ਕੈਨੇਡਾ ‘ਚ ਫਿਰੋਜ਼ਪੁਰ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

316

ਕੈਨੇਡਾ ‘ਚ ਫਿਰੋਜ਼ਪੁਰ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਕੁਝ ਮਹੀਨੇ ਪਹਿਲਾਂ ਹੀ ਮਿਲਿਆ ਵਰਕ ਪਰਮਿਟ

ਮ੍ਰਿਤਕ ਨਰਿੰਦਰ ਸਿੰਘ ਇੱਕ ਮੱਧਵਰਗੀ ਪਰਿਵਾਰ ਤੋਂ ਸੀ, ਜੋ 2019 ਵਿੱਚ ਸਟੱਡੀ ਵੀਜੇ ਉਤੇ ਕੈਨੇਡਾ ਗਿਆ ਸੀ।

ਫਿਰੋਜ਼ਪੁਰ ਤੋਂ ਕੈਨੇਡਾ ਗਏ 23 ਸਾਲਾ ਸਿੱਖ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਨਰਿੰਦਰ ਸਿੰਘ ਵਜੋਂ ਹੋਈ ਹੈ। ਨਰਿੰਦਰ ਸਿੰਘ ਦੀ 4 ਜਨਵਰੀ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਦੀ ਨਰਿੰਦਰ ਸਿੰਘ ਦੀ ਕੈਨੇਡਾ ਦੇ ਕੈਂਬਰਿਜ ਓਨਟਾਰੀਓ ਵਿੱਚ ਕਾਰ ਹਾਦਸੇ ਵਿੱਚ ਮੌਤ ਹੋ ਗਈ ਹੈ।

ਮ੍ਰਿਤਕ ਨਰਿੰਦਰ ਸਿੰਘ ਇੱਕ ਮੱਧਵਰਗੀ ਪਰਿਵਾਰ ਤੋਂ ਸੀ, ਜੋ 2019 ਵਿੱਚ ਸਟੱਡੀ ਵੀਜੇ ਉਤੇ ਕੈਨੇਡਾ ਗਿਆ ਸੀ। ਨਰਿੰਦਰ ਸਿੰਘ ਜ਼ੀਰਾ ਦਾ ਰਹਿਣ ਵਾਲਾ ਸੀ। ਉਸਨੇ ਕੋਨੇਸਟੋਗਾ ਕਾਲਜ, ਕੈਮਬ੍ਰਿਜ ਓਨਟਾਰੀਓ ਤੋਂ ਹਾਈ ਸਕੂਲ ਡਿਪਲੋਮਾ ਕੀਤਾ ਸੀ। ਤਿੰਨ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਹੀ ਉਸ ਨੂੰ ਕੁਝ ਮਹੀਨੇ ਪਹਿਲਾਂ ਹੀ ਵਰਕ ਪਰਮਿਟ ਮਿਲਿਆ ਸੀ। ਨਰਿੰਦਰ ਨੂੰ ਵਰਕ ਪਰਮਿਟ ਮਿਲਣ ਤੋਂ ਬਾਅਦ ਪਰਿਵਾਰ ਵੀ ਖੁਸ਼ ਸੀ।

ਜਾਣਕਾਰੀ ਅਨੁਸਾਰ ਮ੍ਰਿਤਕ ਨਰਿੰਦਰ ਸਿੰਘ ਦੇ ਪਿਤਾ ਪੁਲੀਸ ਵਿਭਾਗ ਵਿੱਚ ਤਾਇਨਾਤ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 4 ਜਨਵਰੀ ਨੂੰ ਸੜਕ ਹਾਦਸੇ ਵਿੱਚ ਮ੍ਰਿਤਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਉਨ੍ਹਾਂ ਦੱਸਿਆ ਕਿ 13 ਜਨਵਰੀ ਨੂੰ ਨਰਿੰਦਰ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਭਾਰਤ ਲਈ ਰਵਾਨਾ ਹੋਵੇਗੀ।

ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ‘ਚ ਰਹਿੰਦੇ ਪੰਜਾਬੀਆਂ ਦੀਆਂ ਮੌਤਾਂ ਦੀਆਂ ਹੋਰ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਹੁਣ ਇਹ ਚਿੰਤਾ ਦਾ ਵਿਸ਼ਾ ਵੀ ਬਣਦਾ ਜਾ ਰਿਹਾ ਹੈ। ਕਿਉਂਕਿ ਮਾਪੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਵਿਦੇਸ਼ ਤਾਂ ਭੇਜ ਰਹੇ ਹਨ ਪਰ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਰਹਿੰਦੀ ਹੈ।