ਮੈਂ ਆਪਣੀ ਮਰਜ਼ੀ ਨਾਲ ਭਾਜਪਾ ਵਿਚ ਸ਼ਾਮਿਲ ਹੋਇਆ- ਸਿਰਸਾ

265

ਮਨਜਿੰਦਰ ਸਿੰਘ ਸਿਰਸਾ ਨੇ ਅਕਾਲੀ ਦਲ ਵਲੋੰ ਲਾਏ ਦੋਸ਼ ਝੂਠੇ ਕਰਾਰ ਦਿੰਦਿਆਂ ਕਿਹਾ ਹੈ ਕਿ ਉਸਨੂੰ ਧੱਕੇ ਨਾਲ ਜਾਂ ਦਬਾਅ ਹੇਠ ਭਾਜਪਾ ‘ਚ ਸ਼ਾਮਲ ਨਹੀਂ ਕੀਤਾ ਗਿਆ, ਉਹ ਆਪਣੀ ਮਰਜ਼ੀ ਨਾਲ ਭਾਜਪਾ ‘ਚ ਗਿਆ ਹੈ, ਕਿਉਂਕਿ ਅਕਾਲੀ-ਭਾਜਪਾ ਗੱਠਜੋੜ ਟੁੱਟਣ ਮਗਰੋਂ ਹੁਣ ਅਕਾਲੀ ਦਲ ਇਸ ਹਾਲਤ ‘ਚ ਨਹੀਂ ਕਿ ਸਿੱਖ ਮਸਲੇ ਹੱਲ ਕਰਵਾ ਸਕੇ। ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨੀ ਰਿਹਾ।

ਸਿਰਸਾ ਦਾ ਇਹ ਬਿਆਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਝੂਠਾ ਸਿੱਧ ਕਰ ਗਿਆ, ਜਿਨ੍ਹਾਂ ਨੇ ਸਿਰਸਾ ਨੂੰ ਦਬਾਅ ਹੇਠ ਭਾਜਪਾ ‘ਚ ਲਿਜਾਣ ‘ਤੇ ਚਿੰਤਾ ਪ੍ਰਗਟਾਈ ਸੀ।

ਸ਼ਾਸ਼ਤਰਾਂ ‘ਚ ਇਹਨੂੰ ਹੀ ਪਿੱਠ ਪਿੱਛੇ ਉੱਗੇ ਦਰਖ਼ਤ ਦੀ ਛਾਂਵੇਂ ਬਹਿ ਕੇ ਢੋਲੇ ਦੀਆਂ ਲਾਉਣਾ ਕਿਹਾ ਗਿਆ ਹੈ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਅਮਿਤ ਸ਼ਾਹ ਦਾ ਕਹਿਣਾ ਹੈ ਕਿ ਢੀਂਡਸਾ ਅਤੇ ਕੈਪਟਨ ਨਾਲ ਪੰਜਾਬ ਚੋਣਾਂ ਲਈ ਗੱਠਜੋੜ ਵਾਸਤੇ ਗੱਲਬਾਤ ਚੱਲ ਰਹੀ ਹੈ। ਢੀਂਡਸਾ ਨੇ ਵੀ ਇਸਦੀ ਪੁਸ਼ਟੀ ਕੀਤੀ ਹੈ।
ਕੁਝ ਕੁ ਨੂੰ ਭਾਜਪਾ ਵਾਲੇ ਸਿੱਧੇ ਨਾਲ ਰਲਾ ਗਏ, ਕੁਝ ਨਾਲ ਚੋਣਾਂ ਤੋਂ ਪਹਿਲਾਂ ਗੱਠਜੋੜ ਹੋ ਰਿਹਾ ਤੇ ਕੁਝ ਨਾਲ ਚੋਣਾਂ ਤੋਂ ਬਾਅਦ ਗੱਠਜੋੜ ਹੋ ਜਾਵੇਗਾ, ਕੁਝ ਬਣੇ ਹੋਏ ਵਿਧਾਇਕ ਡਰਾ ਲਏ ਜਾਣਗੇ, ਕੁਝ ਖਰੀਦ ਲਏ ਜਾਣਗੇ।

ਪੰਜਾਬ ਦੇ “ਟਰੋਜਨ ਹੋਰਸਜ਼” ਸਦਕਾ ਭਾਜਪਾ ਪੰਜਾਬ ‘ਤੇ ਪੂਰਨ ਕਬਜ਼ੇ ਲਈ ਫੈਸਲਾਕੁੰਨ ਜੰਗ ਲੜਨ ਜਾ ਰਹੀ ਹੈ। ਕਿਸਾਨ ਮੋਰਚੇ ਨੂੰ ਖਤਮ ਕਰਨ ਦੀ ਜਲਦਬਾਜ਼ੀ ਤੇ ਹੁਣ ਦਲਬਦਲੀਆਂ-ਗੱਠਜੋੜਾਂ ‘ਚ ਤੇਜ਼ੀ ਉਸਦੀ ਰਣਨੀਤੀ ਨੂੰ ਹੋਰ ਸਪੱਸ਼ਟ ਕਰ ਰਹੀ ਹੈ।


ਇਸ ਹਨੇਰੀ ਨੂੰ ਠੱਲ੍ਹ ਸਕਣ ਵਾਲਿਆਂ ‘ਚ ਪੰਜਾਬ-ਪ੍ਰਸਤ ਕਿਤੇ ਦਿਸ ਨਹੀਂ ਰਹੇ। ਜਾਂ ਬਹੁਤ ਮਾੜੇ ਚੁਣੇ ਜਾਣਗੇ ਜਾਂ ਥੋੜੇ ਮਾੜੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ