“ਅਜੀਤ” ਅਤੇ ਪੰਜਾਬ ਸਰਕਾਰ ਦਰਮਿਆਨ ਲੜਾਈ ਅਗਲੇ ਪੜਾਅ ਵਿਚਾਲੇ ਦਾਖਲ

676

“ਅਜੀਤ” ਅਤੇ ਪੰਜਾਬ ਸਰਕਾਰ ਦਰਮਿਆਨ ਲੜਾਈ ਅਗਲੇ ਪੜਾਅ ਵਿਚਾਲੇ ਦਾਖਲ ਹੋ ਗਈ ਹੈ। ਸ਼ਾਇਦ ਲੜਾਈ ਦਾ ਅਸਲ ਕਰਨ ਇਹ ਗੱਲ ਹੋਵੇ ਕਿ ਸਰਕਾਰੀ ਕਰਿੰਦੇ ਇਹ ਕਹਿੰਦੇ ਹੋਣ ਕੇ ਮੁੱਲ ਦੀਆਂ ਖਬਰਾਂ ਦੇ ਹੇਠਾਂ ‘’ਅਡਵਰਟੋਰੀਅਲ” ਜਾਣੀਕਿ “ਖ਼ਬਰ ਵਰਗਾ ਇਸ਼ਤਿਹਾਰ” ਵੀ ਨਾ ਲਿਖੋ। ਹੁਣ ਜਦੋਂ ਬਰਜਿੰਦਰ ਸਿੰਘ ਹਮਦਰਦ ਨੇ ਐਡੀਟੋਰੀਅਲ ਲਿਖ ਦਿੱਤਾ ਹੈ ਤਾਂ ਮੁੱਖ ਮੰਤਰੀ ਜਾਂ ਸਰਕਾਰ ਦੇ ਕਿਸੇ ਉੱਚ ਪੱਧਰੀ ਨੁਮਾਇੰਦੇ ਨੂੰ ਗੱਲ ਸਪਸ਼ਟ ਕਰਨੀ ਚਾਹੀਦੀ ਹੈ।

ਉਹ ਪੰਜਾਬ ਅਤੇ ਸਿੱਖਾਂ ਖਿਲਾਫ ਜ਼ਹਿਰ ਉਗਲਣ ਵਾਲੇ ਹਿੰਦੀ ਚੈਨਲਾਂ ਅਤੇ ਹਿੰਦੀ ਅਖਬਾਰਾਂ ਨੂੰ ਤਾਂ ਸਾਰੇ ਮੁਲਕ ‘ਚ ਇਸ਼ਤਿਹਾਰ ਦੇ ਕੇ ਰਜਾ ਚੁੱਕੇ ਨੇ। ਬਾਕੀ ਹਰ ਵੇਲੇ ਸਿਆਣੀਆਂ ਗੱਲਾਂ ਕਰਨ ਦਾ ਭੁਲੇਖਾ ਪਾਉਣ ਵਾਲੇ ਵਿਕਾਊ ਦਰਬਾਰੀ ਟਿੱਪਣੀਕਾਰ ਹੁਣ ਬਿਲਕੁਲ ਚੁੱਪ ਨੇ ਤੇ ਚੁੱਪ ਰਹਿਣਗੇ। ਜੇ ਬੋਲਣਗੇ ਤਾਂ ਉਨ੍ਹਾਂ ਦੇ ਚੈਨਲਾਂ ਦੇ ਇਸ਼ਤਿਹਾਰ ਵੀ ਬੰਦ ਹੋਣਗੇ।

“ਅਜੀਤ” ਨੇ ਆਪਣੇ ਇਸ਼ਤਿਹਾਰ ਬੰਦ ਹੋਣ ਦਾ ਮਾਮਲਾ ਵਾਹਵਾ ਭਾਖਾਉਣਾ ਸ਼ੁਰੂ ਕਰ ਦਿੱਤਾ ਹੈ।

ਵੈਸੇ ਸਰਕਾਰ ਨਾਲ ਲੜਨ ਦਾ ਅਸਲ ਤਰੀਕਾ ਇਹ ਹੈ ਜਿਵੇਂ ਉਨ੍ਹਾਂ ਨੇ ਭਗਵੰਤ ਮਾਨ ਬਾਰੇ ਖਬਰ ਪ੍ਰਮੁੱਖਤਾ ਨਾਲ ਛਾਪੀ ਹੈ। ਇਸ ਲੜਾਈ ਦਾ ਇਕ ਵੱਡਾ ਫਾਇਦਾ ਹੋਏਗਾ ਕਿ ਇੱਕ ਵੱਡਾ ਅਦਾਰਾ ਸਰਕਾਰ ਨੂੰ ਨੰਗਾ ਕਰਨ ਵਾਲੀਆਂ ਖਬਰਾਂ ਚੰਗੀ ਤਰ੍ਹਾਂ ਛਾਪੇਗਾ। ਇਸ਼ਤਿਹਾਰਾਂ ਦੀ ਲੜਾਈ ਖਬਰਾਂ ਨਾਲ ਲੜੋ। ਇਸ਼ਤਿਹਾਰ ਦੁਬਾਰਾ ਸ਼ੁਰੂ ਹੋਣ ਦਾ ਮਤਲਬ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਸਰਕਾਰ ਵਿਰੋਧੀ ਖਬਰਾਂ ਡੱਕਣ ਲੱਗ ਪਓ।

ਕਹਿੰਦੇ ਨੇ ਕਿਸੇ ਵੇਲੇ ਬਰਜਿੰਦਰ ਸਿੰਘ ਹਮਦਰਦ ਨੇ ਵੱਡੇ ਬਾਦਲ ਨੂੰ ਕਹਿ ਕਿ ਰੋਜ਼ਾਨਾ ਸਪੋਕਸਮੈਨ ਦੇ ਸਰਕਾਰੀ ਇਸ਼ਤਿਹਾਰ ਬੰਦ ਕਰਵਾਏ ਸਨ। ਦਿਨ ਕਦੇ ਵੀ ਇਕੋ ਜਿਹੇ ਨਹੀਂ ਰਹਿੰਦੇ। ਇਹ ਗੱਲ ਭਗਵੰਤ ਮਾਨ ਤੇ “ਆਪ” ਵਾਲਿਆਂ ਨੂੰ ਵੀ ਸਮਝਣ ਦੇ ਲੋੜ ਹੈ।

ਪੰਜਾਬ ‘ਚ ਮੀਡੀਆ ਅਦਾਰੇ ਓਹੀ ਬਚਣਗੇ, ਜਿਹੜੇ ਲੋਕਾਂ ਦੀ ਗੱਲ ਕਰਨਗੇ। ਬਾਕੀਆਂ ਦੀ ਓਨੀ ਕੁ ਹੀ ਇੱਜ਼ਤ ਰਹੇਗੀ, ਜਿੰਨੀ ਕੁ ਗੋਦੀ ਮੀਡੀਆ ਦੀ ਹੈ। ਅਖੀਰ ਵਿੱਚ ਗੋਦੀ ਮੀਡੀਏ ਦੀ ਭਰੋਸੇਯੋਗਤਾ ਖਤਮ ਹੋ ਜਾਂਦੀ ਹੈ ਤੇ ਕੁਝ ਦੇਰ ਬਾਅਦ ਜਦ ਲੋਕ ਉਸ ਨਾਲ਼ੋਂ ਟੁੱਟ ਜਾਣ ਤਾਂ ਉਸ ਨੂੰ ਵਰਤਣ ਵਾਲੇ ਸਿਆਸਤਦਾਨ ਵੀ ਪੱਲਾ ਛੁਡਾ ਜਾਂਦੇ ਹਨ। ਅਜਿਹੇ ਮੀਡੀਆ ਅਦਾਰੇ ਤੇ ਪੱਤਰਕਾਰ ਫਿਰ ਗੁੰਮਨਾਮੀ ਦੀ ਖੱਡ ਵਿੱਚ ਡਿਗ ਪੈਂਦੇ ਹਨ।

#Unpopular_Opinions