ਪਿਓ ਨੇ ਨਮੋਸ਼ੀ ‘ਚ ਖ਼ਤਮ ਕਰ ਲਈ …

337

ਨਾਬਾਲਗਾ ਨੂੰ ਭਜਾ ਕੇ ਲੈ ਗਿਆ ਮੁੰਡਾ, ਪਿਓ ਨੇ ਨਮੋਸ਼ੀ ‘ਚ ਖ਼ਤਮ ਕਰ ਲਈ ਜੀਵਨ ਲੀਲਾ

ਜ਼ਿਲ੍ਹੇ ਦੇ ਕਰਤਾਰ ਨਗਰ ਵਿਚ ਇਕ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਤਾਂ ਇਸ ਗੱਲ ਦੀ ਨਮੋਸ਼ੀ ਵਿਚ ਕੁੜੀ ਦੇ ਪਿਓ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ।

ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਛਿਹਰਟਾ ਥਾਣੇ ਦੇ ਅਧੀਨ ਪੈਂਦੇ ਕਰਤਾਰ ਨਗਰ ਵਿਚ ਸੰਨੀ ਨਾਂ ਦਾ ਇਕ ਮੁੰਡਾ ਆਪਣੇ ਗੁਆਂਢ ‘ਚ ਰਹਿੰਦੀ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾ ਕੇ ਲੈ ਗਿਆ। ਇਸ ਦੀ ਨਮੋਸ਼ੀ ‘ਚ ਕੁੜੀ ਦੇ ਪਿਓ ਬੁਆ ਸਿੰਘ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।

ਪੁਲਸ ਵੱਲੋਂ ਬੁਆ ਸਿੰਘ ਦੇ ਪਿਤਾ ਅਜੀਤ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਸੰਨੀ ਵਾਸੀ ਕਰਤਾਰ ਨਗਰ ਵਿਰੁੱਧ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮੁਲਜ਼ਮ ਦੀ ਭਾਲ ਜਾਰੀ ਹੈ। ਫਿਲਹਾਲ ਉਹ ਫਰਾਰ ਹੈ ਪਰ ਪੁਲਸ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਕਤ ਲੜਕਾ ਉਸ ਦੇ ਪਤੀ ਨੂੰ ਰੋਜ਼ ਹੀ ਧਮਕੀਆਂ ਦਿੰਦਾ ਸੀ ਕਿ ਉਹ ਉਸ ਦੀ ਕੁੜੀ ਨੂੰ ਭਜਾ ਕੇ ਲੈ ਜਾਵੇਗਾ। ਜਦ ਸੰਨੀ ਉਨ੍ਹਾਂ ਦੀ ਧੀ ਨੂੰ ਭਜਾ ਕੇ ਲੈ ਗਿਆ ਤਾਂ ਇਸ ਗੱਲ ਦੀ ਸ਼ਰਮਿੰਦਗੀ ‘ਚ ਪਿਓ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।