ਬੇਅਦਬੀ ਮਾਮਲੇ ‘ਚ ਵੱਡਾ ਮੋੜ! ਫਿ਼ੰਗਰ ਪ੍ਰਿੰਟ ਜ਼ਰੀਏ ਵੀ ਨਹੀਂ ਹੋਈ ਮੁਲਜ਼ਮ ਦੀ ਪਹਿਚਾਣ?ਆਧਾਰ ਡਾਟਾ ਬੇਸ ‘ਚ ਨਹੀਂ…

191

ਸ੍ਰੀ ਦਰਬਾਰ ਸਾਹਿਬ ਘਟਨਾ ਦੇ ਦੋਸ਼ੀ ਦਾ ਨਹੀਂ ਮਿਲਿਆ ਕੋਈ ਸੁਰਾਗ – ਪੁਲਿਸ ਕਮਿਸ਼ਨਰ

ਅੰਮ੍ਰਿਤਸਰ, 20 ਦਸੰਬਰ -18 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਵਾਪਰੀ ਬੇਅਦਬੀ ਦੀ ਘਟਨਾ ਦੇ ਦੋਸ਼ੀ ਦੀ ਅੱਜ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਸ਼ਨਾਖ਼ਤ ਪੁਲਿਸ ਨਹੀਂ ਕਰ ਸਕੀ ਨਾ ਹੀ ਉਸ ਕੋਲੋਂ ਕੋਈ ਅਜਿਹਾ ਦਸਤਾਵੇਜ਼ ਜਾਂ ਪਛਾਣ ਪੱਤਰ ਮਿਲਿਆ ਹੈ, ਜਿਸ ਅਧਾਰ ‘ਤੇ ਪੁਲਿਸ ਕੇਸ ਦੀ ਤੈਅ ਤੱਕ ਪੁੱਜਦੀ। ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਇਸ ਕਥਿਤ ਦੋਸ਼ੀ ਦੀ ਪਛਾਣ ਲਈ ਲੋਕਾਂ ਕੋਲੋਂ ਸਹਿਯੋਗ ਮੰਗਿਆ ਹੈ ਅਤੇ ਵਿਅਕਤੀ ਦੀ ਤਸਵੀਰ ਜੋ ਕਿ ਕੰਪਲੈਕਸ ਦੇ ਵੀਡੀਓ ਕੈਮਰਿਆਂ ਨੇ ਕੈਦ ਕੀਤੀ ਸੀ, ਨੂੰ ਜਾਰੀ ਕੀਤਾ ਹੈ।

ਪੁਲਿਸ ਕਮਿਸ਼ਨਰ ਨੇ ਖ਼ੁਦ ਦੇ ਫ਼ੋਨ ਨੰਬਰ ‘ਤੇ ਸੂਚਨਾ ਦੇਣ ਦੀ ਅਪੀਲ ਕੀਤੀ ਹੈ . ਇਸ ਦੇ ਨਾਲ ਹੀ ਮੋਬਾਈਲ ਨੰ: 97811-30101, 99157-01100 ਪਰਮਿੰਦਰ ਸਿੰਘ ਭੰਡਾਲ ਡੀ:ਸੀ:ਪੀ ਲਾਅ ਐਂਡ ਆਰਡਰ ਦੇ ਮੋਬਾਈਲ ਨੰ: 95524-00001 ਅਤੇ ਸ. ਹਰਪਾਲ ਸਿੰਘ ਏ:ਡੀ:ਸੀ:ਪੀ-3 ਦੇ ਮੋਬਾਈਲ ਨੰ: 98760-19099 ‘ਤੇ ਜਾਣਕਾਰੀ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਾਣਕਾਰੀ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਬੇਅਦਬੀ ਦੀ ਵਾਪਰੀ ਘਟਨਾ ਬਾਰੇ ਭਾਵੇਂ ਸਰਕਾਰ ਵਲੋਂ ਸਿੱਟ ਦਾ ਗਠਨ ਕੀਤਾ ਗਿਆ ਹੈ ਪਰ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਤੌਰ ‘ਤੇ ਵੀ ਸਿੱਟ ਦਾ ਗਠਨ ਕੀਤਾ ਜਾ ਰਿਹਾ ਹੈ ਜੋ ਇਸ ਸਾਰੇ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਦੇਵੇਗੀ। ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਸ਼੍ਰੋਮਣੀ ਕਮੇਟੀ ਨੂੰ ਆਸ ਨਹੀਂ ਕਿ ਸਰਕਾਰ ਵਲੋਂ ਬਣਾਈ ਸਿੱਟ ਕਿਸੇ ਨਤੀਜੇ ‘ਤੇ ਪੁੱਜੇ ਕਿਉਂਕਿ ਇਸ ਤੋਂ ਪਹਿਲਾਂ ਵੀ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਬਣੀਆਂ ਸਿੱਟਾਂ ਵਲੋਂ ਖਾਨਾਪੂਰਤੀ ਤੋਂ ਇਲਾਵਾ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨ ਸੰਘਰਸ਼ ਦੀ ਜਿੱਤ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਕਿਸੇ ਸਾਜਿਸ਼ ਤਹਿਤ ਕਰਵਾਈਆਂ ਜਾ ਰਹੀਆਂ ਹਨ ।