ਫਿਰੌਤੀ ਲੈਣ ਆਏ ਗੈਂਗਸਟਰਾਂ ਦੀ ਪੁਲਿਸ ਨਾਲ ਹੋਈ ਝੜਪ, ਦੋਵੇਂ ਗੈਂਗਸਟਰ ਪੁਲਿਸ ਅੜਿੱਕੇ

135

ਸੂਬੇ ’ਚ ਦਿਨ-ਬ-ਦਿਨ ਲਾਅ ਐਂਡ ਆਰਡਰ ਦੀ ਸਥਿਤੀ ਮਾੜੀ ਹੁੰਦੀ ਜਾ ਰਹੀ ਹੈ। ਗੈਂਗਸਟਰ ਸ਼ਰੇਆਮ ਗੋਲੀਆਂ ਚਲਾ ਕੇ ਫ਼ਰਾਰ ਹੋ ਜਾਂਦੇ ਹਨ ਆਏ ਦਿਨ ਵਪਾਰੀਆਂ ਤੋਂ ਫਿਰੌਤੀਆ ਮੰਗੀਆਂ ਜਾ ਰਹੀਆਂ ਹਨ, ਪਰ ਫਿਰੌਤੀ ਨਾ ਦੇਣ ’ਤੇ ਕਤਲ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਇਲਾਕਾ 88 ਫੁੱਟ ਤੋਂ ਸਾਹਮਣੇ ਆਇਆ ਹੈ ਜਿੱਥੇ ਫਿਰੌਤੀ ਲੈਣ ਆਏ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ।

ਮਿਲੀ ਜਾਣਕਾਰੀ ਮੁਤਾਬਿਕ ਮਜੀਠਾ ਰੋਡ ਦੇ ਇਲਾਕਾ 88 ਫੁੱਟ ਦੇ ਇੱਕ ਵਪਾਰੀ ਕੋਲੋਂ ਫਿਰੌਤੀ ਮੰਗੀ ਗਈ ਸੀ ਜਦੋਂ ਉਸ ਨੇ ਦੇਣ ਤੋਂ ਮਨਾ ਕੀਤਾ ਤਾਂ ਕੁਝ ਘੰਟਿਆਂ ਬਾਅਦ ਗੈਂਗਸਟਰਾਂ ਵੱਲੋਂ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਗੈਂਗਸਟਰਾਂ ਦੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ। ਇਸ ਤੋਂ ਬਾਅਦ ਇਸ ਸਬੰਧੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ।

ਪੁਲਿਸ ਨੂੰ ਸੂਚਨਾ ਮਿਲੀ ਕਿ ਦੋਵੇਂ ਗੈਂਗਸਟਰ ਗੁਮਟਾਲਾ ਬਾਈਪਾਸ ਦੇ ਕੋਲ ਘੁੰਮ ਰਹੇ ਹਨ ਜਦੋ ਪੁਲਿਸ ਉਨ੍ਹਾਂ ਨੂੰ ਫੜਣ ਲੱਗੀ ਤਾਂ ਉਨ੍ਹਾਂ ਵੱਲੋਂ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਚੱਲਦੇ ਇੱਕ ਗੋਲੀ ਪੁਲਿਸ ਮੁਲਾਜ਼ਮ ਨੂੰ ਲੱਗੀ ਜਦੋਂ ਜਵਾਬੀ ਹਮਲਾ ਕਰਦੇ ਹੋਏ ਪੁਲਿਸ ਵੱਲੋਂ ਗੋਲੀ ਚਲਾਈ ਗਈ ਤਾਂ ਇੱਕ ਗੋਲੀ ਗੈਂਗਸਟਰ ਨੂੰ ਲੱਗੀ ਜਿਸਦਾ ਨਾਂ ਅਮਨ ਕੁਮਾਰ ਦੱਸਿਆ ਜਾ ਰਿਹਾ ਹੈ। ਇਸ ਝੜਪ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਸੀ। ਜ਼ਖਮੀ ਪੁਲਿਸ ਮੁਲਾਜ਼ਮ ਅਤੇ ਗੈਂਗਸਟਰ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ।

ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਗੈਂਗਸਟਰ ਅਮਨ ਕੁਮਾਰ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਗੈਂਗਸਟਰ ਦਾ ਦੂਜਾ ਸਾਥੀ ਫਰਾਰ ਹੋ ਗਿਆ ਸੀ ਜਿਸ ਨੂੰ ਵੀ ਕਾਬੂ ਕਰ ਲਿਆ ਗਿਆ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਕਿਹੜੇ ਗੈਂਗਸਟਰ ਨਾਲ ਸੰਬੰਧ ਹਨ ਅਤੇ ਇਨ੍ਹਾਂ ਵੱਲੋ ਹੋਰ ਕਿੰਨੇ ਲੋਕਾਂ ਕੋਲੋ ਫਿਰੌਤੀਆਂ ਮੰਗੀਆਂ ਗਈਆਂ ਹਨ।