ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਮਰਹੂਮ ਗਾਇਕ ਦਾ ਦੂਜਾ ਗੀਤ

857

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਦੂਜਾ ਗਾਣਾ ਹੈ ਜੋ ਰਿਲੀਜ਼ ਹੋਇਆ ਹੈ, ਰਿਲੀਜ਼ ਦੇ ਕੁਝ ਮਿੰਟਾਂ ਵਿੱਚ ਹੀ 10 ਲੱਖ ਤੋਂ ਵੱਧ ਵਿਊਜ਼ ਆ ਗਏ ਸਨ..

ਮਰਹੂਮ ਗਾਇਕ ਅਤੇ ਕਾਂਗਰਸੀ ਆਗੂ ਰਹੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਦੂਜਾ ਗੀਤ ‘ਵਾਰ’ ਅੱਜ ਯੂਟਿਊਬ ‘ਤੇ ਰਿਲੀਜ਼ ਹੋਇਆ ਹੈ।

ਗੀਤ ਰਿਲੀਜ਼ ਕਰਨ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵਲੋਂ ਗਾਇਕ ਦੇ ਪ੍ਰਸੰਸਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਗੀਤ ਨੂੰ ਸੁਣਿਆ ਜਾਵੇ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ ਰਿਲੀਜ਼ ਹੋਣ ਵਾਲੇ ਇਸ ਗੀਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲਵਾ ਦੀ ਵਾਰ ਗਾਈ ਗਈ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਦੂਜਾ ਗੀਤ ਹੈ। ਇਸ ਤੋਂ ਪਹਿਲਾਂ 24 ਜੂਨ ਨੂੰ ਉਨ੍ਹਾਂ ਦਾ ਗਾਣਾ ਐੱਸਵਾਈਐੱਲ ਰਿਲੀਜ਼ ਹੋਇਆ ਸੀ। ਹਾਲਾਂਕਿ ਸਿੱਖ ਕੈਦੀਆਂ ਦੀ ਰਿਹਾਈ ਸਣੇ ਕਈ ਮੁੱਦਿਆਂ ਦਾ ਜ਼ਿਕਰ ਕਰਦਾ ਗੀਤ ਦੋ ਦਿਨ ਬਾਅਦ ਯਾਨਿ ਕਿ 26 ਜੂਨ ਨੂੰ ਭਾਰਤ ਵਿੱਚ ਯੂ-ਟਿਊਬ ਤੋਂ ਹਟਾ ਵੀ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

‘ਵਾਰ’ ਗੀਤ ਵਿੱਚ ਕੀ ਹੈ – ਸਿੱਧੂ ਮੂਸੇਵਾਲਾ ਦੇ ਗੀਤ ‘ਵਾਰ’ ਵਿੱਚ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੀ ਬਹਾਦਰੀ ਤੇ ਉਨ੍ਹਾਂ ਵਲੋਂ ਲੜੀਆਂ ਗਈਆਂ ਜੰਗਾਂ ਦਾ ਜ਼ਿਕਰ ਕੀਤਾ ਗਿਆ ਹੈ। ਗਾਣਾ ਰਿਲੀਜ਼ ਹੋਣ ਦੇ 20 ਮਿੰਟ ਦੇ ਅੰਦਰ ਅੰਦਰ 10 ਲੱਖ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਸੀ ਤੇ ਖ਼ਬਰ ਲਿਖੇ ਜਾਣ ਤੱਕ ਇਹ ਗਿਣਤੀ ਲਗਾਤਾਰ ਵੱਧ ਰਹੀ ਸੀ। ਗੀਤ ਬਾਰੇ ਇੱਕ ਨਿੱਜੀ ਖ਼ਬਰ ਚੈਨਲ ਨਾਲ ਗੱਲ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਧਾਰਮਿਕ ਗੀਤ ਲਿਖਣ ਵੱਲ ਸਿੱਧੂ ਦਾ ਰੁਝਾਨ ਸੀ। ਉਹ ਕਹਿੰਦੇ ਹਨ, “ਅਸੀਂ ਇਹ ਹਰੀ ਸਿੰਘ ਨਲਵਾ ਬਾਰੇ ਗਾਈ ‘ਵਾਰ’ ਪਾਕਿਸਤਾਨ ਜਾ ਕੇ ਫ਼ਿਲਮਾਉਣਾ ਚਾਹੁੰਦੇ ਸੀ। ਪਰ ਸਿੱਧੂ ਦੀ ਮੌਤ ਕਾਰਨ ਇਹ ਸੁਫ਼ਨਾ ਹੀ ਰਹਿ ਗਿਆ।” ਉਨ੍ਹਾਂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਗੀਤ ਬਾਰੇ ਕਿਹਾ, “ਸੁਫ਼ਨਾ ਤਾਂ ਪੂਰਾ ਨਹੀਂ ਹੋਇਆ ਪਰ ਵੀਡੀਓ ਚੰਗੀ ਹੈ।”