ਕੈਂਬੀ ਰਾਜਪੁਰੀਆ ਗੁਜ਼ਰ ਰਹੇ ਨੇ ਮੁਸ਼ਕਿਲ ਦੌਰ ਵਿੱਚੋਂ

892

Kambi Rajpuria news: ਟਾਈਮ ਚੱਕਦਾ, ਬਦਨਾਮ ਕਰ ਗਈ, ਮੁਹੱਬਤ, ਚੈਲੇਂਜ ਟੂ ਨਾਸਾ, ਚੰਗੇ ਦਿਨ, 20 ਸਾਲ, ਦੇਸੀ ਸਵੈਗ, ਯੈਲੋ ਸੂਟ ਵਰਗੇ ਸ਼ਾਨਦਾਰ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਗਾਇਕ ਕੈਂਬੀ ਰਾਜਪੁਰੀਆ ਇੰਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦੇ ਮੁਸ਼ਕਿਲ ਦੌਰ ਵਿੱਚੋਂ ਲੰਘ ਰਹੇ ਹਨ। ਜਿਸ ਦੀ ਜਾਣਕਾਰੀ ਖੁਦ ਕੈਂਬੀ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਲੰਬੀ ਚੌੜੀ ਪੋਸਟ ਪਾ ਕੇ ਦਿੱਤੀ ਹੈ।

ਪੰਜਾਬੀ ਗਾਇਕ ਕੈਂਬੀ ਰਾਜਪੁਰੀਆ ਨੇ ਦੱਸਿਆ ਹੈ ਕਿ ਉਹ ਪਿਛਲੇ 6 ਮਹੀਨਿਆਂ ਤੋਂ ਡਿਪ੍ਰੈਸ਼ਨ ਦਾ ਸ਼ਿਕਾਰ ਹੈ। ਇਸ ਗੱਲ ਦਾ ਖ਼ੁਲਾਸਾ ਖੁਦ ਕੈਂਬੀ ਨੇ ਆਪਣੀ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪਾ ਕੀਤਾ ਹੈ। ਕੈਂਬੀ ਨੇ ਇਕ ਲੰਮੀ-ਚੌੜੀ ਪੋਸਟ ਸਾਂਝੀ ਕਰਕੇ ਆਪਣੇ ਡਿਪ੍ਰੈਸ਼ਨ ’ਚ ਜਾਣ ਦੇ ਕੁਝ ਕਾਰਨਾਂ ਬਾਰੇ ਦੱਸਿਆ ਹੈ।

ਗਾਇਕ ਕੈਂਬੀ ਨੇ ਲਿਖਿਆ, ‘‘ਮੈਨੂੰ ਗਲਤ ਨਾ ਸਮਝਿਓ! ਗੱਲ ਨਸ਼ੇ ਦੀ ਨਹੀਂ, ਕਈ ਵਾਰ ਸ਼ਕਲ ਹੀ ਅਜਿਹੀ ਹੁੰਦੀ ਕਿ ਬੰਦਾ ਨਸ਼ੇੜੀ ਲੱਗਦਾ ਪਰ ਕੁਝ ਲੋਕ ਸਹੀ ਜੱਜ ਕਰ ਲੈਂਦੇ ਹਨ…ਹਾਂ ਮੈਂ ਡਿਪ੍ਰੈਸ਼ਨ ’ਚ ਹਾਂ…ਪਿਛਲੇ 6 ਮਹੀਨਿਆਂ ਤੋਂ ਮੈਂ ਕੁਝ ਜ਼ਿਆਦਾ ਹੀ ਸੋਚ ਰਿਹਾ ਤੇ ਪਾਗਲ ਹੋਣ ਦੇ ਨੇੜੇ ਹਾਂ… ਇਹ ਸਮਾਂ ਹੀ ਹੁੰਦਾ, ਮੈਂ ਜਾਂ ਤੁਸੀਂ ਇਕੱਲੇ ਨਹੀਂ ਇਸ ਚੀਜ਼ ਵਿੱਚ… ਜਦੋਂ ਬੰਦਾ ਬਿਲਕੁਲ ਇਕੱਲਾ ਰਹਿੰਦਾ ਹੋਵੇ ਘਰ ਵਿੱਚ, ਉੱਤੋਂ ਬਹੁਤ ਕਰੀਬ ਜੋ ਹੋਵੇ, ਉਹ ਛੱਡ ਜਾਵੇ… ਉੱਤੋਂ ਉਸੇ ਵੇਲੇ ਯਾਰ ਬਹੁਤ ਮਾੜਾ ਸਮਝਣ ਤੁਹਾਨੂੰ ਤੇ ਬਿਨਾਂ ਤੁਹਾਡੇ ਹਾਲਾਤ ਸਮਝੇ ਤੁਹਾਨੂੰ ਛੱਡ ਜਾਣ, ਹਰ ਨਿੱਕੀ ਚੀਜ਼ ਜੋ ਖੁਸ਼ੀ ਦਿੰਦੀ ਤੁਹਾਡੇ ਖਿਲਾਫ਼ ਹੋ ਜਾਵੇ, ਫਿਰ ਇਹ ਹਾਲਾਤ ਜੋ ਰੂਪ ਲੈ ਲੈਂਦੇ ਹਨ, ਉਸ ਨੂੰ ਬਹੁਤ ਕਰੀਬ ਤੋਂ ਦੇਖਿਆ ਮੈਂ।’’

ਉਨ੍ਹਾਂ ਨੇ ਅੱਗੇ ਲਿਖਿਆ, ‘ਦਾਰੂ ਦਾ ਸਹਾਰਾ ਮੈਂ ਇੰਨਾ ਨਹੀਂ ਲਿਆ, ਸਭ ਕੁਝ ਕੋਲ ਹੈ, ਬਹੁਤ ਗੀਤ ਤਿਆਰ ਹਨ ਪਰ ਕੁਝ ਕਰਨ ਦਾ ਮਨ ਨਹੀਂ ਕਰ ਰਿਹਾ ਇਸ ਵੇਲੇ…ਜ਼ਿੰਦਗੀ ਦੇ ਉਸ ਲੈਵਲ ’ਤੇ ਐਂਟਰੀ ਹੋ ਗਈ, ਜਿਸ ਤੋਂ ਅਣਜਾਣ ਸੀ…ਚਲੋ ਸਮਾਂ ਤਾਂ ਲੰਘ ਹੀ ਜਾਣਾ ਪਰ ਅੱਜ ਦੇ ਹਾਲਾਤ ਲਿਖ ਦਿੱਤੇ ਕਿਉਂਕਿ ਮੈਂ ਕੁਝ ਮੈਸੇਜਿਸ ਤੇ ਕੁਮੈਂਟਸ ਪੜ੍ਹੇ ਸੀ ਕਿ ਤੈਨੂੰ ਹੋਇਆ ਹੈ ਕੁਝ, ਕੁਝ ਤਾਂ ਠੀਕ ਨਹੀਂ ਹੈ, ਬਸ ਇੰਨਾ ਦੱਸ ਦੇਵਾਂ ਟੁੱਟਿਆ ਜ਼ਰੂਰ ਹਾਂ ਇਸ ਵੇਲੇ ਪਰ ਜਦੋਂ ਰੱਬ ਨੇ ਇਸ ਚੀਜ਼ ’ਚੋਂ ਕੱਢ ਦਿੱਤਾ, ਜੋ ਕੁਝ ਮੈਂ ਤਿਆਰ ਕਰੀ ਬੈਠਾ, ਮੈਨੂੰ ਪਿਆਰ ਕਰਨ ਵਾਲੇ ਮੇਰੇ ’ਤੇ ਮਾਣ ਕਰਨਗੇ, ਬਾਕੀ ਜਨਤਾ ਨੇ ਇਸ ਨੂੰ ਵੀ ਹਮਦਰਦੀ ਲੈਣ ਵਾਲੀ ਪੋਸਟ ਕਹਿ ਦੇਣਾ, ਉਨ੍ਹਾਂ ਦਾ ਵੀ ਦਿਲੋਂ ਸੁਆਗਤ… ਜੋ 1-2 ਜਾਣਦੇ ਹਨ ਕਿ ਕੀ ਹਾਲਾਤ ਹਨ ਤੇ ਜਿੰਨਾ ਵੀ ਉਨ੍ਹਾਂ ਨੇ ਸਾਥ ਦਿੱਤਾ, ਜ਼ਿੰਦਗੀ ਦੀ ਕਿਤਾਬ ’ਚ ਜ਼ਿਕਰ ਕਰਾਂਗੇ…ਰੱਬ ਰਾਖਾ।’’ ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਦੂਜੀ ਪੋਸਟ ਵਿੱਚ ਦੱਸਿਆ ਹੈ ਕਿ ਇਸ ਸਭ ਚੀਜ਼ਾਂ ਦਾ ਮੇਰੀ ਪ੍ਰੋਫੈਸ਼ਨਲ ਲਾਈਫ ਨਾਲ ਕੁਝ ਲੈਣਾ ਦੇਣਾ ਨਹੀਂ ਹੈ।

ਕੈਂਬੀ ਨੇ ਪੰਜਾਬੀ ਮਿਊਜ਼ਿਕ ਜਗਤ ਵਿੱਚ ਆਪਣਾ ਨਾਮ ਬਨਾਉਂਣ ਲਈ ਕਈ ਮੁਸ਼ਕਿਲਾਂ ਦਾ ਸਾਹਮਣੇ ਕਰਨਾ ਪਿਆ ਸੀ । ਜ਼ਿੰਦਗੀ ਦਾ ਅਜਿਹਾ ਮੋੜ ਆਇਆ ਸੀ ਜਿਸ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਸੀ । ਗੱਲ ਹੈ ਸਾਲ 2018 ਦੀ ਜਦੋਂ ਕੈਂਬੀ ਨੂੰ ਕੈਨੇਡਾ ਤੋਂ ਡਿਪੋਟ ਕਰ ਦਿੱਤਾ ਗਿਆ ਸੀ । ਡਿਪੋਟ ਦੇ ਦਰਦ ਨੂੰ ਉਨ੍ਹਾਂ ਨੇ ਆਪਣੇ ਇੱਕ ਵੀਡੀਓ ‘ਚ ਪੇਸ਼ ਕੀਤਾ ਸੀ । ਕੈਂਬੀ ਜਿਸ ਨੇ 7 ਸਾਲ ਆਪਣੀ ਜ਼ਿੰਦਗੀ ਦੇ ਕੈਨੇਡਾ ‘ਚ ਬਿਤਾਏ ਜਿੱਥੇ ਉਸ ਨੇ ਆਪਣੇ ਤੇ ਮਾਪਿਆਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਸੀ । ਪਰ ਕੁਝ ਕਾਰਨਾਂ ਕਰਕੇ ਕੈਨੇਡਾ ਤੋਂ ਡਿਪੋਟ ਕਰ ਦਿੱਤਾ ਗਿਆ ਸੀ । ਪਰ ਇਸ ਪੰਜਾਬੀ ਗਾਇਕ ਨੇ ਆਪਣੇ ਹੌਂਸਲੇ ਨੂੰ ਟੁੱਟਣ ਨਹੀਂ ਦਿੱਤਾ ਤੇ ਹਿੰਮਤ ਜੁਟਾ ਕੇ ਫਿਰ ਖੜ੍ਹਾ ਹੋਏ ਤੇ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਖਰਾ ਮੁਕਾਮ ਹਾਸਿਲ ਕਰ ਲਿਆ। ਆਸ ਕਰਦੇ ਹਾਂ ਕੈਂਬੀ ਰਾਜਪੁਰੀਆ ਜਲਦ ਹੀ ਆਪਣੇ ਡਿਪਰੈਸ਼ਨ ਵਿੱਚੋਂ ਬਾਹਰ ਨਿਕਲ ਆਉਣਗੇ ਅਤੇ ਆਪਣੇ ਪ੍ਰਸ਼ੰਸਕਾਂ ਦੇ ਲਈ ਨਵੇਂ ਗੀਤ ਲੈ ਕੇ ਆਉਣਗੇ।