਗਰੀਬ ਆਦਮੀ ਨਹੀਂ ਹੈ। ਉਹ ਸਾਡੇ ਤੋਂ ਜ਼ਿਆਦਾ ਅਮੀਰ ਹੈ। ਉਸਦਾ ਘਰ ਵੇਖ਼ ਲਉ, ਆਮਦਨ ਕਰ ਦੀ ਰਿਟਰਨ ਵੇਖ਼ ਲਉ। ਉਹ ਬੜਾ ਅਮੀਰ ਆਦਮੀ ਹੈ, ਉਸ ਕੋਲ ਬਹੁਤ ਵੱਡਾ ਘਰ ਹੈ, ਉਸਨੂੂੰ ਗ਼ਰੀਬ ਦੱਸਣਾ ਕੋਈ ਠੀਕ ਗੱਲ ਨਹੀਂ ਹੈ।

ਸ੍ਰੀਮਤੀ ਸਿੱਧੂ ਨੇ ਆਖ਼ਿਆ ਕਿ ਪੈਸੇ ਘੱਟ ਜਾਂ ਵੱਧ ਹੋਣਾ ਕਿਸੇ ਨੂੂੰ ਇੱਡੀ ਵੱਡੀ ਪੁਜ਼ੀਸ਼ਨ ’ਤੇ ਬਿਠਾ ਦੇਣ ਦਾ ਆਧਾਰ ਨਹੀਂ ਹੋਣਾ ਚਾਹੀਦਾ। ਉਸਦੀ ਮੈਰਿਟ, ਉਸਦਾ ਕੰਮ, ਉਸਦੀ ਸਿੱਖ਼ਿਆ, ਉਸਦੀ ਇਮਾਨਦਾਰੀ ਵੇਖ਼ ਕੇ ਫ਼ੈਸਲਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਫ਼ੈਸਲੇ ਮੈਰਿਟ ’ਤੇ ਹੋਣੇ ਚਾਹੀਦੇ ਹਨ ਨਹੀਂ ਤਾਂ ਸੂਬਾ ਤਰੱਕੀ ਨਹੀਂ ਕਰੇਗਾ।

ਉਹਨਾਂ ਆਖ਼ਿਆ ਕਿ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਦੇ ਮਾਮਲੇ ਵਿੱਚ ਸ੍ਰੀ ਰਾਹੁਲ ਗਾਂਧੀ ਨੂੰ ਗੁਮਰਾਹ ਕੀਤਾ ਗਿਆ ਹੈ।

ਸ੍ਰੀਮਤੀ ਸਿੱਧੂ ਨੇ ਕਿਹਾ ਕਿ ਮੈਂ ਇਹ ਗੱਲ ਮੇਰੇ ਪਤੀ ਹੋਣ ਕਰਕੇ ਨਹੀਂ ਕਹਿ ਰਹੀ ਸਗੋਂ ਉਨ੍ਹਾਂ ਦੀ ਮੈਰਿਟ ’ਤੇ ਕਹਿ ਰਹੀ ਹਾਂ ਕਿ ਸਿੱਧੂ ਇਕ ਬਿਹਤਰ ਚੋਣ ਹੁੰਦੇ। ਉਨ੍ਹਾਂ ਕਿਹਾ ਕਿ ਸਿੱਧੂ ਆਪਣਾ ਪੰਜਾਬ ਮਾਡਲ ਲਾਗੂ ਕਰਨ ਤਾਂ 6 ਮਹੀਨਿਆਂ ਵਿੱਚ ਹੀ ਪੰਜਾਬ ਸੰਕਟ ਵਿੱਚੋਂ ਬਾਹਰ ਹੋ ਜਾਂਦਾ।

ਮੰਗਲਵਾਰ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਸਿੰਧੂ ਦੇ ਪੰਜਾਬ ਮਾਡਲ ਬਾਰੇ ਕੀਤੇ ਇਕ ਸਵਾਲ ਦਾ ਜਵਾਬ ਦਿੰਦਿਆਂ ਸ੍ਰੀਮਤੀ ਸਿੱਧੂ ਨੇ ਕਿਹਾ ਕਿ ਜੇ ਰਾਜ ਅੰਦਰ ਪੰਜਾਬ ਮਾਡਲ ਲਾਗੂ ਨਾ ਹੋਇਆ ਤਾਂ ਲੜਾਈ ਲੜਾਂਗੇ। ਇਹ ਪੁੱਛੇ ਜਾਣ ’ਤੇ ਕੀ ਆਪਣੀ ਸਰਕਾਰ ਖਿਲਾਫ਼ ਧਰਨਾ ਦਿਉਗੇ, ਉਨ੍ਹਾਂ ਸਪਸ਼ਟਆਖ਼ਿਆ ਕਿ ਮੇਰੀ ਦਰੀ ਤਾਂ ਹਰ ਵੇਲੇ ਮੇਰੀ ਗੱਡੀ ਵਿੱਚ ਹੀ ਪਈ ਹੁੰਦੀ ਹੈ।