ਗੁਰਮੁਖੀ ਦੀ ਪ੍ਰੀਖਿਆ ‘ਚੋਂ ਫੇਲ੍ਹ ਹੋਏ ਮਨਜਿੰਦਰ ਸਿਰਸਾ ! 46 ਸ਼ਬਦਾਂ ‘ਚੋਂ 27 ਲਿਖੇ ਗ਼ਲਤ ?

185

ਗੁਰਮੁਖੀ ਪ੍ਰੀਖਿਆ ਚੋਂ ਫੇਲ੍ਹ ਹੋਏ ਸਿਰਸਾ, ਦਿੱਲੀ ਕਮੇਟੀ ਦੇ ਪ੍ਰਧਾਨ ਬਣਨ ਤੋਂ ਅਯੋਗ ਕਰਾਰ:

ਦਿੱਲੀ ਗੁਰਦੁਆਰਾ ਐਕਟ 1971 ਦੇ ਸੈਕਸ਼ਨ 10 ਤਹਿਤ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਕਮੇਟੀ ਦਾ ਪ੍ਰਧਾਨ ਬਣਨ ਲਈ ਗੁਰਮੁਖੀ ਦਾ ਗਿਆਨ ਹੋਣਾ ਜਰੂਰੀ ਹੈ। ਇਸ ਦੇ ਸਬੂਤ ਵਜੋਂ ਸਿਰਸਾ ਨੇ ਸਕੂਲ ਅਤੇ ਕਾਲਜ ਦੇ ਸਰਟੀਫੀਕੇਟ ਪੇਸ਼ ਕੀਤੇ ਪਰ ਗੁਰਦੁਆਰਾ ਚੋਣਾਂ ਦੇ ਡਾਇਰੈਕਟਰ ਨੇ ਦੋਵੇਂ ਸਰਟੀਫੀਕੇਟ ਦਿੱਲੀ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਤੋਂ ਜਾਰੀ ਹੋਣ ਕਾਰਣ ਸ਼ੱਕ ਪ੍ਰਗਟ ਕਰਦਿਆਂ ਮੌਕੇ ਤੇ ਪ੍ਰੀਖਿਆ ਲੈਣ ਦਾ ਫੈਸਲਾ ਕੀਤਾ।

ਇਸ ਪ੍ਰੀਖਿਆ ਚ ਸਿਰਸਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ੧੩੫੮ ਤੋਂ ਬਾਣੀ ਪੜਨ ਲਈ ਕਿਹਾ ਪਰ ਸਿਰਸਾ ਬਾਣੀ ਦਾ ਸ਼ੁੱਧ ਉਚਾਰਣ ਨਾ ਕਰ ਸਕੇ। ਇਸ ਤੋਂ ਬਾਅਦ ਸਿਰਸਾ ਨੇ ਬਾਣੀ ਤੋਂ ਇਲਾਵਾ ਹੋਰ ਕਿਸੇ ਸ੍ਰੋਤ ਤੋਂ ਗੁਰਮੁਖੀ ਪੜ੍ਹਨ ਲਈ ਅਰਜ਼ੀ ਲਿਖੀ ਜਿਸ ਵਿਚ ਵਰਤੇ 46 ਸ਼ਬਦਾਂ ਚੋਂ 27 ਗਲਤ ਸਨ।

ਡਾਇਰੈਕਟਰ ਨੇ ਮਨਜਿੰਦਰ ਸਿੰਘ ਸਿੰਘ ਸਿਰਸਾ ਦੀਆ ਇਹਨਾਂ ਗਲਤੀਆਂ ਕਾਰਣ ਉਸਨੂੰ ਪ੍ਰਧਾਨ ਬਣਨ ਤੋਂ ਅਯੋਗ ਕਰਾਰ ਦੇ ਦਿੱਤਾ। ਇਸ ਤੋਂ ਪਹਿਲਾਂ ਸਿਰਸਾ ਪਰਮਜੀਤ ਸਿੰਘ ਸਰਨਾ ਹੱਥੋਂ ਚੋਣਾਂ ਹਾਰ ਗਏ ਸਨ ਅਤੇ ਸ਼੍ਰੋਮਣੀ ਕਮੇਟੀ ਵਲੋਂ ਭੇਜੇ ਜਾਂਦੇ ਇਕ ਮੈਂਬਰ ਦੀ ਹੈਸੀਅਤ ਨਾਲ ਪ੍ਰਧਾਨ ਬਣਨ ਜਾ ਰਹੇ ਸਨ।

ਜੇ ਹੋ ਸਕੇ ਤਾਂ ਬਾਕੀ ਮੈਂਬਰਾਂ ਦਾ ਵੀ ਇਹ ਪਰਚਾ ਲੈਣਾ ਚਾਹੀਦਾ ਹੈ । ਇਸ ਐਕਟ ਅਧੀਨ ਜੇਕਰ ਕੋਈ ਮੈਂਬਰ ਬਣ ਜਾਂਦਾ ਹੈ , ਕਿਸੇ ਚੋਰ ਮੋਰੀ ਥਣੀ ਪਰ ਬਾਅਦ ਵਿਚ ਇਹ ਪਤਾ ਲੱਗ ਜਾਵੇ ਕਿ ਉਹ ਗੁਰਮੁਖੀ ਵਾਲੇ ਪਾਸੇ ਤੋਂ ਪੈਦਲ ਹੈ ਤਾਂ ਉਸ ਤੋਂ 300 ਰੁਪਏ ਹਰ ਮੀਟਿੰਗ ਦੇ ਹਿਸਾਬ ਨਾਲ , ਜਿਨ੍ਹਾਂ ਵਿੱਚ ਉਹ ਸ਼ਾਮਲ ਹੋਇਆ ਜ਼ੁਰਮਾਨਾ ਵੀ ਵਸੂਲਿਆ ਜਾਂਦਾ ਹੈ । ਸਾਬਕਾ ਪ੍ਰਧਾਨ , ਮੈਂਬਰੀ ਤੋਂ ਵੀ ਗਿਆ , ਹੁਣ ਨਾਲ ਜ਼ੁਰਮਾਨਾ ਵੀ ਵਸੂਲਣਾ ਚਾਹੀਦਾ ਹੈ । ਦਿੱਲੀ ਕਮੇਟੀ ਦੇ ਚੁਣੇ ਹਰ ਧੜੇ ਦੇ ਬੰਦੇ ਦੀ ਪ੍ਰੀਖਿਆ ਹੋਣੀ ਚਾਹੀਦੀ ਹੈ । ਸ਼੍ਰੋਮਣੀ ਕਮੇਟੀ ਨੂੰ ਨਾਮਜਦਗੀ ਕਰਨ ਲਗਿਆ ਬਾਦਲ ਦੀ ਲੱਤ ਥੱਲੋਂ ਲੰਘਣ ਨਾਲੋਂ ਗੁਰੂ ਪੰਥ ਪ੍ਰਤੀ ਵਫਾਦਾਰੀ ਵੱਲ ਧਿਆਨ ਦੇਣਾ ਚਾਹੀਦਾ ।
ਬਲਦੀਪ ਸਿੰਘ ਰਾਮੂੰਵਾਲੀਆ