ED ਅਧਿਕਾਰੀਆਂ ਵੱਲੋਂ ਐਸ਼ਵਰਿਆ ਰਾਏ ਬੱਚਨ ਤੋਂ ਪੁੱਛਗਿੱਛ

257

ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਪਨਾਮਾ ਪੇਪਰਜ਼ ਲੀਕ ਮਾਮਲੇ ‘ਚ ਸੰਮਨ ਜਾਰੀ ਕੀਤਾ ਗਿਆ ਹੈ। ਉਸ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ ਸੀ, । ਹਾਲ ਹੀ ‘ਚ ਈਡੀ ਨੇ ਇਸ ਮਾਮਲੇ ‘ਚ ਅਭਿਸ਼ੇਕ ਬੱਚਨ ਨੂੰ ਵੀ ਸੰਮਨ ਜਾਰੀ ਕੀਤਾ ਸੀ।

ਐਸ਼ਵਰਿਆ ਰਾਏ ਬੱਚਨ ਨੂੰ ਪਹਿਲਾਂ ਵੀ ਦੋ ਵਾਰ ਬੁਲਾਇਆ ਗਿਆ ਸੀ ਪਰ ਦੋਵੇਂ ਵਾਰ ਉਸ ਨੇ ਨੋਟਿਸ ਟਾਲਣ ਦੀ ਬੇਨਤੀ ਕੀਤੀ ਸੀ। ਇਹ ਬੇਨਤੀ ਪਨਾਮਾ ਪੇਪਰਜ਼ ਲੀਕ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਅੱਗੇ ਕੀਤੀ ਗਈ ਸੀ।

ਈਡੀ ਨੇ ਐਸ਼ਵਰਿਆ ਨੂੰ ਫੇਮਾ ਮਾਮਲੇ ‘ਚ ਸੰਮਨ ਜਾਰੀ ਕੀਤਾ ਸੀ। ਇਹ ਸੰਮਨ 9 ਨਵੰਬਰ ਨੂੰ ‘ਪ੍ਰਤੀਕਸ਼ਾ’ ਯਾਨੀ ਬੱਚਨ ਪਰਿਵਾਰ ਦੇ ਘਰ ‘ਚ ਭੇਜਿਆ ਗਿਆ ਸੀ, ਜਿਸ ਦਾ ਜਵਾਬ 15 ਦਿਨਾਂ ‘ਚ ਮੰਗਿਆ ਗਿਆ ਹੈ। ਐਸ਼ਵਰਿਆ ਨੇ ਈਡੀ ਨੂੰ ਈਮੇਲ ਰਾਹੀਂ ਜਵਾਬ ਦਿੱਤਾ। ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ‘ਚ ਈਡੀ, ਇਨਕਮ ਟੈਕਸ ਅਤੇ ਹੋਰ ਏਜੰਸੀਆਂ ਸ਼ਾਮਲ ਹਨ।

ਪਨਾਮਾ ਪੇਪਰਜ਼ ਲੀਕ ਮਾਮਲੇ ‘ਚ ਇੱਕ ਕੰਪਨੀ (ਮੋਸੈਕ ਫੋਂਸੇਕਾ) ਦੇ ਕਾਨੂੰਨੀ ਦਸਤਾਵੇਜ਼ ਲੀਕ ਹੋ ਗਏ ਸਨ। ਇਹ ਡੇਟਾ ਜਰਮਨ ਅਖਬਾਰ Süddeutsche Zeitung (SZ) ਦੁਆਰਾ 3 ਅਪ੍ਰੈਲ 2016 ਨੂੰ ਪਨਾਮਾ ਪੇਪਰਜ਼ ਨਾਮ ਹੇਠ ਜਾਰੀ ਕੀਤਾ ਗਿਆ ਸੀ। ਇਸ ‘ਚ ਭਾਰਤ ਸਮੇਤ 200 ਦੇਸ਼ਾਂ ਦੇ ਰਾਜਨੇਤਾਵਾਂ, ਕਾਰੋਬਾਰੀਆਂ, ਮਸ਼ਹੂਰ ਹਸਤੀਆਂ ਦੇ ਨਾਂ ਸ਼ਾਮਲ ਸਨ, ਜਿਨ੍ਹਾਂ ‘ਤੇ ਮਨੀ ਲਾਂਡਰਿੰਗ ਦੇ ਦੋਸ਼ ਸਨ। ਇਸ ‘ਚ 1977 ਤੋਂ 2015 ਦੇ ਅੰਤ ਤੱਕ ਦੀ ਜਾਣਕਾਰੀ ਦਿੱਤੀ ਗਈ ਸੀ।

ਸੂਚੀ ‘ਚ 300 ਭਾਰਤੀਆਂ ਦੇ ਨਾਂ ਸ਼ਾਮਲ ਸਨ। ਇਸ ‘ਚ ਐਸ਼ਵਰਿਆ ਤੋਂ ਇਲਾਵਾ ਅਮਿਤਾਭ ਬੱਚਨ, ਅਜੇ ਦੇਵਗਨ ਦਾ ਨਾਂ ਵੀ ਸ਼ਾਮਲ ਸੀ।

ਦੇਸ਼ ਦੇ ਸਾਬਕਾ ਸਾਲਿਸਟਰ ਜਨਰਲ ਅਤੇ ਸੁਪਰੀਮ ਕੋਰਟ ਦੇ ਵਕੀਲ ਹਰੀਸ਼ ਸਾਲਵੇ, ਭਗੌੜੇ ਕਾਰੋਬਾਰੀ ਵਿਜੇ ਮਾਲਿਆ, ਮੋਸਟ ਵਾਂਟੇਡ ਅਪਰਾਧੀ ਇਕਬਾਲ ਮਿਰਚੀ ਦੇ ਨਾਂ ਵੀ ਇਸ ‘ਚ ਸ਼ਾਮਲ ਸਨ। ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚ ਗਿਆ। ਉਦੋਂ ਕੇਂਦਰ ਸਰਕਾਰ ਨੇ ਇਸ ਮਾਮਲੇ ‘ਚ ਮਲਟੀ ਏਜੰਸੀ ਗਰੁੱਪ (ਐੱਮ.ਏ.ਜੀ.) ਦਾ ਗਠਨ ਕੀਤਾ ਸੀ। ਇਨ੍ਹਾਂ ‘ਚ ਸੀ. ਬੀ. ਡੀ. ਟੀ., ਆਰ. ਬੀ. ਆਈ., ਈਡੀ ਅਤੇ ਐੱਫ. ਆਈ. ਯੂ. ਨੂੰ ਸ਼ਾਮਲ ਕੀਤਾ ਗਿਆ ਸੀ। ਮੈਗ ਸਾਰੇ ਨਾਵਾਂ ਦੀ ਜਾਂਚ ਕਰਕੇ ਰਿਪੋਰਟ ਕਾਲੇ ਧੰਨ ਦੀ ਜਾਂਚ ਲਈ ਬਣਾਈ ਗਈ ਐੱਸ. ਆਈ. ਟੀ. ਅਤੇ ਕੇਂਦਰ ਸਰਕਾਰ ਨੂੰ ਦੇ ਰਹੀ ਸੀ।