Breaking News
Home / International / ਕੀ ਅਫਗਸਨਿਸਤਾਨ ਦੇ ਇਤਿਹਾਸਕ ਗੁਰਦਵਾਰੇ ਤੇ ਕਾਬਲ ਦੀ ਸਿੱਖ ਸੰਗਤ ਦੀ ਵਿਰਾਸਤ ਖਤਮ ਹੋ ਜਾਊ ?

ਕੀ ਅਫਗਸਨਿਸਤਾਨ ਦੇ ਇਤਿਹਾਸਕ ਗੁਰਦਵਾਰੇ ਤੇ ਕਾਬਲ ਦੀ ਸਿੱਖ ਸੰਗਤ ਦੀ ਵਿਰਾਸਤ ਖਤਮ ਹੋ ਜਾਊ ?

ਅਫ਼ਗਾਨਿਸਤਾਨ ਦੇ ਵਿੱਚ ਵੱਸਦੇ ਸਿੱਖ ਕੋਈ ਪੰਜਾਹ-ਸੌ ਸਾਲ ਤੋਂ ਨਹੀਂ ਵੱਸ ਰਹੇ ਸਗੋਂ ਇਹ ਉਹ ਅਫਗਾਨੀ ਸਿੱਖ ਹਨ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਿੱਖੀ ਨੂੰ ਸੰਭਾਲਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜਦੋਂ ਪੱਛਮ ਦੀ ਉਦਾਸੀ ‘ਤੇ ਗਏ ਤਾਂ ਬੜੇ ਸਾਰੇ ਅਫਗਾਨੀਆਂ ਨੇ ਗੁਰੂ ਸਾਹਿਬ ਤੋਂ ਸਿੱਖੀ ਦੀ ਦਾਤ ਪ੍ਰਾਪਤ ਕਰ ਉਨ੍ਹਾਂ ਦੇ ਸੇਵਕ ਬਣੇ। ਉਸ ਤੋਂ ਬਾਅਦ ਬਾਬਾ ਸ੍ਰੀਚੰਦ ਜੀ ਅਤੇ ਹੋਰ ਉਦਾਸੀ ਸਿੱਖਾਂ ਨੇ ਵੀ ਉੱਥੇ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਤੇ ਪਸਾਰ ਕੀਤਾ।

ਸਿਖ ਇਤਿਹਾਸ ਵਿੱਚ ਹਵਾਲੇ ਮਿਲਦੇ ਹਨ ਕਿ ਕਾਬਲ, ਕੰਧਾਰ, ਗਜ਼ਨੀ, ਜਲਾਲਾਬਾਦ ਦੀਆਂ ਸਿੱਖ ਸੰਗਤਾਂ ਕਈ ਵਾਰ ਪੰਜਾਬ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਇਆ ਕਰਦੀਆਂ ਸਨ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੀ ਇਕ ਕਾਬਲ ਦੀ ਸੰਗਤ ਨੂੰ ਲਿਖਿਆ ਹੁਕਮਨਾਮਾ ਮਿਲਦਾ ਹੈ।

ਇਨ੍ਹਾਂ ਅਫ਼ਗਾਨੀ ਸੰਗਤਾਂ ਨੇ ਪੰਜ ਗੁਰਦੁਆਰੇ ਕੰਧਾਰ, ਇੱਕ ਗਜ਼ਨੀ, ਸੱਤ ਕਾਬਲ, ਇਕ ਜਲਾਲਾਬਾਦ, ਇੱਕ ਸੁਲਤਾਨਪੁਰ ਸਥਾਪਤ ਕੀਤੇ ਜਿਨ੍ਹਾਂ ਵਿਚੋਂ ਜ਼ਿਆਦਾਤਰ ਗੁਰੂ ਨਾਨਕ ਸਾਹਿਬ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਹਨ।

ਅਫਗਾਨੀ ਸਿੱਖ ਸਿਦਕ ਅਤੇ ਭਰੋਸੇ ਦੇ ਪੱਕੇ ਸਨ। ਬੜੀਆਂ ਤੱਤੀਆਂ ਠੰਢੀਆਂ ਹਵਾਵਾਂ ਵਗੀਆਂ। ਪਹਿਲਾ ਧੱਕਾ ਇਨ੍ਹਾਂ ਨੂੰ 1849 ਵਿੱਚ ਖ਼ਾਲਸਾ ਰਾਜ ਜਾਣ ਦਾ ਲੱਗਾ। ਉਸ ਤੋਂ ਬਾਅਦ 47 ‘ਚ ਪਾਕਿਸਤਾਨ ਬਣਿਆ ਤਾਂ ਕਾਬਲ ਜਲਾਲਾਬਾਦ ਦੀ ਸੰਗਤ ਨਾਲ ਕੰਧ ਹੋ ਗਈ। ਪੰਜਾਬ ਦੇ ਟੋਟੇ ਹੋਣ ਨਾਲ ਇਹ ਅੰਮ੍ਰਿਤਸਰ (ਪੰਜਾਬ) ਤੋਂ ਹੋਰ ਵੀ ਦੂਰ ਹੋਣ ਦੇ ਬਾਵਜੂਦ ਅਡੋਲ ਰਹੇ। ਕਾਰੋਬਾਰ ਚੰਗੇ ਚਲਦੇ ਹੋਣ ਕਾਰਨ ਆਰਥਿਕ ਦਸ਼ਾ ਚੰਗੀ ਸੀ ਜਿਸ ਦੀ ਉਦਾਹਰਣ ਤੁਸੀਂ ਨੱਥੀ ਕੀਤੀਆਂ ਤਸਵੀਰਾਂ ਵਿੱਚ ਗੁਰੂ ਰਾਮਦਾਸ ਸਰਾਂ ਵਿੱਚ ਲੱਗੀ ਇੱਕ ਸਿਲ ਤੋਂ ਦੇਖ ਸਕਦੇ ਹੋ। ਜਿਸ ਗੁਰੂ ਰਾਮਦਾਸ ਸਰਾਂ ਨੂੰ ਢਾਹੁਣ ਲਈ ਸ਼੍ਰੋਮਣੀ ਕਮੇਟੀ ਤਰਲੋ ਮੱਛੀ ਹੋ ਰਹੀ ਹੈ ਉਸ ਦੀ ਜਦੋਂ ਤੀਸਰੀ ਮੰਜ਼ਿਲ ਬਣ ਰਹੀ ਸੀ ਤਾਂ ਅਫਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਦੇ ਸਿੱਖਾਂ ਨੇ ਇਥੇ ਕਮਰਿਆਂ ਦੀ ਸੇਵਾ ਕਰਵਾਈ।

ਪ੍ਰੰਤੂ ਅੱਜ ਜਦੋਂ ਅਫ਼ਗਾਨਿਸਤਾਨ ਵਿੱਚ ਚੱਲ ਰਹੀ ਖਾਨਾਜੰਗੀ ਨਾਲ ਸਿੱਖਾਂ ਦੀ ਦਸ਼ਾ ਵਿਗੜ ਗਈ ਹੈ। ਸਿੱਖਾਂ ਨੂੰ ਅਗਵਾ, ਕਤਲ ਕੀਤਾ ਜਾਣ ਲੱਗਿਆ, ਧਮਕੀਆਂ ਮਿਲਣ ਲੱਗੀਆਂ। ਬੜੇ ਸਾਰੇ ਪਰਿਵਾਰ ਆਪਣੇ ਕਾਰੋਬਾਰ ਛੱਡ ਇੰਗਲੈਂਡ, ਕਨੇਡਾ, ਪਿਸ਼ਾਵਰ(ਪਾਕਿਸਤਾਨ) ਵਿਚ ਸ਼ਰਨਾਰਥੀ ਬਣ ਕੇ ਵੱਸ ਗਏ। ਇਸ ਤੋਂ ਇਲਾਵਾ ਦਿੱਲੀ, ਅੰਮ੍ਰਿਤਸਰ, ਲੁਧਿਆਣੇ ਆ ਵਸੇ। ਗੁਰਬਤ ਦੀ ਜ਼ਿੰਦਗੀ ਜਿਉਂ ਰਹੇ ਹਨ। ਅਫਗਾਨਿਸਤਾਨ ਵਿੱਚ ਇਨ੍ਹਾਂ ਨੂੰ ਭਾਰਤ ਦੇ ਸ਼ਹਿਰੀ ਸਮਝਿਆ ਜਾਂਦਾ ਹੈ ਅਤੇ ਭਾਰਤ ਵਿੱਚ ਰਹਿੰਦਿਆਂ ਨੂੰ ਅਫਗਾਨਿਸਤਾਨ ਦੇ ਸ਼ਹਿਰੀ ਸਮਝਿਆ ਜਾਂਦਾ। ਜ਼ਲਾਲਤ ਦੀ ਜ਼ਿੰਦਗੀ ਜਿਉਂ ਰਹੇ ਹਨ। ਬਾਂਹ ਫੜਨ ਵਾਲਾ ਕੋਈ ਨਹੀਂ ਹੈ।

ਗੁਰੂ ਰਾਮਦਾਸ ਸਰਾਂ ਵਿੱਚ ਕਮਰਿਆਂ ਦੀ ਸੇਵਾ ਕਰਾਉਣ ਵਾਲੀ ਜਲਾਲਾਬਾਦ ਦੀ ਸੰਗਤ ‘ਤੇ 2018 ਵਿਚ ਹੋਏ ਇਕ ਆ ਤ ਮ ਘਾ ਤੀ ਬੰ ਬ ਧ ਮਾ ਕੇ ਵਿਚ ਤੇਰਾਂ ਸਿੱਖਾਂ ਦੀ ਮੌਤ ਹੋ ਗਈ, ਬੜੇ ਸਾਰੇ ਨਕਾਰਾ ਹੋ ਗਏ। ਜਿੱਥੇ 1950 ਦੇ ਨਜ਼ਦੀਕ ਜਲਾਲਾਬਾਦ ਚ ਸਿੱਖਾਂ ਦੇ ਪਰਿਵਾਰਾਂ ਦੀ ਗਿਣਤੀ ਸੈਂਕੜਿਆਂ ਅਤੇ ਆਬਾਦੀ ਹਜ਼ਾਰਾਂ ਵਿਚ ਸੀ ਉਥੇ ਹੁਣ ਘਟ ਕੇ 2021 ਵਿੱਚ 19-20 ਪਰਿਵਾਰ ਰਹਿ ਗਏ ਹਨ ਜਿਨ੍ਹਾਂ ਵਿਚ ਜੀਆਂ ਦੀ ਗਿਣਤੀ 150 ਹੈ।

ਹੁਣ ਅਸੀਂ ਗੱਲ ਕਰਦੇ ਹਾਂ ਓਲੰਪਿਕ ਵਿੱਚ ਹਾਕੀ ਦੇ ਉਨ੍ਹਾਂ ਖਿਡਾਰੀਆਂ ਦੀ ਜਿਨ੍ਹਾਂ ਵੱਲੋਂ ਭਾਰਤ ਲਈ ਤਗ਼ਮਾ ਜਿੱਤਣ ‘ਤੇ ਬੀਬੀ ਜਗੀਰ ਕੌਰ ਵੱਲੋਂ ਗੁਰੂ ਕੀ ਗੋਲਕ ਵਿੱਚੋਂ ਇਕ ਕਰੋੜ ਰੁਪਿਆ ਇਨਾਮ ਦਿੱਤਾ ਗਿਆ। ਦੱਸਣਾ ਬਣਦਾ ਹੈ ਕਿ ਇਨ੍ਹਾਂ ਖਿਡਾਰੀਆਂ ਵਿਚੋਂ ਬਹੁਤੇ ਪੁਲੀਸ ਵਿਚ ਐਸ ਪੀ, ਡੀ ਐੱਸ ਪੀ ਜਾਂ ਹੋਰ ਮਹਿਕਮਿਆਂ ਵਿੱਚ ਮੁਲਾਜ਼ਮ ਹੋਣ ਦੇ ਨਾਲ ਨਾਲ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਕਰੋੜਾਂ ਰੁਪਏ ਦਿੱਤੇ ਗਏ।

ਸ਼੍ਰੋਮਣੀ ਕਮੇਟੀ ਇਨ੍ਹਾਂ ਰੱਜੇ ਪੁੱਜੇ ਰਾਸ਼ਟਰਵਾਦੀਆਂ ਲਈ ਗੁਰੂ ਕੀ ਗੋਲਕ ਤਾਂ ਲੁਟਾ ਸਕਦੀ ਹੈ ਪ੍ਰੰਤੂ ਇਨ੍ਹਾਂ ਇਤਿਹਾਸਕ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਟਿਕੀ ਹੋਈ ਸੰਗਤ ਲਈ ਨਾ ਤਾਂ ਆਰਥਿਕ ਮੱਦਦ ਕਰ ਰਹੀ ਹੈ ਅਤੇ ਨਾ ਹੀ ਪੱਕੇ ਵਸੇਬੇ ਲਈ ਚਾਰਾਜੋਈ ਕਰ ਰਹੀ ਹੈ। ਬਾਕੀ ਬਚਦੇ ਅਫਗਾਨੀ ਸਿੱਖ ਅਗਰ ਉਹ ਇਤਿਹਾਸਕ ਅਸਥਾਨ ਛੱਡ ਦਿੰਦੇ ਹਨ ਤਾਂ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਨਿਸ਼ਾਨੀਆਂ ਦਾ ਸਫ਼ਾਇਆ ਹੋ ਜਾਵੇਗਾ ਅਤੇ 550 ਸਾਲ ਪੁਰਾਣੀ ਅਫ਼ਗਾਨੀ ਸਿੱਖਾਂ ਦੀ ਵਿਰਾਸਤ ਖ਼ਤਮ ਹੋ ਜਾਵੇਗੀ।

ਕਨੇਡਾ ਸਰਕਾਰ ਦੀ ਅਫਗਾਨੀ ਸਿੱਖ ਹਿੰਦੂਆਂ ਨੂੰ ਉਥੋੰ ਕੱਡਣ ਦੀ ਤਜਵੀਜ ਆ ਗਈ ਹੈ, ਰਹਿੰਦੇ ਖੂੰਹਦੇ ਅਫਗਾਨੀ ਸਿੱਖ ਵੀ ਚਲੇ ਜਾਣਗੇ। ਪਰ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਤੇ ਵਿਰਾਸਤ ਦਾ ਕੀ ਬਣੇਗਾ? ਕੀ ਸਿੱਖਾਂ ਦਾ ਨਿਕਲ ਜਾਣਾ ਹੀ ਇਕੋ ਹੱਲ ਹੈ?
#ਮਹਿਕਮਾ_ਪੰਜਾਬੀ

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: