Breaking News
Home / International / ਕੈਨੇਡਾ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਧੜਾਧੜ ਹੋਈ ਵੀਜ਼ਾ ਤੋਂ ਨਾਂਹ

ਕੈਨੇਡਾ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਧੜਾਧੜ ਹੋਈ ਵੀਜ਼ਾ ਤੋਂ ਨਾਂਹ

ਟੋਰਾਂਟੋ, 12 ਅਗਸਤ (ਸਤਪਾਲ ਸਿੰਘ ਜੌਹਲ)- ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵਲੋਂ ਅਗਲੇ ਸਮੈਸਟਰਾਂ ਵਾਸਤੇ 15 ਮਈ ਤੱਕ ਪ੍ਰਾਪਤ ਹੋਈਆਂ ਅਰਜ਼ੀਆਂ ਦਾ ਨਿਪਟਾਰਾ ਬੀਤੀ 6 ਅਗਸਤ ਤੱਕ ਕੀਤਾ ਗਿਆ | ਉਸ ਦੌਰਾਨ ਵੱਡੀ ਗਿਣਤੀ ਵਿੱਚ ਸਟੱਡੀ ਪਰਮਿਟ ਐਪਲੀਕੇਸ਼ਨਾਂ ਰੱਦ ਕੀਤੀਆਂ ਗਈਆਂ ਹਨ | ਜਾਣਕਾਰੀ ਅਨੁਸਾਰ ਕੈਨੇਡਾ ਵਿਚ ਕਿਸੇ ਹੋਰ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਵਿਦਿਆਰਥੀ ਭਾਰਤ ਤੋਂ ਪੁੱਜਦੇ ਹਨ |

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਨੇ ਸਟੂਡੈਂਟ ਡਾਇਰੈਕਟ ਸਟਰੀਮ (ਐਸ.ਡੀ.ਐਸ) ਨੀਤੀ ਵਿਚ ਭਾਰਤ ਅਤੇ ਪਾਕਿਸਤਾਨ ਸਮੇਤ ਦਰਜਨ ਕੁ ਦੇਸ਼ ਸ਼ਾਮਿਲ ਕੀਤੇ ਹੋਏ ਹਨ ਜਿਨ੍ਹਾਂ ਤੋਂ ਸਟੱਡੀ ਪਰਮਿਟ ਦੀਆਂ ਮਿਲਣ ਵਾਲੀਆਂ ਅਰਜ਼ੀਆਂ ਦਾ ਨਿਪਟਾਰਾ ਆਮ ਤੌਰ ‘ਤੇ ਦੋ ਕੁ ਹਫ਼ਤਿਆਂ ਵਿਚ (ਪਹਿਲ ਦੇ ਆਧਾਰ ‘ਤੇ) ਕਰ ਦਿੱਤਾ ਜਾਂਦਾ ਹੈ | ਇਹ ਵੀ ਕਿ ਦਸਤਾਵੇਜ਼ੀ (ਆਸਾਨ) ਸ਼ਰਤਾਂ ਪੂਰੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਐਸ.ਡੀ.ਐਸ. ਤਹਿਤ ਵੀਜ਼ਾ ਮਿਲ ਹੀ ਜਾਂਦਾ ਰਿਹਾ ਹੈ | ਪਰ ਇਸ ਵਾਰੀ ਐਸ.ਡੀ.ਐਸ. ਵਿਚ ਵੀਜ਼ਾ ਤੋਂ ਇਨਕਾਰ ਦੀ ਦਰ 50 ਤੋਂ 70 ਫੀਸਦ ਤੱਕ ਕੀਤੀ ਗਈ ਹੈ |

ਇਕ ਇਮੀਗ੍ਰੇਸ਼ਨ ਮਾਹਿਰ ਨੇ ਦੱਸਿਆ ਹੈ ਕਿ ਇਸ ਵਿਚ ਵੱਡੀ ਗਿਣਤੀ ਅਰਜ਼ੀਆਂ ਭਾਰਤੀ ਅਤੇ ਵਿਸ਼ੇਸ਼ ਕਰਕੇ ਪੰਜਾਬੀ ਨੌਜਵਾਨਾਂ ਦੀਆਂ ਹਨ | ਪਤਾ ਲੱਗਾ ਹੈ ਕਿ ਸਕੂਲ ਜਾਂ ਕਾਲਜ ਦੀ ਪੜ੍ਹਾਈ ਵਿਚ ਘੱਟ ਨੰਬਰ ਪਰ ਆਈ.ਈ.ਐਲ.ਟੀ.ਐਸ ਟੈਸਟ ਵਿਚ ਵੱਡੇ ਸਕੋਰ ਦਿਖਾਉਣ ਵਾਲੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਰੱਦ ਹੋਣ ਦੀ ਦਰ ਬਹੁਤ ਵਧ ਚੁੱਕੀ ਹੈ |

ਕੋਰੋਨਾ ਵਾਇਰਸ ਕਰਕੇ ਅਜੇ ਕੈਨੇਡਾ ਵਿਚ ਸਥਿਤੀ ਸੰਤੁਸ਼ਟੀਜਨਕ ਨਹੀਂ ਹੈ ਅਤੇ ਬੀਤੇ ਮਹੀਨਿਆਂ ਦੌਰਾਨ ਸਟੱਡੀ ਵੀਜ਼ਾ ਧਾਰਕਾਂ ਦੇ ਕੈਨੇਡਾ ਵਿਚ ਪੁੱਜਣ ‘ਤੇ ਕੈਨੇਡਾ ਦੇ ਨਾਗਰਿਕ ਅਤੇ ਪਰਮਾਨੈਂਟ ਰੈਜ਼ੀਡੈਂਟ (ਪੀ.ਆਰ.) ਵਿਦੇਸ਼ਾਂ ਵਿਚ ਫਸੇ ਹੋਣ ਕਰਕੇ ਕੈਨੇਡਾ ਸਰਕਾਰ ਦੀ ਆਲੋਚਨਾ ਵੀ ਹੁੰਦੀ ਰਹੀ ਹੈ |

ਤਾਲਾਬੰਦੀ ਦੌਰਾਨ ਵਿਦੇਸ਼ਾਂ ਤੋਂ ਸੈਲਾਨੀਆਂ ਅਤੇ ਵਿਦਿਆਰਥੀਆਂ ਦੀ ਆਮਦ ਰੁਕੀ ਰਹੀ ਪਰ ਹੁਣ ਹਾਲਾਤ ਕੁਝ ਬਿਹਤਰ ਹੋਣ ਮਗਰੋਂ ਅਰਜ਼ੀਆਂ ਦਾ ਵੱਡਾ ਰਸ਼ ਪੈ ਰਿਹਾ ਹੈ ਜਿਸ ਨਾਲ ਨਜਿੱਠਣ ਲਈ ਵਿਭਾਗ ਵਲੋਂ ਵੱਡੀ ਗਿਣਤੀ ਵਿਚ ਵੀਜ਼ਾ ਤੋਂ ਨਾਂਹ ਹੋ ਸਕਦੀ ਹੈ | ਅਗਲੇ ਸਾਲ ਤੱਕ ਸਥਿਤੀ ਆਮ ਹੋ ਜਾਣ ਦੀ ਸੰਭਾਵਨਾ ਹੈ ਅਤੇ ਵਿਦਿਆਰਥੀਆਂ ਨੂੰ ਨਵੇਂ ਸਿਰੇ ਤੋਂ ਅਰਜ਼ੀਆਂ ਲਗਾਉਣ ਦੇ ਮੌਕੇ ਮਿਲਦੇ ਰਹਿਣਗੇ |

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: