ਵਾਰਿਸ ਪੰਜਾਬ ਦੇ ਜੱਥੇਬੰਦੀ ਦਾ ਮਜੀਠੀਆ ਨੂੰ ਜਵਾਬ

238

ਪੰਜਾਬ ਦੇ ਸਿਆਸੀ ਲੀਡਰ ਭਾਵੇੰ ਕਿਸੇ ਵੀ ਪਾਰਟੀ ਦੇ ਹੋਣ ਉਨਾਂ ਹਮੇਸ਼ਾ ਹਿੰਦੂਆਂ ਨੂੰ ਸਿੱਖਾਂ ਤੋਂ ਡਰਾਉਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਜਦੋਂ ਸਿੱਖ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਤਾਂ ਸਿਆਸਤਦਾਨ ਪੰਜਾਬੀ ਹਿੰਦੂਆਂ ਨੂੰ ਕਹਿੰਦੇ ਨੇ ਕਿ ਤੁਸੀ ਪੰਜਾਬ ‘ਚ ਸੁਰੱਖਿਅਤ ਨਹੀੰ। ਅਜਿਹੀ ਸਿਆਸਤ ਕਰਕੇ ਵੋਟਾਂ ਲੈਣੀਆਂ ਸੌਖੀਆਂ ਨੇ। ਜਦੋਂ ਕਿ ਪੰਜਾਬ ਦੇ ਪਾਣੀਆਂ ਦੀ ਗੱਲ, ਨਸ਼ਾਬੰਦੀ ਦੀ ਗੱਲ, ਪੰਜਾਬੀਆਂ ਵਾਸਤੇ ਨੌਕਰੀ ਦੀ ਗੱਲ, ਪੰਜਾਬੀ ਬੋਲੀ ਦੀ ਗੱਲ ਕਰਨੀ ਔਖੀ ਹੈ। ਰਵਨੀਤ ਬਿੱਟੂ ਹੋਵੇ ਜਾਂ ਬਿਕਰਮ ਮਜੀਠੀਆ। ਦੋਵਾਂ ਦੀ ਸਿਆਸਤ ਹਿੰਦੂਆਂ ਵਿੱਚ ਡਰ ਪੈਦਾ ਕਰਨਾ ਹੈ। ਹੁਣ ਇਹ ਪੰਜਾਬ ਦੇ ਹਿੰਦੂਆਂ ‘ਤੇ ਹੈ ਕਿ ਓਹਨਾਂ ਇਹਨਾਂ ਦੀਆਂ ਕੱਚੀਆਂ ਜਿਹੀਆਂ ਗੱਲਾਂ ਸੁਣ ਕੇ ਡਰੀ ਜਾਣਾ ਹੈ ਜਾਂ ਕੰਨ ਲਾਕੇ ਸੁਣਨਾ ਹੈ ਕਿ ਸਿੱਖ ਕਿਹੜੇ ਹੱਕਾਂ ਦੀ ਗੱਲ ਕਰਦੇ ਹਨ? ਅਤੇ ਉਸ ਗੱਲ ਵਿਚ ਹਿੰਦੂਆਂ ਦਾ ਕੀ ਫਾਇਦਾ ਜਾਂ ਨੁਕਸਾਨ ਹੈ?

ਵਾਰਿਸ ਪੰਜਾਬ ਦੀ ਜਥੇਬੰਦੀ ਦਾ ਪੰਜਾਬ ਦੇ ਹਿੰਦੂਆਂ ਨਾਲ ਹੀ ਨਹੀਂ ਸਗੋਂ ਹਰਿਆਣੇ ਦੇ ਜਾਟਾਂ ਨਾਲ ਵੀ ਲਗਾਤਾਰ ਸੰਵਾਦ ਚੱਲ ਰਿਹਾ ਹੈ। ਕਿਸੇ ਨੇ ਵੀ ਸੁਧੀਰ ਸੂਰੀ ਵਰਗੇ ਬੰਦਿਆਂ ਦਾ ਪੱਖ ਨਹੀਂ ਲਿਆ। ਦੂਜੇ ਪਾਸੇ ਮਜੀਠੀਆ ਹੋਰਾਂ ਨੇ ਕਦੇ ਵੀ ਸੂਰੀ ਦੀ ਨਫਰਤੀ ਸਿਆਸਤ ਦੀ ਨਿੰਦਾ ਨਹੀਂ ਸੀ ਕੀਤੀ। ਜਦੋਂ ਕਿ ਸੂਰੀ ਖਿਲਾਫ ਸਿੱਖਾਂ ਦੇ ਵਿਰੁੱਧ ਨਫਰਤ ਗਲੱਛਣ ਦੇ ਨਾਲ ਨਾਲ ਦਲਿਤਾਂ, ਮੁਸਲਮਾਨਾਂ ਅਤੇ ਬੀਬੀਆਂ ਵਿੱਰੁਧ ਗੰਦੀ ਜ਼ੁਬਾਨ ਵਰਤਣ ਦੇ ਵੀ ਪਰਚੇ ਦਰਜ਼ ਸਨ। ਪਰ ਮਜੀਠੀਏ ਦੀ ਸਰਕਾਰ ਸਮੇਂ ਹੀ ਸ਼ਿਵ ਸੈਨਿਕਾਂ ਨੂੰ ਵੱਡੀ ਪੱਧਰ ‘ਤੇ ਸਕਿਊਰਟੀਆਂ ਮਿਲਣੀਆਂ ਸ਼ੁਰੂ ਹੋਈਆਂ।

ਸੂਰੀ ਦੇ ਚੇਲਿਆਂ ਨੇ ਸ਼ਰੇਆਮ ਸਿੱਖ ਨਸਲਕੁਸ਼ੀ ਦੀ ਇੱਛਾ ਪ੍ਰਗਟ ਕੀਤੀ। ਪਰ ਮਜੀਠੀਏ ਨੇ ਇੱਕ ਵੀ ਲਫਜ਼ ਮੂੰਹੋਂ ਨਹੀੰ ਕੱਢਿਆ।
ਦੂਜੇ ਪਾਸੇ ਮਜੀਠੀਆ ਨੇ ਅੱਜ ਆਪਣੇ ਬਿਆਨ ਵਿੱਚ ਸਿੱਧਾ ਸਿੱਧਾ ਭਾਰਤ ਸਰਕਾਰ ਦੀ ਮਸ਼ੀਨਰੀ ਨੂੰ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਤੇ ਹਮਲਾ ਕਰਨ ਲਈ ਕਿਹਾ ਹੈ। ਇਹ ਦੱਸੇ ਬਿਨਾ ਕਿ ਉਹ ਕਿਹੜਾ ਬਿਆਨ ਜਾਂ ਕਿਹੜਾ ਕਾਰਨ ਹੈ, ਜਿਸ ਕਰਕੇ ਇਹ ਹਮਲਾ ਹੋਣਾ ਚਾਹੀਦਾ ਹੈ। ਪਰ ਮਜੀਠੀਏ ਨੂੰ ਪਤਾ ਹੈ ਕਿ ਜੇ ਅਕਾਲ ਤਖਤ ਸਾਹਿਬ ‘ਤੇ ਬਿਨਾ ਕਿਸੇ ਖਾਸ ਕਾਰਨ ਤੋਂ ਹਮਲਾ ਹੋ ਸਕਦਾ ਤਾਂ ਭਾਈ ਅੰਮ੍ਰਿਤਪਾਲ ਸਿੰਘ ‘ਤੇ ਤਾਂ ਹੋ ਹੀ ਸਕਦਾ।

ਮਜੀਠੀਏ ਵੱਲੋਂ ਆਪਣੇ ਪੜਦਾਦੇ ਸੁੰਦਰ ਸਿੰਘ ਮਜੀਠੀਆ ਦੀਆਂ ਅੰਗਰੇਜਾਂ ਤੋਂ ‘ਸਰ’ ਦਾ ਖਿਤਾਬ ਲੈ ਕਰ ਕੇ ਅਤੇ ਜਨਰਲ ਉਡਵਾਇਰ ਨੂੰ ਕਰਵਾਏ ਡਿਨਰਾਂ ਦੀ ਰਵਾਇਤ ਨੂੰ ਅੱਗੇ ਤੋਰਦਿਆਂ ਸਿੱਖ ਕਾਰਕੁਨਾਂ ਖਿਲਾਫ ਸਰਕਾਰੀ ਦਮਨ ਨੂੰ ਨਿਉੰਤੇ ਦੇ ਕੇ ਅਕਾਲੀ ਦਲ ਦਾ ਇਤਿਹਾਸ ਵੀ ਕਲੰਕਿਤ ਕੀਤਾ ਗਿਆ ਹੈ।
ਜਾਰੀ ਕਰਤਾ : ਵਾਰਿਸ ਪੰਜਾਬ ਦੇ ਜੱਥੇਬੰਦੀ