ਤਰਨਤਾਰਨ RPG ਹਮਲੇ ਅਤੇ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਬਾਰੇ DGP ਦਾ ਬਿਆਨ

217

TarnTaran : ਤਰਨਤਾਰਨ ਜ਼ਿਲ੍ਹੇ ਦੇ ਥਾਣਾ ਸਰਹਾਲੀ ਕਲਾਂ ‘ਚ ਲੰਘੀ ਰਾਤ ਹੋਏ ਆਰਪੀਜੇ ਹਮਲੇ (RPG Attack) ਦੇ ਤਾਰ ਪਾਕਿਸਤਾਨ ਨਾਲ ਜੁੜ ਰਹੇ ਹਨ। ਘਟਨਾ ਸਥਾਨ ‘ਤੇ ਪੁੱਜੇ ਡੀਜੀਪੀ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਮਲਾ 11.22 ਵਜੇ ਹੋਇਆ ਤੇ ਰਾਕੇਟ ਹਾਈਵੇ ਤੋਂ ਦਾਗਿਆ ਗਿਆ ਸੀ ਜੋ ਥਾਣੇ ਦੇ ਮੁੱਖ ਗੇਟ ਨਾਲ ਟਕਰਾਉਣ ਤੋਂ ਬਾਅਦ ਸਾਂਝ ਕੇਂਦਰ ਅੰਦਰ ਜਾ ਵੱਜਾ। ਡੀਜੀਪੀ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਪਾਕਿਸਤਾਨ ਦੀਆਂ ਡਰੋਨ ਐਕਟੀਵਿਟੀਜ਼ ਨੂੰ ਨਾਕਾਮ ਕਰਨ ਤੋਂ ਬਾਅਦ ਬੁਖ਼ਲਾਏ ਪਾਕਿਸਤਾਨ ਨੇ ਇਹ ਸਾਜ਼ਿਸ਼ ਰਚੀ ਸੀ। ਡੀਜੀਪੀ ਨੇ ਦੱਸਿਆ ਕਿ ਇਹ ਮਿਲਟਰੀ ਹਥਿਆਰ ਸੀ ਤੇ ਬਾਰਡਰ ਪਾਰੋਂ ਲਿਆਂਦਾ ਗਿਆ ਸੀ। ਇਸ ਮਾਮਲੇ ‘ਚ UAPA ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਹਮਲੇ ਦੇ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਇਸ ਤੋਂ ਇਲਾਵਾ ਕੁਝ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਹਮਲੇ ਪਿੱਛੇ ਸਿੱਖ ਫਾਰ ਜਸਟਿਸ ਦੇ ਮੁਖੀ ਗਰਪਤਵੰਤ ਸਿੰਘ ਪੰਨੂ ਦੇ ਹੋਣ ਦੀ ਚਰਚਾ ਬਾਰੇ ਪੁੱਛੇ ਸਵਾਲ ਦਾ ਡੀਜੀਪੀ ਨੇ ਕੋਈ ਜਵਾਬ ਨਹੀਂ ਦਿੱਤੀ।

ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਸਬੰਧੀ ਪੁੱਛੇ ਸਵਾਲ ‘ਤੇ ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਇਸ ਦੀ ਪੁਸ਼ਟੀ ਕਰ ਚੁੱਕੇ ਹਨ ਤੇ ਉਹ ਇਸ ਬਾਰੇ ਕੋਈ ਕੁਮੈਂਟ ਨਹੀਂ ਕਰਨਾ ਚਾਹੁੰਦੇ। ਭਾਰਤੀ ਸੁਰੱਖਿਆ ਏਜੰਸੀਆਂ ਤੇ ਪੰਜਾਬ ਪੁਲਿਸ ਯੂਐੱਸਏ ਦੀਆਂ ਏਜੰਸੀਆਂ ਨਾਲ ਲਗਾਤਾਰ ਸੰਪਰਕ ਵਿਚ ਹੈ ਤੇ ਵਿਦੇਸ਼ਾਂ ‘ਚ ਬੈਠੇ ਸਾਰੇ ਗੈਂਗਸਟਰਾਂ ਨੂੰ ਟ੍ਰਾਇਲ ਬੇਸ ‘ਤੇ ਇੱਥੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਸਬੰਧੀ ਵੀ ਜਲਦ ਹੀ ਸਪੱਸ਼ਟ ਕਰ ਦਿੱਤਾ ਜਾਵੇਗਾ।

ਲੋਕਾਂ ਦੀ ਸੁਰੱਖਿਆ ਦੇ ਸਵਾਲ ‘ਤੇ ਡੀਜੀਪੀ ਨੇ ਕਿਹਾ ਕਿ ਡਰੋ ਨਾ, ਪੁਲਿਸ ਦਾ ਸਾਥ ਦਿਉ, ਧਮਕੀ ਜਾਂ ਫਿਰੌਤੀ ਭਰੀ ਕੋਈ ਕਾਲ ਆਉਂਦੀ ਹੈ ਤਾਂ ਪੁਲਿਸ ਨੂੰ ਰਿਪੋਰਟ ਕਰੋ ਕਿਉਂਕਿ ਲੋਕਲ ਬਦਮਾਸ਼ ਇਸ ਦਾ ਫਾਇਦਾ ਉਠਾਉਂਦੇ ਹਨ। ਪੰਜਾਬ ਪੁਲਿਸ ਤੁਹਾਡੀ ਮਦਦ ਲਈ ਦਿਨ-ਰਾਤ ਤੁਹਾਡੇ ਨਾਲ ਖੜ੍ਹੀ ਹੈ।

ਜ਼ਿਕਰਯੋਗ ਹੈ ਕਿ ਹਮਲੇ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ ਪਰ ਸਾਂਝ ਕੇਂਦਰ ਅਤੇ ਥਾਣੇ ਦੇ ਸ਼ੀਸ਼ੇ ਟੁੱਟ ਗਏ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਫੋਰੇਂਸਿਕ ਟੀਮਾਂ ਪਹੁੰਚ ਰਹੀਆਂ ਹਨ, ਇਸ ਲਈ ਉਕਤ ਜਗ੍ਹਾ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਥਾਣਾ ਸਰਹਾਲੀ ਨੈਸ਼ਨਲ ਹਾਈਵੇ ਨੰਬਰ 54 ‘ਤੇ ਮੌਜੂਦ ਹੈ, ਜਿਸ ਦੀ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ। ਮੁਹਾਲੀ ‘ਚ ਇਸ ਤਰਾਂ ਦੇ ਹਮਲੇ ਮਗਰੋਂ ਪੰਜਾਬ ‘ਚ ਇਹ ਦੂਜਾ ਹਮਲਾ ਹੈ।ਜਿਸ ਸਮੇਂ ਅਣਪਛਾਤੇ ਹਮਲਾਵਰਾਂ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ, ਉਸ ਸਮੇਂ ਥਾਣਾ ਇੰਚਾਰਜ ਪ੍ਰਕਾਸ਼ ਸਿੰਘ ਤੋਂ ਇਲਾਵਾ 8 ਪੁਲਿਸ ਮੁਲਾਜ਼ਮ ਥਾਣੇ ‘ਚ ਮੌਜੂਦ ਸਨ। ਸੂਚਨਾ ਮਿਲਣ ‘ਤੇ ਕਈ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ। ਪੁਲਿਸ ਵੱਲੋਂ ਇਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ।