ਪੰਜਾਬ ਦੇ ਸੇਵਾਮੁਕਤ ਏਡੀਜੀਪੀ ਰਾਕੇਸ਼ ਚੰਦਰਾ ਦੀਆਂ ਮੁਸ਼ਕਲਾਂ ਇਸ ਸਮੇਂ ਵਧਦੀਆਂ ਵਿਖਾਈ ਦੇ ਰਹੀਆਂ ਹਨ, ਕਿਉਂਕਿ ਵਿਜੀਲੈਂਸ ਵੱਲੋਂ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਏ ਜਾਣ ਦੇ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਦੇ ਹਵਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਵਿਜੀਲੈਂਸ ਵੱਲੋਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਰਾਕੇਸ਼ ਚੰਦਰਾ ਦੇ ਵੱਲੋਂ ਬਣਾਏ ਗਏ ਰਿਜ਼ਾਰਟ ਕਮ ਫਾਰਮ ਹਾਊਸ ਦੀ ਪੈਮਾਇਸ਼ ਕੀਤੀ ਜਾ ਰਹੀ ਹੈ ਤਾਂ, ਕਿ ਇਸ ਦੀ ਲਾਗਤ ਕੀਮਤ ਦਾ ਅੰਦਾਜ਼ਾ ਲਗਾਇਆ ਜਾ ਸਕੇ।
ਪੰਜਾਬ ਦੇ ਸਾਬਕਾ ਡੀਜੀਪੀ ਦਿਹਾਤੀ ਰਾਕੇਸ਼ ਚੰਦਰਾ ਦੇ ਚੰਡੀਗੜ੍ਹ ਨਾਲ ਲੱਗਦੇ ਮੁਹਾਲੀ ਦੇ ਪਿੰਡ ਕਾਨੇ ਕਾ ਬਾੜਾ ਦੇ ਫਾਰਮ ਹਾਊਸ ‘ਤੇ ਵਿਜੀਲੈਂਸ ਨੇ ਛਾਪਾ ਮਾਰਿਆ ਹੈ। ਸਵੇਰੇ ਨੌਂ ਵਜੇ ਵਿਜੀਲੈਂਸ ਦੀਆਂ ਕਈ ਗੱਡੀਆਂ ਉਨ੍ਹਾਂ ਦੇ ਫਾਰਮ ਹਾਊਸ ਪਹੁੰਚੀਆਂ ਤੇ ਦੁਪਹਿਰੇ ਦੋ ਵਜੇ ਤਕ ਫਾਰਮ ਹਾਊਸ ਦੀ ਜਾਂਚ ਚੱਲਦੀ ਰਹੀ।
ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਉਨ੍ਹਾਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਰਮਨ ਗੋਇਲ ਵੀ ਵਿਜੀਲੈਂਸ ਟੀਮ ਦੇ ਨਾਲ ਮੌਕੇ ‘ਤੇ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੀ ਟੀਮ ਉਸ ਦੇ ਫਾਰਮ ਹਾਊਸ ਦੀ ਮਿਣਤੀ ਕਰ ਰਹੀ ਹੈ। ਉਨ੍ਹਾਂ ਦਾ ਫਾਰਮ ਹਾਊਸ 3 ਏਕੜ ‘ਚ ਬਣਿਆ ਹੋਇਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਜ਼ਮੀਨ ‘ਤੇ ਉਨ੍ਹਾਂ ਦਾ ਫਾਰਮ ਹਾਊਸ ਬਣਿਆ ਹੋਇਆ ਹੈ, ਉਹ ਜੰਗਲਾਤ ਵਿਭਾਗ ਦੀ ਹੈ।
ਸੇਵਾਮੁਕਤ ਡੀਜੀਪੀ ਰਾਕੇਸ਼ ਚੰਦਰਾ ਦਾ ਕਹਿਣਾ ਹੈ ਕਿ ਵਿਜੀਲੈਂਸ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਸੇ ਨੇ ਉਨ੍ਹਾਂ ਖਿਲਾਫ਼ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਾਕੇਸ਼ ਚੰਦਰਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਹਨ, ਜੋ ਉਨ੍ਹਾਂ ਨੇ ਵਿਜੀਲੈਂਸ ਨੂੰ ਮੌਕੇ ‘ਤੇ ਦਿਖਾਏ ਵੀ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈੇਂਸ ਟੀਮ ਸ਼ਿਵਾਲਿਕ ਪਹਾੜੀਆਂ ‘ਚ ਰਾਕੇਸ਼ ਚੰਦਰਾ ਵੱਲੋਂ ਬਣਾਏ ਗਏ ਰਿਸੋਰਟ-ਕਮ-ਫਾਰਮ ਹਾਊਸ ਦੀ ਨਾਪ-ਪਹਾਈ ਲਈ ਪਹੁੰਚੀ ਹੈ, ਜਿਸ ਨਾਲ ਫਾਰਮ ਹਾਊਸ ਦੀ ਲਾਗਤ ਮੁੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਰਾਕੇਸ਼ ਚੰਦਰਾ ਬੀਤੇ ਸਾਲ ਹੀ ਰਿਟਾਇਰ ਹੋਏ ਹਨ ਤੇ ਉਨ੍ਹਾਂ ਨੂੰ ਆਪਣਾ ਇਹ ਫਾਰਮ ਹਾਊਸ 2009 ਵਿਚ ਬਣਾਉਣਾ ਸ਼ੁਰੂ ਕੀਤਾ ਸੀ। ਰਾਕੇਸ਼ ਚੰਦਰਾ ਆਪਣੇ ਇਸੇ ਫਾਰਮ ਹਾਊਸ ‘ਚ ਰਹਿੰਦੇ ਹਨ।