ਕੈਲੀਫ਼ੋਰਨੀਆ ਵਿਖੇ ਹਾਦਸੇ ‘ਚ ਭੋਗਪੁਰ ਦੇ ਨੌਜਵਾਨ ਦੀ ਮੌਤ

317

ਕੈਲੀਫ਼ੋਰਨੀਆ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਭੋਗਪੁਰ ਦੇ ਪਿੰਡ ਲੜੋਈ ਦੇ 29 ਸਾਲਾ ਸਵਿੰਦਰ ਜੀਤ ਸਿੰਘ ਦੀ ਟਰੱਕ ਪਲਟਣ ਕਾਰਨ ਮੌਤ ਹੋ ਗਈ। ਸਵਿੰਦਰ ਜੀਤ ਸਿੰਘ 2013 ਵਿਚ ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਿਆ ਸੀ ਅਤੇ ਉਥੇ ਉਹ ਟਰੱਕ ਡਰਾਈਵਰ ਸੀ ਅਤੇ ਬੀਤੇ ਕੱਲ੍ਹ ਜਦੋਂ ਉਹ ਟਰੱਕ ਚਲਾ ਰਿਹਾ ਸੀ ਤਾਂ ਅਚਾਨਕ ਉਸ ਦੀ ਝੋਕ ਲੱਗ ਗਈ. ਜਿਸ ਕਾਰਨ ਟਰੱਕ ਹਾਦਸਾਗ੍ਰਸਤ ਹੋ ਕੇ ਪਲਟ ਗਿਆ। ਇਸ ਹਾਦਸੇ ਵਿਚ ਸਵਿੰਦਰ ਜੀਤ ਸਿੰਘ ਦੀ ਮੋਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਪਿਛਲੇ ਸਾਲ ਸਵਿੰਦਰ ਜੀਤ ਸਿੰਘ ਦੇ ਵੱਡੇ ਭਰਾ ਵਿੱਕੀ ਦੀ ਮੌਤ ਹੋਈ ਸੀ। ਇਕ ਸਾਲ ਵਿਚ ਦੋ ਜਵਾਨ ਪੁੱਤਰਾਂ ਦੀ ਮੌਤ ਹੋਣ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਸਵਿੰਦਰ ਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਸਵਿੰਦਰ ਜੀਤ ਸਿੰਘ ਅਜੇ ਕੁਆਰਾ ਸੀ ਅਤੇ ਪਰਿਵਾਰ ਦਾ ਗੁਜ਼ਾਰਾ ਉਸ ਦੇ ਹੀ ਸਿਰ ‘ਤੇ ਚਲਦਾ ਸੀ ਅਤੇ ਸਵਿੰਦਰ ਜੀਤ ਸਿੰਘ ਦੀ ਮ੍ਰਿਤਕ ਦੇਹ ਕੈਲੀਫੋਰਨੀਆ ਪੁਲਸ ਨੇ ਆਪਣੀ ਕਸਟਡੀ ਵਿਚ ਲੈ ਲਈ ਹੈ। ਪਰਿਵਾਰ ਵੱਲੋਂ ਸਰਕਾਰ ਕੋਲੋਂ ਇਹ ਹੀ ਮੰਗ ਰੱਖੀ ਜਾ ਰਹੀ ਹੈ ਕਿ ਮ੍ਰਿਤਕ ਦੇਹ ਨੂੰ ਪੰਜਾਬ ਭੇਜਿਆ ਜਾਵੇ।

ਦੋ ਜਵਾਨ ਪੁੱਤਰਾਂ ਦੀ ਇਕ ਸਾਲ ਵਿਚ ਮੌਤਾਂ ਹੋਣ ਕਰਕੇ ਸਵਿੰਦਰ ਜੀਤ ਸਿੰਘ ਦੀ ਮਾਤਾ ਸਤਵੰਤ ਕੌਰ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਘਰ ਵਿਚ ਸਿਰਫ਼ ਹੁਣ ਸਵਿੰਦਰ ਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਅਤੇ ਮਾਤਾ ਸੰਤਵਤ ਕੌਰ ਅਤੇ ਚਾਚਾ ਹੀ ਬਚੇ ਹਨ। ਮੌਤ ਦੀ ਖ਼ਬਰ ਸੁਣ ਜਿੱਥੇ ਪਰਿਵਾਰ ‘ਚ ਮਾਤਮ ਛਾ ਗਿਆ ਹੈ, ਉਥੇ ਹੀ ਇਲਾਕੇ ਵਿਚ ਵੀ ਸੋਗ ਦੀ ਲਹਿਰ ਦੌਰ ਪਈ ਹੈ।