Breaking News
Home / Punjab / ਮੁੰਡੇ ਵਾਲੇ ਕਹਿੰਦੇ ਅਸੀਂ ਤਾਂ ਸੌਦਾ ਕੀਤਾ ਸੀ…

ਮੁੰਡੇ ਵਾਲੇ ਕਹਿੰਦੇ ਅਸੀਂ ਤਾਂ ਸੌਦਾ ਕੀਤਾ ਸੀ…

ਬਹੁਤੀਆਂ ਕੁੜੀਆਂ ਦੇ ਆਪਣੇ ਹੀ ਮਾਪਿਆਂ ਵਲੋਂ ਵਿਦੇਸ਼ ਜਾਣ ਦੇ ਲਾਲਚ ਵਿਚ ਭਰ ਜਵਾਨ ਕੁੜੀਆਂ ਦਾ ਵਿਆਹ ਵਿਦੇਸ਼ ਰਹਿੰਦੇ ਅਧਖੜ ਜਾਂ ਬੁੱਢੇ ਨਾਲ ਕਰਨ ਤੇ ਭਰ ਜਵਾਨ ਕੁੜੀਆਂ ਦੇ ਵਿਦੇਸ਼ੀ ਠੱਗ ਲਾੜਿਆਂ ਦੀ ਵਿਆਹ ਦੇ ਨਾਂਅ ‘ਤੇ ਮਾਰੀ ਠੱਗੀ ਦਾ ਸ਼ਿਕਾਰ ਹੋਣ ਦੇ ਅਨੇਕਾਂ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ | ਇਸ ਦੇ ਬਾਵਜੂਦ ਕੁੜੀਆਂ ਦਾ ਵਿਦੇਸ਼ਾਂ ਵੱਲ ਪ੍ਰਵਾਸ ਦਿਨੋ-ਦਿਨ ਵਧ ਰਿਹਾ ਹੈ | ਭਾਰਤ ਖਾਸ ਕਰਕੇ ਪੰਜਾਬ ਤੋਂ ਵਿਦੇਸ਼ ਜਾਣ ਵਾਲੀਆਂ ਕੁੜੀਆਂ ਕਾਰਨ ਹੁਣ ਪੰਜਾਬ ਦਾ ਕਰੋੜਾਂ -ਅਰਬਾਂ ਰੁਪਿਆ ਪੰਜਾਬ ਤੋਂ ਵੱਖ-ਵੱਖ ਮੁਲਕਾਂ ਵਿਚ ਫੀਸਾਂ ਤੇ ਹੋਰ ਖਰਚਿਆਂ ਦੇ ਰੂਪ ਵਿਚ ਜਾ ਰਿਹਾ ਹੈ | ਇਸ ਤੋਂ ਇਲਾਵਾ ਪੜ੍ਹੀਆਂ-ਲਿਖੀਆਂ ਕੁੜੀਆਂ ਦੇ ਵਿਦੇਸ਼ ਜਾਣ ਦਾ ‘ਬਰੇਨ ਡਰੇਨ’ ਹੋ ਰਿਹਾ ਹੈ |

ਪੰਜਾਬ ਸਮੇਤ ਪੂਰੇ ਮੁਲਕ ਵਿਚ ਇਸ ਸਮੇਂ ਆਰਥਿਕ ਮੰਦੀ ਦਾ ਪਰਛਾਵਾਂ ਪਿਆ ਹੋਇਆ ਹੈ | ਇਸ ਦੇ ਬਾਵਜੂਦ ਵੱਖ-ਵੱਖ ਸ਼ਹਿਰਾਂ ਵਿਚ ਖੁੰਬਾਂ ਵਾਂਗ ਉੱਗੇ ਭਾਵ ਖੁੱਲ੍ਹੇ ਆਈਲੈਟਸ ਕੇਂਦਰਾਂ ਵਿਚ ਵਿਦਿਆਰਥੀਆਂ ਦੀਆਂ ਭੀੜਾਂ ਨਜ਼ਰ ਆ ਰਹੀਆਂ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਅੱਲ੍ਹੜ ਤੇ ਜਵਾਨ ਕੁੜੀਆਂ ਦੀ ਹੁੰਦੀ ਹੈ | ਪੰਜਾਬ ਦੀ ਹਰ ਕੁੜੀ ਹੁਣ ਮੁੱਢਲੀ ਪੜ੍ਹਾਈ ਕਰਨ ਉਪਰੰਤ ਆਈਲੈਟਸ ਕਰਨਾ ਚਾਹੁੰਦੀ ਹੈ | ਹਰ ਦਿਨ ਪੰਜਾਬ ਦੀਆਂ ਸੈਂਕੜੇ ਕੁੜੀਆਂ ਆਈਲੈਟਸ ਦੇ ਸਹਾਰੇ ਵਿਦੇਸ਼ ਉਡਾਰੀ ਮਾਰ ਰਹੀਆਂ ਹਨ, ਜਿਸ ਕਾਰਨ ਪੰਜਾਬ ਦੇ ਪਿੰਡਾਂ ਦੇ ਪਿੰਡ ਹੁਣ ਨੌਜਵਾਨ ਮੁੰਡੇ-ਕੁੜੀਆਂ ਖੁਣੋਂ ਸੁੰਨੇ ਹੋ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ |ਇਹ ਇਕ ਕੁਸੈਲੀ ਹਕੀਕਤ ਹੈ ਕਿ ਹੁਣ ਪੰਜਾਬ ਦੀਆਂ ਵੱਡੀ ਗਿਣਤੀ ਕੁੜੀਆਂ ਸੱਤ ਸਮੁੰਦਰ ਪਾਰ ਜਾ ਕੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਮੁਲਕਾਂ ਵਿਚ ਜਾਣ ਅਤੇ ਫਿਰ ਇਨ੍ਹਾਂ ਬੇਗਾਨੇ ਮੁਲਕਾਂ ਦੀਆਂ ਪੱਕੀਆਂ ਵਸਨੀਕ ਬਣਨ ਨੂੰ ਤਰਜੀਹ ਦੇਣ ਲੱਗੀਆਂ ਹਨ |

ਅੱਜ ਪੰਜਾਬ ਵਿਚ ਹਾਲ ਇਹ ਹੋ ਗਿਆ ਹੈ ਕਿ ਹਰ ਅੱਲ੍ਹੜ ਕੁੜੀ ਇਹ ਚਾਹੁੰਦੀ ਹੈ ਕਿ ਉਹ ਆਪਣੀ ਮੁੱਢਲੀ ਪੜ੍ਹਾਈ ਛੇਤੀ -ਛੇਤੀ ਪੂਰੀ ਕਰ ਕੇ ਉਚੇਰੀ ਪੜ੍ਹਾਈ ਲਈ ਬਰਤਾਨੀਆ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ ਜਾਵੇ | ਹਾਲ ਤਾਂ ਇਹ ਹੋ ਗਿਆ ਹੈ ਕਿ ਅੱਜ ਹਰ ਵਿਦਿਆਰਥਣ ਆਪਣੇ ਕਾਲਜ ਤੇ ਯੂਨੀਵਰਸਿਟੀ ਦੇ ਸਫ਼ਰ ਦੌਰਾਨ ਇਹ ਹੀ ਸੋਚਦੀ ਹੈ ਕਿ ਜਾਂ ਤਾਂ ਉਸ ਨੂੰ ਪੜ੍ਹਦੇ ਸਮੇਂ ਹੀ ਜਾਂ ਪੜ੍ਹਾਈ ਪੂਰੀ ਹੁੰਦੇ ਹੀ ਸਰਕਾਰੀ ਨੌਕਰੀ ਮਿਲ ਜਾਵੇ ਜਾਂ ਫਿਰ ਉਸ ਦਾ ਵਿਦੇਸ਼ ਵਿਚ ਵਿਆਹ ਹੋ ਜਾਵੇ ਜਾਂ ਫਿਰ ਉਹ ਆਈਲੈਟਸ ਕਰਕੇ ਸਟੱਡੀ ਵੀਜ਼ੇ ਉੱਪਰ ਹੀ ਵਿਦੇਸ਼ ਚਲੀ ਜਾਵੇ |

ਪੰਜਾਬ ਦੇ ਵੱਡੀ ਗਿਣਤੀ ਮਾਪੇ ਹੁਣ ਇਹ ਚਾਹੰੁਦੇ ਹਨ ਕਿ ਉਨ੍ਹਾਂ ਦੇ ਪੁੱਤਰਾਂ ਵਾਂਗ ਉਨ੍ਹਾਂ ਦੀ ਧੀ ਵੀ ਵਿਦੇਸ਼ ਚਲੀ ਜਾਵੇ | ਕਈ ਵਾਰ ਤਾਂ ਸਾਰਾ ਪਰਿਵਾਰ ਹੀ ਵਿਦੇਸ਼ ਜਾਣ ਲਈ ਧੀ ਦਾ ਵਿਆਹ ਕਿਸੇ ਵਿਦੇਸ਼ੀ ਲਾੜੇ ਨਾਲ ਕਰ ਦਿੰਦਾ ਹੈ ਤੇ ਫਿਰ ਧੀ ਦੇ ਸਹਾਰੇ ਹੀ ਸਾਰਾ ਪਰਿਵਾਰ ਵਿਦੇਸ਼ ਵਿਚ ਪਹੰੁਚ ਜਾਂਦਾ ਹੈ | ਕਈ ਵਾਰ ਤਾਂ ਵਿਦੇਸ਼ ਜਾਣ ਦੇ ਚੱਕਰ ਵਿਚ ਸੋਹਣੀ ਸੁਨੱਖੀ ਤੇ ਚੜ੍ਹਦੀ ਉਮਰ ਦੀ ਧੀ ਦਾ ਵਿਆਹ ਬੜੇ ਚਾਵਾਂ ਨਾਲ ਅੱਧਖੜ ਉਮਰ ਦੇ ਵਿਦੇਸ਼ੀ ਲਾੜੇ ਨਾਲ ਹੀ ਕਰ ਦਿੱਤਾ ਜਾਂਦਾ ਹੈ | ਦੂਜੇ ਪਾਸੇ ਵਿਦੇਸ਼ ਜਾਣ ਦਾ ਲਾਲਚ ਹੀ ਅਜਿਹਾ ਹੁੰਦਾ ਹੈ ਕਿ ਕੁੜੀ ਨਾ ਚਾਹੁੰਦੇ ਹੋਏ ਵੀ ਅੱਧਖੜ ਉਮਰ ਦੇ ਵਿਦੇਸ਼ੀ ਲਾੜੇ ਨਾਲ ਵਿਆਹ ਕਰਵਾ ਲੈਂਦੀ ਹੈ | ਇਸ ਤਰ੍ਹਾਂ ਕੁੜੀ ਨਾ ਚਾਹੁੁੰਦੇ ਹੋਏ ਵੀ ਆਪਣੇ ਮਾਪਿਆਂ ਲਈ ਅਜਿਹੇ ਵਰ ਨਾਲ ਵਿਦੇਸ਼ ਉਡਾਰੀ ਮਾਰ ਜਾਂਦੀ ਹੈ, ਭਾਵੇਂ ਕਿ ਅਜਿਹੇ ਵਿਆਹਾਂ ਨੂੰ ਨਰੜ ਵੀ ਕਿਹਾ ਜਾਂਦਾ ਹੈ | ਦੂਜੇ ਪਾਸੇ ਕਈ ਵਿਦੇਸ਼ੀ ਲਾੜੇ ਅਜਿਹੇ ਵੀ ਹੁੰਦੇ ਹਨ ਜੋ ਕਿ ਕੁੜੀਆਂ ਨੂੰ ਹਮਉਮਰ ਮਿਲਦੇ ਹਨ | ਅਜਿਹੇ ਵਿਦੇਸ਼ੀ ਲਾੜੇ ਵਿਦੇਸ਼ਾਂ ਵਿਚ ਵੀ ਪੰਜਾਬ ਤੋਂ ਵਿਆਹ ਕੇ ਲਿਆਂਦੀ ਆਪਣੀ ਪਤਨੀ ਦਾ ਸਾਰੀ ਉਮਰ ਹੀ ਬਹੁਤ ਧਿਆਨ ਰੱਖਦੇ ਹਨ ਤੇ ਉਸ ਨੂੰ ਬਹੁਤ ਪਿਆਰ ਕਰਦੇ ਹਨ | ਮੇਰੇ ਨਾਲ ਬਚਪਨ ਤੋਂ ਲੈ ਕੇ ਯੂਨੀਵਰਸਿਟੀ ਦੀ ਉਚੇਰੀ ਪੜ੍ਹਾਈ ਤੱਕ ਜਿੰਨੀਆਂ ਵੀ ਸੋਹਣੀਆਂ ਕੁੜੀਆਂ ਪੜ੍ਹਦੀਆਂ ਸਨ, ਉਨ੍ਹਾਂ ਵਿਚੋਂ ਵੱਡੀ ਗਿਣਤੀ ਕੁੜੀਆਂ ਅੱਜ ਕੱਲ੍ਹ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਹੋਰ ਮੁਲਕਾਂ ਵਿਚ ਹਨ, ਜੋ ਕਿ ਵਿਦੇਸ਼ੀ ਲਾੜਿਆਂ ਨਾਲ ਵਿਆਹ ਹੋਣ ਤੋਂ ਮਗਰੋਂ ਉਥੇ ਗਈਆਂ ਤੇ ਹਮੇਸ਼ਾ ਲਈ ਹੀ ਫਿਰ ਉਥੋਂ ਦੀਆਂ ਹੀ ਹੋ ਕੇ ਰਹਿ ਗਈਆਂ | ਜਦੋਂ ਕਿਸੇ ਮੁਟਿਆਰ ਨੂੰ ਕੋਈ ਵਿਦੇਸ਼ੀ ਲਾੜਾ ਗਹਿਣਿਆਂ ਨਾਲ ਲੱਦ ਕੇ ਵਿਦੇਸ਼ ਲੈ ਕੇ ਜਾਂਦਾ ਹੈ ਤਾਂ ਇਕ ਵਾਰ ਤਾਂ ਉਹ ਵਿਦੇਸ਼ੀ ਧਰਤੀ ਉੱਪਰ ਪੈਰ ਧਰ ਕੇ ਇਸ ਤਰ੍ਹਾਂ ਮਹਿਸੂਸ ਕਰਦੀ ਹੈ ਜਿਵੇਂ ਉਸ ਨੂੰ ‘ਸੁਰਖਾਬ ਦੇ ਖੰਭ’ ਲੱਗ ਗਏ ਹੋਣ ਪਰ ਛੇਤੀ ਹੀ ਜਦੋਂ ਉਸ ਅੱਗੇ ਅਸਲੀਅਤ ਆਉਂਦੀ ਹੈ ਤਾਂ ਉਹ ਫਿਰ ਨਾ ਤਾਂ ਘਰ ਮੁੜਨ ਜੋਗੀ ਰਹਿੰਦੀ ਹੈ ਤੇ ਨਾ ਫਿਰ ਉਹ ਉਥੇ ਰਹਿਣ ਜੋਗੀ |

ਅਨੇਕਾਂ ਪੰਜਾਬੀ ਕੁੜੀਆਂ ਨਾਲ ਵਿਦੇਸ਼ੀ ਲਾੜਿਆਂ ਵਲੋਂ ਵਿਆਹ ਦੇ ਨਾਂਅ ‘ਤੇ ਧੋਖੇ ਵੀ ਕੀਤੇ ਜਾਂਦੇ ਰਹੇ ਹਨ | ਅਜਿਹੇ ਵਿਆਹਾਂ ਤੋਂ ਬਾਅਦ ਜਦੋਂ ਹੱਥਾਂ ਨੂੰ ਮਹਿੰਦੀ ਲਾ ਕੇ ਸ਼ਗਨ ਮਨਾ ਕੇ ਇਹ ਕੁੜੀਆਂ ਪਹਿਲੀ ਵਾਰੀ ਵਿਦੇਸ਼ ਜਾਣ ਲਈ ਜਹਾਜ਼ੇ ਚੜ੍ਹਦੀਆਂ ਹਨ ਤਾਂ ਅੰਮਿ੍ਤਸਰ ਜਾਂ ਦਿੱਲੀ ਦੇ ਏਅਰਪੋਰਟ ‘ਤੇ ਅੱਖਾਂ ਚੰੁਧਿਆ ਦੇਣ ਵਾਲੀਆਂ ਰੋਸ਼ਨੀਆਂ ਵਿਚ ਇਹ ਅੱਧਮੀਟੀਆਂ ਅੱਖਾਂ ਵਿਚ ਕਈ ਤਰ੍ਹਾਂ ਦੇ ਸੁਪਨੇ ਸੰਜੋ ਲੈਂਦੀਆਂ ਹਨ ਪਰ ਬੇਗਾਨੇ ਮੁਲਕਾਂ ਦੀ ਬੇਗਾਨੀ ਧਰਤੀ ‘ਤੇ ਜਹਾਜ਼ੋਂ ਉਤਰਦਿਆਂ ਹੀ ਇਨ੍ਹਾਂ ਕੁਝ ਸਜ ਵਿਆਹੀਆਂ ਲਾੜੀਆਂ ਦੇ ਪੈਰਾਂ ਹੇਠੋਂ ਜ਼ਮੀਨ ਉਦੋਂ ਖਿਸਕ ਜਾਂਦੀ ਹੈ, ਜਦੋਂ ਇਨ੍ਹਾਂ ਦਾ ਲਾੜਾ ਆਪਣੀ ਪਹਿਲੀ ਪਤਨੀ ਨਾਲ ਜਾਂ ਪਹਿਲੀ ਪਤਨੀ ਦੇ ਬੱਚਿਆਂ ਨਾਲ ਉਸ ਨੂੰ ਲੈਣ ਆਇਆ ਹੁੰਦਾ ਹੈ ਜਾਂ ਫਿਰ ਇਨ੍ਹਾਂ ਦੇ ਲਾੜੇ ਅਜਿਹੇ ਗਾਇਬ ਹੁੰਦੇ ਹਨ ਕਿ ਉਨ੍ਹਾਂ ਨੂੰ ਭਾਲਿਆਂ ਵੀ ਨਹੀਂ ਲੱਭਦੇ | ਫਿਰ ਇਹ ਪ੍ਰਦੇਸੀ ਪੱਤਣਾਂ (ਵਿਦੇਸ਼ ਦੇ ਏਅਰਪੋਰਟ) ‘ਤੇ ਖੜ੍ਹ ਕੇ ਰੋਣ ਜੋਗੀਆਂ ਹੀ ਰਹਿ ਜਾਂਦੀਆਂ ਹਨ | ਇਨ੍ਹਾਂ ਨੂੰ ਜਦੋਂ ਪਤਾ ਲਗਦਾ ਹੈ ਕਿ ਉਸ ਦੇ ਮਾਪਿਆਂ ਨੇ 25-30 ਲੱਖ ਖਰਚ ਕੇ ਉਸ ਦੇ ਕੀਤੇ ਆਲੀਸ਼ਾਨ ਵਿਆਹ ਮੌਕੇ ਉਸ ਨੂੰ ਵਿਆਹੁਣ ਆਇਆ ਸਿਰਫ ਲਾੜਾ ਹੀ ਨਹੀਂ ਸਗੋਂ ਲਾੜੇ ਦੇ ਨਾਲ ਬਰਾਤ ਵਿਚ ਆਏ ਲਾੜੇ ਦੇ ਚਾਚੇ, ਮਾਮੇ, ਤਾਏ, ਫੁੱਫੜ ਵੀ ਸਭ ਨਕਲੀ ਸਨ ਅਤੇ ਵਿਆਹ ਦੇ ਨਾਂਅ ‘ਤੇ ਉਸ ਨਾਲ ਧੋਖਾ ਹੋ ਗਿਆ ਹੈ ਤੇ ਉਸਦਾ ਪ੍ਰਵਾਸੀ ਲਾੜਾ ਦੋ ਤਿੰਨ ਮਹੀਨੇ ਤੋਂ ਗ਼ਾਇਬ ਹੋ ਗਿਆ ਹੈ | ਫਿਰ ਅਜਿਹੀਆਂ ਸਜ ਵਿਆਹੀਆਂ ਮੁਟਿਆਰਾਂ ਬੁੱਲ੍ਹ ਮੀਟਦੀਆਂ ਹਾਉਕੇ ਭਰਦੀਆਂ ਅੱਧੀ ਰਾਤੀਂ ਵੱਡੇ ਤੜਕੇ ਤੱਕ ਰੋਂਦੀਆਂ ਰਹਿੰਦੀਆਂ ਹਨ | ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਕਿ ਲਾਲਚੀ ਏਜੰਟਾਂ ਨੇ ਅਨੇਕਾਂ ਕੁੜੀਆਂ ਨੂੰ ਵਿਦੇਸ਼ਾਂ ਵਿਚ ਚੰਗੀ ਨੌਕਰੀ ਦਾ ਲਾਲਚ ਦੇ ਕੇ ਵਿਦੇਸ਼ੀ ਲੋਕਾਂ ਕੋਲ ਵੇਚ ਦਿੱਤਾ | ਇਸ ਤਰ੍ਹਾਂ ਏਜੰਟ ਤਾਂ ਮੋਟੀ ਕਮਾਈ ਕਰ ਲੈਂਦੇ ਹਨ ਪਰ ਅਜਿਹੀਆਂ ਕੁੜੀਆਂ ਫਿਰ ਵਿਦੇਸ਼ਾਂ ਵਿਚ ਨਰਕ ਭੋਗਣ ਲਈ ਮਜਬੂਰ ਹੋ ਜਾਂਦੀਆਂ ਹਨ | ਉਨ੍ਹਾਂ ਦੇ ਪਾਸਪੋਰਟ ਅਤੇ ਪੈਸੇ ਅਤੇ ਜ਼ਰੂਰੀ ਕਾਗਜ਼ ਏਜੰਟਾਂ ਜਾਂ ਇਨ੍ਹਾਂ ਕੁੜੀਆਂ ਨੂੰ ਨੌਕਰੀ ਦਾ ਬਹਾਨਾ ਲਗਾ ਕੇ ਸੱਦਣ ਵਾਲਿਆਂ ਵਲੋਂ ਆਪਣੇ ਕਬਜ਼ੇ ਵਿਚ ਲੈ ਲਏ ਜਾਂਦੇ ਹਨ | ਜਿਸ ਕਾਰਨ ਇਹ ਕੁੜੀਆਂ ਫਿਰ ਵਾਪਸ ਵਤਨ ਪਰਤਣ ਲਈ ਕੋਈ ਚਾਰਾਜੋਈ ਵੀ ਨਹੀਂ ਕਰ ਸਕਦੀਆਂ | ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਨੌਕਰੀ ਦੇ ਬਹਾਨੇ ਭੇਜੀਆਂ ਗਈਆਂ ਅਨੇਕਾਂ ਕੁੜੀਆਂ ਨੂੰ ਵਿਦੇਸ਼ਾਂ ਵਿਚ ਬੰਧਕ ਬਣਾ ਕੇ ਰੱਖਣ ਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਵੀ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ | ਅਜਿਹੀਆਂ ਕੁੜੀਆਂ ਨੂੰ ਵਿਦੇਸ਼ਾਂ ਵਿਚ ਏਜੰਟਾਂ ਅਤੇ ਇਨ੍ਹਾਂ ਨੂੰ ਨੌਕਰੀਆਂ ਦਾ ਝਾਂਸਾ ਦੇਣ ਵਾਲਿਆਂ ਵਲੋਂ ਕਈ ਤਰ੍ਹਾਂ ਡਰਾਇਆ ਧਮਕਾਇਆ ਵੀ ਜਾਂਦਾ ਹੈ | ਫਿਰ ਅਜਿਹੀਆਂ ਕੁੜੀਆਂ ਉਸ ਸਮੇਂ ਨੂੰ ਕੋਸਦੀਆਂ ਹਨ |

ਬੇਗਾਨੀ ਧਰਤੀ ਉੱਪਰ, ਬੇਗਾਨੇ ਲੋਕਾਂ ਵਿਚ ਰੁਲਦੀਆਂ ਅਜਿਹੀਆਂ ਕੁੜੀਆਂ ਦੀ ਚੀਸ ਨਾ ਤਾਂ ਕੋਈ ਪਰਛਾਵਾਂ ਹੁੰਦਾ ਹੈ ਤੇ ਨਾ ਹੀ ਧੂੰਆਂ ਪਰ ਸੇਕ ਬਹੁਤ ਹੁੰਦਾ ਹੈ, ਜੋ ਕਿ ਅਜਿਹੀਆਂ ਪ੍ਰਦੇਸਣ ਕੁੜੀਆਂ ਦੇ ਸਰੀਰ ਨੂੰ ਧੁਰ ਅੰਦਰ ਤੱਕ ਲੂਹ ਕੇ ਰੱਖ ਜਾਂਦਾ ਹੈ | ਅਜਿਹੀਆਂ ਕੁੜੀਆਂ ਦੀ ਤਕਦੀਰ ਹੀ ਉਨ੍ਹਾਂ ਦੀ ਸੌਾਕਣ ਬਣ ਜਾਂਦੀ ਹੈ ਤੇ ਤਦਬੀਰਾਂ ਅਜਿਹੀਆਂ ਕੁੜੀਆਂ ਤੋਂ ਹੁੰਦੀਆਂ ਹੀ ਨਹੀਂ | ਫਿਰ ਮਾਪਿਆਂ ਵਲੋਂ ਪੰਜਾਬ ਤੋਂ ਕਈ ਤਰ੍ਹਾਂ ਦੇ ਸ਼ਗਨ ਮਨਾ ਕੇ ਵਿਦੇਸ਼ ਤੋਰੀਆਂ ਅਜਿਹੀਆਂ ਪ੍ਰਦੇਸਣ ਕੁੜੀਆਂ ਫਿਰ ਬੇਗਾਨੇ ਮੁਲਕਾਂ ਦੀ ਬੇਗਾਨੀ ਧਰਤੀ ਉੱਪਰ ਬੇਗਾਨੇ ਲੋਕਾਂ ਵਿਚਾਲੇ ਆਪਣੀ ਜ਼ਿੰਦਗੀ ਦਾ ਸਫ਼ਰ ਕਿਸੇ ਨਾ ਕਿਸੇ ਹੀਲੇ ਮੁਕਾਉਣ ਜੋਗੀਆਂ ਅਤੇ ਵਤਨ ਜਾਣ ਦੀ ਤਾਂਘ ਦਿਲ ਵਿਚ ਲੈ ਕੇ ਅੱਧੀ ਰਾਤੀਂ ਵੱਡੇ ਤੜਕੇ ਆਪਣੇ ਮਾਪਿਆਂ ਅਤੇ ਮਾਂ ਜਾਇਆਂ ਨੂੰ ਯਾਦ ਕਰਕੇ ਬੁੱਲ੍ਹ ਮੀਟਦੀਆਂ, ਹਾਉਕੇ ਭਰਨ ਜੋਗੀਆਂ ਅਤੇ ਰੋਣ ਜੋਗੀਆਂ ਹੀ ਰਹਿ ਜਾਂਦੀਆਂ ਹਨ |

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: