ਬੱਚੇ ਨੂੰ ਐਕਸਪਾਇਰ ਦਵਾਈ ਦੇਣ ਦੇ ਦੋਸ਼ ਹੇਠ ਡਾਕਟਰ ਨੂੰ ਇਕ ਮਹੀਨੇ ਦੀ ਕੈਦ ਅਤੇ 250 ਰੁਪਏ ਜੁਰਮਾਨਾ

210

ਬਰਨਾਲਾ: ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਨੇ ਸ਼ਹਿਰ ਦੇ ਮਸ਼ਹੂਰ ਡਾਕਟਰ ਪਰਮੋਦ ਜੈਨ ਨੂੰ ਇਕ ਮਹੀਨੇ ਦੀ ਕੈਦ ਅਤੇ 250 ਰੁਪਏ ਜੁਰਮਾਨਾ ਸੁਣਾਈ ਹੈ। ਮਾਮਲਾ 2016 ਦਾ ਹੈ ਜਦੋਂ ਡਾਕਟਰ ਨੇ ਇਕ ਬੱਚੇ ਨੂੰ ਐਕਸਪਾਇਰ ਦਵਾਈ ਦੇ ਦਿੱਤੀ। ਦਵਾਈ ਪੀਣ ਤੋਂ ਬਾਅਦ ਬੱਚੇ ਦੀ ਸਿਹਤ ਕਾਫੀ ਵਿਗੜ ਗਈ ਸੀ, ਇਸ ਦੌਰਾਨ ਜਦੋਂ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਦੱਸਿਆ ਬੱਚੇ ਨੂੰ ਐਕਸਪਾਇਰ ਦਵਾਈ ਦਿੱਤੀ ਗਈ। ਪੀੜਤ ਪਰਿਵਾਰ ਨੇ ਡਾਕਟਰ ਖ਼ਿਲਾਫ਼ ਮਾਮਲਾ ਦਰਜ ਕਰਵਾਇਆ, ਜਿਸ ਵਿਚ ਅੱਜ ਅਦਾਲਤ ਨੇ ਫੈਸਲਾ ਸੁਣਾਇਆ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਧਿਰ ਦੇ ਵਕੀਲ ਐਡਵੋਕੇਟ ਦੀਪਕ ਰਾਏ ਜਿੰਦਲ ਨੇ ਦੱਸਿਆ ਕਿ 3 ਅਪ੍ਰੈਲ 2016 ਨੂੰ ਇਕ ਬੱਚੇ ਨੂੰ ਦਵਾਈ ਲੈਣ ਲਈ ਪਰਿਵਾਰ ਡਾਕਟਰ ਕੋਲ ਗਿਆ। ਇਸ ਦੌਰਾਨ ਜਦੋਂ ਡਾਕਟਰ ਵੱਲੋਂ ਦਿੱਤੀ ਦਵਾਈ ਬੱਚੇ ਨੂੰ ਪਿਲਾਈ ਗਈ ਤਾਂ ਉਸ ਦੀ ਸਿਹਤ ਬਹੁਤ ਖ਼ਰਾਬ ਹੋ ਗਈ। ਪੀੜਤ ਪਰਿਵਾਰ ਦੀ ਸ਼ਿਕਾਇਤ ਮਗਰੋਂ ਪੁਲਿਸ ਨੇ ਡਾ. ਪ੍ਰਮੋਦ ਜੈਨ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।

ਉਹਨਾਂ ਦੱਸਿਆ ਕਿ ਜਦੋਂ ਡਾਕਟਰ ਵੱਲੋਂ ਬੱਚੇ ਨੂੰ ਦਵਾਈ ਦਿੱਤੀ ਗਈ ਤਾਂ ਬੱਚੇ ਦੀ ਮਾਂ ਨੇ ਦਵਾਈ ਸੰਭਾਲ ਕੇ ਰੱਖ ਲਈ ਸੀ, ਜਿਸ ਨੂੰ ਅਦਾਲਤ ਵਿਚ ਦਿਖਾਇਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦੇ ਕਹਿਣ ਅਨੁਸਾਰ ਡਾਕਟਰ ਦਾ ਲਾਇਸੈਂਸ ਰੱਦ ਕਰਨ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਲਿਖਿਆ ਜਾਵੇਗਾ।