ਲਖੀਮਪੁਰ ਖੀਰੀ, 14 ਦਸੰਬਰ – 3 ਅਕਤੂਬਰ ਦੀ ਲਖੀਮਪੁਰ ਖੀਰੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਚੀਫ਼ ਜੁਡੀਸ਼ਲ ਮੈਜਿਸਟਰੇਟ (ਸੀਜੇਐੱਮ) ਅੱਗੇ 13 ਮੁਲਜ਼ਮਾਂ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦੀ ਨਵੀਂ ਧਾਰਾ ਦਰਜ ਕਰਨ ਲਈ ਅਰਜ਼ੀ ਦਾਇਰ ਕੀਤੀ ਹੈ।
ਐੱਸਆਈਟੀ ਦੇ ਜਾਂਚ ਅਧਿਕਾਰੀ ਵਿੱਦਿਆਰਾਮ ਦਿਵਾਕਰ ਨੇ ਆਈਪੀਸੀ ਦੀਆਂ ਧਾਰਾਵਾਂ 279, 338 ਅਤੇ 304ਏ ਦੀ ਥਾਂ ਵਾਰੰਟ ਵਿੱਚ ਨਵੀਂ ਧਾਰਾਵਾਂ ਜੋੜਨ ਲਈ ਸੀਜੇਐੱਮ ਦੀ ਅਦਾਲਤ ਵਿੱਚ ਪਿਛਲੇ ਹਫ਼ਤੇ ਅਰਜ਼ੀ ਦਾਇਰ ਕੀਤੀ ਸੀ। ਆਪਣੀ ਅਰਜ਼ੀ ਵਿੱਚ ਜਾਂਚ ਅਧਿਕਾਰੀ ਨੇ ਦੱਸਿਆ ਕਿ ਲਖੀਮਪੁਰ ਖੀਰੀ ਘਟਨਾ ਯੋਜਨਾਬੱਧ ਅਤੇ ਜਾਣਬੁੱਝ ਕੇ ਕੀਤੀ ਗਈ ਸੀ ਨਾ ਕਿ ਲਾਪ੍ਰਵਾਹੀ ਜਾਂ ਗਲਤੀ ਸੀ।
ਜਾਂਚ ਅਧਿਕਾਰੀ ਨੇ ਧਾਰਾ 279 ਨੂੰ ਬਦਲ ਕੇ ਭਾਰਤੀ ਦੰਡਾਵਲੀ ਦੀ ਧਾਰਾ 307 (ਕ ਤ ਲ ਦੀ ਕੋਸ਼ਿਸ਼), 326, 34 , 338 ਅਤੇ 304ਏ ਲਾਉਣ ਦੀ ਬੇਨਤੀ ਕੀਤੀ ਹੈ। 3 ਅਕਤੂਬਰ ਨੂੰ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਐੱਸਯੂਵੀ ਦੀ ਲਪੇਟ ਵਿੱਚ ਆਉਣ ਨਾਲ ਚਾਰ ਪ੍ਰਦਰਸ਼ਨਕਾਰੀ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ।
ਇਸ ਵਿੱਚ ਪੱਤਰਕਾਰ ਵੀ ਮਾਰਿਆ ਗਿਆ ਸੀ। ਐੱਸਆਈਟੀ ਨੇ ਹੁਣ ਤੱਕ ਆਸ਼ੀਸ਼ ਮਿਸ਼ਰਾ, ਲਵਕੁਸ਼, ਆਸ਼ੀਸ਼ ਪਾਂਡੇ, ਸ਼ੇਖਰ ਭਾਰਤੀ, ਅੰਕਿਤ ਦਾਸ, ਲਤੀਫ, ਸਿਸ਼ੂਪਾਲ, ਨੰਦਨ ਸਿੰਘ, ਸਤਿਅਮ ਤ੍ਰਿਪਾਠੀ, ਸੁਮਿਤ ਜੈਸਵਾਲ, ਧਰਮਿੰਦਰ ਬੰਜਾਰਾ, ਰਿੰਕੂ ਰਾਣਾ ਅਤੇ ਉਲਾਸ ਤ੍ਰਿਵੇਦੀ ਨੂੰ ਗ੍ਰਿਫਤਾਰ ਕੀਤਾ ਹੈ। ਉਹ ਲਖੀਮਪੁਰ ਖੀਰੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਹਨ। ਇਸ ਦੌਰਾਨ ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਰਾਜ ਸਰਕਾਰ ਨੂੰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ‘ਤੇ ਜਵਾਬੀ ਹਲਫ਼ਨਾਮਾ ਦਾਖ਼ਲ ਕਰਨ ਲਈ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਹੈ।