Breaking News
Home / Punjab / ਮਟਕਾ ਚੌਕ ਤੋਂ ਬਾਬਾ ਲਾਭ ਸਿੰਘ ਦਾ ਨਾਂ ਹਟਾਉਣ ਲਈ ਸਾਈਬਰ ਸੈੱਲ ਨੇ ਗੂਗਲ ਨੂੰ ਲਿਖਿਆ ਪੱਤਰ

ਮਟਕਾ ਚੌਕ ਤੋਂ ਬਾਬਾ ਲਾਭ ਸਿੰਘ ਦਾ ਨਾਂ ਹਟਾਉਣ ਲਈ ਸਾਈਬਰ ਸੈੱਲ ਨੇ ਗੂਗਲ ਨੂੰ ਲਿਖਿਆ ਪੱਤਰ

3 ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਬਾਬਾ ਲਾਭ ਸਿੰਘ ਮਟਕਾ ਚੌਕ ’ਚ 6 ਮਹੀਨਿਆਂ ਤੋਂ ਬੈਠੇ ਹੋਏ ਹਨ। ਇਸ ਕਾਰਨ ਗੂਗਲ ’ਤੇ ਇਸ ਚੌਕ ਦਾ ਨਾਂ ਮਟਕਾ ਚੌਕ ਦੀ ਜਗ੍ਹਾ ਲਾਭ ਸਿੰਘ ਕਰ ਦਿੱਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਚੌਕ ਦਾ ਨਾਂ ਗੂਗਲ ਮੈਪ ’ਤੇ ਵੀ ਬਦਲ ਦਿੱਤਾ ਗਿਆ ਹੈ। ਪੁਲਸ ਨੂੰ ਜਦੋਂ ਮਾਮਲੇ ਦਾ ਪਤਾ ਚੱਲਿਆ ਤਾਂ ਉੱਚ ਅਫਸਰਾਂ ਨੇ ਮਟਕਾ ਚੌਕ ਤੋਂ ਲਾਭ ਸਿੰਘ ਦਾ ਨਾਂ ਹਟਵਾਉਣ ਦੀ ਜ਼ਿੰਮੇਵਾਰੀ ਸਾਈਬਰ ਸੈੱਲ ਨੂੰ ਦਿੱਤੀ। ਸਾਈਬਰ ਸੈੱਲ ਨੇ ਅਫਸਰਾਂ ਦਾ ਹੁਕਮ ਮਿਲਦਿਆਂ ਹੀ ਤੁਰੰਤ ਗੂਗਲ ਨੂੰ ਪੱਤਰ ਈ-ਮੇਲ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਗੂਗਲ ਮੈਪ ’ਤੇ ਮਟਕਾ ਚੌਕ ਤੋਂ ਲਾਭ ਸਿੰਘ ਦਾ ਨਾਂ ਹਟਾਉਣ ਲਈ ਕਿਹਾ ਹੈ। ਸਾਈਬਰ ਸੈੱਲ ਦਾ ਮੰਨਣਾ ਹੈ ਕਿ ਛੇਤੀ ਹੀ ਮਟਕਾ ਚੌਕ ਤੋਂ ਲਾਭ ਸਿੰਘ ਨਾਂ ਹਟ ਜਾਵੇਗਾ। ਉੱਥੇ ਹੀ ਸਾਈਬਰ ਜਾਣਕਾਰਾਂ ਦਾ ਮੰਨਣਾ ਹੈ ਕਿ ਗੂਗਲ ਮੈਪਸ ਅਤੇ ਵਿਕੀਪੀਡੀਆ ’ਤੇ ਕਿਸੇ ਨੇ ਮਟਕਾ ਚੌਕ ਦਾ ਨਾਂ ਬਦਲ ਦਿੱਤਾ ਹੈ।

6 ਮਹੀਨਿਆਂ ਤੋਂ ਬਾਬਾ ਲਾਭ ਸਿੰਘ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਮਟਕਾ ਚੌਕ ’ਚ ਬੈਠ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। 70 ਸਾਲਾ ਲਾਭ ਸਿੰਘ ਨੇ ਮਟਕਾ ਚੌਕ ’ਚ ਹੀ ਤੰਬੂ ਲਾ ਦਿੱਤਾ ਸੀ। ਮੀਂਹ ਹੋਵੇ ਜਾਂ ਗਰਮੀ, ਉਹ ਉੱਥੇ ਹੀ ਡਟੇ ਹੋਏ ਹਨ। ਪੁਲਸ ਨੇ ਕਈ ਵਾਰ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀ। ਉਲਟਾ ਬਾਬੇ ਦੇ ਸਮਰਥਨ ਵਿਚ ਲੋਕ ਮਟਕਾ ਚੌਕ ’ਚ ਪਹੁੰਚ ਰਹੇ ਹਨ। ਸੈਕਟਰ-17 ਥਾਣਾ ਪੁਲਸ ਨੇ ਲਾਭ ਸਿੰਘ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਲੋਕਾਂ ਨੇ ਪੁਲਸ ਥਾਣੇ ਦਾ ਘਿਰਾਓ ਕੀਤਾ ਸੀ। ਇਸ ਤੋਂ ਬਾਅਦ ਪੁਲਸ ਨੇ ਬਾਬਾ ਲਾਭ ਸਿੰਘ ਨੂੰ ਛੱਡ ਕੇ ਉਨ੍ਹਾਂ ਨੂੰ ਮਟਕਾ ਚੌਕ ’ਚ ਭੇਜ ਦਿੱਤਾ ਸੀ। ਉਦੋਂ ਤੋਂ ਲੋਕ ਬਾਬਾ ਲਾਭ ਸਿੰਘ ਦੇ ਨਾਲ ਮਟਕਾ ਚੌਕ ’ਚ ਬੈਠੇ ਰਹਿੰਦੇ ਹਨ। ਇਸਤੋਂ ਇਲਾਵਾ ਪੁਲਸ ਜਵਾਨ ਉੱਥੇ 24 ਘੰਟੇ ਤਾਇਨਾਤ ਰਹਿੰਦੇ ਹਨ।

ਨਕਸ਼ੇ ’ਤੇ ਨਾਂ ਬਦਲਣ ਤੋਂ ਪਹਿਲਾਂ ਭਾਰਤ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੁੰਦੀ ਹੈ। ਜੇਕਰ ਉਹ ਮਨਜ਼ੂਰੀ ਦਿੰਦੇ ਹਨ ਤਾਂ ਉਸ ਦਾ ਨਾਂ ਬਦਲਿਆ ਜਾ ਸਕਦਾ ਹੈ। ਇਸਤੋਂ ਇਲਾਵਾ ਜਦੋਂ ਕਈ ਲੋਕ ਇਕੱਠੇ ਕਿਸੇ ਜਗ੍ਹਾ ਦਾ ਨਾਂ ਬਦਲਣ ਲਈ ਗੂਗਲ ਨੂੰ ਸੁਝਾਅ ਦਿੰਦੇ ਹਨ ਤਾਂ ਸਰਚ ਇੰਜਨ ਦੇ ਅਧਿਕਾਰੀ ਵਿਚਾਰ-ਵਟਾਂਦਰਾ ਕਰ ਕੇ ਉਸ ਦਾ ਨਾਂ ਆਪਣੇ ਨਕਸ਼ੇ ’ਤੇ ਬਦਲ ਦਿੰਦੇ ਹਨ। ਹਾਲਾਂਕਿ ਇਹ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: