ਇੰਡੀਗੋ ਦੇ ਯਾਤਰੀ ਨੇ ਗ਼ਲਤੀ ਨਾਲ ਐਮਰਜੈਂਸੀ ਗੇਟ ਖੋਲ੍ਹਿਆ, ਡੀਜੀਸੀਏ ਕਰੇਗਾ ਜਾਂਚ, ਦੋ ਘੰਟੇ ਦੇਰੀ ਨਾਲ ਉੱਡਿਆ ਜਹਾਜ਼

190

ਇੰਡੀਗੋ ਦੇ ਯਾਤਰੀ ਨੇ ਗ਼ਲਤੀ ਨਾਲ ਐਮਰਜੈਂਸੀ ਗੇਟ ਖੋਲ੍ਹਿਆ, ਡੀਜੀਸੀਏ ਕਰੇਗਾ ਜਾਂਚ, ਦੋ ਘੰਟੇ ਦੇਰੀ ਨਾਲ ਉੱਡਿਆ ਜਹਾਜ਼

ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ’ਚ ਯਾਤਰੀ ਨੇ ਚੇਨਈ ਤੋਂ ਤਿਰੁਚਿਰਾਪੱਲੀ ਜਾਣ ਵਾਲੀ ਫਲਾਈਟ ’ਚ ਗ਼ਲਤੀ ਨਾਲ ਐਮਰਜੈਂਸੀ ਐਗਜ਼ਿਟ ਡੋਰ ਖੋਲ੍ਹ ਦਿੱਤਾ ਸੀ। ਪਿਛਲੇ ਮਹੀਨੇ 10 ਦਸੰਬਰ ਦੀ ਇਸ ਘਟਨਾ ਕਾਰਨ ਸਾਥੀ ਯਾਤਰੀਆਂ ’ਚ ਤਰਥੱਲੀ ਮਚ ਗਈ ਤੇ ਦੁਬਾਰਾ ਸੁਰੱਖਿਆ ਜਾਂਚ ਹੋਣ ਤੋਂ ਬਾਅਦ ਦੋ ਘੰਟੇ ਦੀ ਦੇਰੀ ਨਾਲ ਇਹ ਜਹਾਜ਼ ਰਵਾਨਾ ਹੋਇਆ। ਡੀਜੀਸੀਏ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਘਟਨਾ ਦਾ ਨੋਟਿਸ ਲਿਆ ਗਿਆ ਤੇ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਸ਼ਹਿਰੀ ਹਵਾਬਾਜ਼ੀ ਅਥਾਰਟੀ ਡੀਜੀਸੀਏ ਦਾ ਕਹਿਣਾ ਹੈ ਕਿ ਚੇਨਈ ਤੋਂ ਤਿਰੁਚਿਰਾਪੱਲੀ ਜਾਣ ਵਾਲੀ ਇੰਡੀਗੋ ਏਅਰਲਾਈਨ ਦੀ ਫਲਾਈਟ 6ਏ 7339 ਦੇ ਚੇਨਈ ਤੋਂ ਉਡਾਣ ਭਰਨ ਤੋਂ ਪਹਿਲਾਂ ਸਾਰੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕੀਤੀ ਗਈ ਹੈ। ਯਾਤਰੀ ਨੇ ਤੁਰੰਤ ਗ਼ਲਤੀ ਲਈ ਸਾਰੇ ਯਾਤਰੀਆਂ ਤੇ ਏਅਰਲਾਈਨਜ਼ ਤੋਂ ਮਾਫ਼ੀ ਮੰਗ ਲਈ ਸੀ। ਜਹਾਜ਼ ਦੇ ਜ਼ਮੀਨ ’ਤੇ ਰਹਿੰਦਿਆਂ ਐਮਰਜੈਂਸੀ ਗੇਟ ਖੋਲ੍ਹਣ ਤੋਂ ਬਾਅਦ ਸਹਿ-ਯਾਤਰੀਆਂ ਦੀ ਸ਼ਿਕਾਇਤ ’ਤੇ ਨਿਯਮ ਮੁਤਾਬਕ ਸਾਰੀ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ। ਇੰਜੀਨੀਅਰਿੰਗ ਚੈਕਿੰਗ ਦੌਰਾਨ ਦਰਵਾਜ਼ੇ ਨੂੰ ਰੀਇੰਸਟਾਲ ਕੀਤਾ ਗਿਆ। ਪ੍ਰੈਸ਼ਰ ਚੈੱਕ ਕੀਤਾ ਗਿਆ। ਇਸ ਘਟਨਾ ’ਚ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ।

ਚਸ਼ਮਦੀਦ ਯਾਤਰੀਆਂ ਨੇ ਆਪਣੀ ਪਛਾਣ ਲੁਕਾਉਣ ਦੀ ਸ਼ਰਤ ’ਤੇ ਦੱਸਿਆ ਕਿ ਰਨਵੇ ’ਤੇ ਜਹਾਜ਼ ਰਵਾਨਾ ਹੋਣ ਦੇ ਸਮੇਂ ਹੀ ਸਵੇਰੇ 10.05 ਵਜੇ ਇਹ ਘਟਨਾ ਵਾਪਰੀ। ਜਹਾਜ਼ ’ਚ 75 ਯਾਤਰੀ ਸਵਾਰ ਸਨ। ਸੱਜੀ ਤੇ ਅਗਲੀ ਲਾਈਨ ਦੀ ਸੀਟ ’ਤੇ ਬੈਠੇ ਯਾਤਰੀ ਨੇ ਅਚਾਨਕ ਦਰਵਾਜ਼ੇ ਦਾ ਹੈਂਡਲ ਘੁਮਾ ਦਿੱਤਾ। ਦਰਵਾਜ਼ਾ ਖੁੱਲ੍ਹਦੇ ਹੀ ਜਹਾਜ਼ ’ਚ ਤਰਥੱਲੀ ਮਚ ਗਈ। ਸਾਰੇ ਯਾਤਰੀਆਂ ਨੂੰ ਬੱਸ ’ਚ ਬਿਠਾ ਕੇ ਵਾਪਸ ਏਅਰਪੋਰਟ ਦੇ ਲਾਊਂਜ ’ਚ ਲਿਆਂਦਾ ਗਿਆ। ਦੋ ਘੰਟੇ ਦੀ ਉਡੀਕ ਦੌਰਾਨ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਹੋਣ ਤੋਂ ਬਾਅਦ ਸਾਰੇ ਲੋਕ ਜਹਾਜ਼ ਰਾਹੀਂ ਰਵਾਨਾ ਹੋਏ। ਘਟਨਾ ਨੂੰ ਅੰਜਾਮ ਦੇਣ ਵਾਲੇ ਯਾਤਰੀ ਨੂੰ ਵੀ ਉਸੇ ਜਹਾਜ਼ ਰਾਹੀਂ ਦੂਜੀ ਸੀਟ ’ਤੇ ਬਿਠਾ ਕੇ ਤਿਰੁਚਿਲਾਪੱਲੀ ਜਾਣ ਦਿੱਤਾ ਗਿਆ। ਯਾਤਰੀ ਦੀ ਪਛਾਣ ਏਅਰਲਾਈਨਜ਼ ਤੇ ਡੀਜੀਸੀਏ ਨੇ ਉਜਾਗਰ ਨਹੀਂ ਕੀਤੀ।