ਗਲਾਸ ‘ਚ ਪਟਾਕਾ ਚਲਾਇਆ ਤਾਂ ਗਲ਼ੇ ‘ਚ ਲੱਗਿਆ ਕੱਚ ਦਾ ਟੁਕੜਾ, ਮੌਤ

286

Man killed after firecracker shrapnel pierces neck in UP’s Budaun ਰਾਹਗੀਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਅਤੇ ਹਸਪਤਾਲ ਲਿਜਾਣ ਸਮੇਂ ਉਸ ਦੀ ਮੌਤ ਹੋ ਗਈ।

ਬਦਾਇਊਂ – ਉੱਤਰ ਪ੍ਰਦੇਸ਼ ਦੇ ਬਦਾਇਊਂ ਦੇ ਜ਼ਰੀਫਨਗਰ ਥਾਣਾ ਖੇਤਰ ਵਿੱਚ ਸਥਿਤ ਇੱਕ ਪਿੰਡ ਵਿੱਚ ਇੱਕ ਨੌਜਵਾਨ ਨੇ ਕੱਚ ਦੇ ਗਲਾਸ ਵਿੱਚ ਰੱਖ ਕੇ ਪਟਾਕਾ ਚਲਾ ਦਿੱਤਾ, ਜਿਸ ਕਾਰਨ ਗਲਾਸ ਟੁਕੜੇ-ਟੁਕੜੇ ਹੋ ਗਿਆ ਤੇ ਇੱਕ ਤਿੱਖਾ ਟੁਕੜਾ ਇੱਕ ਰਾਹਗੀਰ ਦੀ ਗਰਦਨ ‘ਚ ਜਾ ਵੱਜਿਆ। ਰਾਹਗੀਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਅਤੇ ਹਸਪਤਾਲ ਲਿਜਾਣ ਸਮੇਂ ਉਸ ਦੀ ਮੌਤ ਹੋ ਗਈ।

ਘਟਨਾ ਤੋਂ ਬਾਅਦ ਦੋਸ਼ੀ ਫ਼ਰਾਰ ਹੋ ਗਿਆ, ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੂਤਰਾਂ ਮੁਤਾਬਿਕ ਮਾਮਲਾ ਬਦਾਇਊਂ ਜ਼ਿਲ੍ਹੇ ਦੇ ਜ਼ਰੀਫਨਗਰ ਥਾਣਾ ਖੇਤਰ ਦੇ ਪਿੰਡ ਮੋਰੂਬਾਲਾ ਦਾ ਹੈ। ਸੂਤਰਾਂ ਨੇ ਦੱਸਿਆ ਕਿ ਇੱਥੇ ਦੀਵਾਲੀ ਵਾਲੀ ਰਾਤ ਪਿੰਡ ਦੇ ਹੀ ਧੀਰੇਂਦਰ ਨੇ ਗਲਾਸ ‘ਚ ਰੱਖ ਕੇ ਪਟਾਕੇ ਚਲਾਏ। ਉਸ ਨੇ ਦੱਸਿਆ ਕਿ ਪਟਾਕੇ ਦੇ ਫ਼ਟਦੇ ਹੀ ਗਲਾਸ ਟੁਕੜੇ-ਟੁਕੜੇ ਹੋ ਗਿਆ।

ਤੇਜ਼ੀ ਨਾਲ ਨਿੱਕਲਿਆ ਇੱਕ ਕੱਚ ਦਾ ਟੁਕੜਾ ਪਿੰਡ ਦੇ ਇੱਕ ਰਾਹਗੀਰ ਛਤਰਪਾਲ (38) ਦੇ ਗਲ਼ ਵਿੱਚ ਜਾ ਵੱਜਿਆ। ਸ਼ੀਸ਼ੇ ਦਾ ਟੁਕੜਾਵੱਜਦੇ ਹੀ ਛਤਰਪਾਲ ਦੇ ਗਲ਼ ਵਿੱਚੋਂ ਖੂਨ ਨਿੱਕਲਣ ਲੱਗਿਆ ਅਤੇ ਉਹ ਉੱਥੇ ਹੀ ਡਿੱਗ ਪਿਆ। ਇਹ ਦੇਖ ਕੇ ਦੋਸ਼ੀ ਧੀਰੇਂਦਰ ਮੌਕੇ ਤੋਂ ਫ਼ਰਾਰ ਹੋ ਗਿਆ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਛਤਰਪਾਲ ਦੇ ਪਰਿਵਾਰਕ ਮੈਂਬਰ ਉੱਥੇ ਪਹੁੰਚੇ ਅਤੇ ਗੰਭੀਰ ਹਾਲਤ ‘ਚ ਛਤਰਪਾਲ ਨੂੰ ਕਮਿਊਨਿਟੀ ਹੈਲਥ ਸੈਂਟਰ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨਾਜ਼ੁਕ ਹਾਲਤ ਦੇਖਦੇ ਹੋਏ ਉਸ ਨੂੰ ਅਲੀਗੜ੍ਹ ਮੈਡੀਕਲ ਕਾਲਜ ਭੇਜ ਦਿੱਤਾ। ਅਲੀਗੜ੍ਹ ਲਿਜਾਂਦੇ ਸਮੇਂ ਰਸਤੇ ‘ਚ ਛਤਰਪਾਲ ਨੇ ਦਮ ਤੋੜ ਦਿੱਤਾ। ਸੂਤਰਾਂ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਸ਼ੀ ਹਾਲੇ ਤੱਕ ਪੁਲਿਸ ਦੀ ਗ੍ਰਿਫ਼ਤ ‘ਚੋਂ ਬਾਹਰ ਹੈ।