Breaking News
Home / Sikh News / ਖੁਦਾਈ ਵਿੱਚੋਂ ਨਿਕਲੇ ਗਿਆਨੀਆਂ ਦੇ ਬੁੰਗੇ ਨੂੰ ਸੁਰੱਖਿਅਤ ਰੱਖਕੇ ਸੰਭਾਲਿਆ ਜਾਵੇਗਾ

ਖੁਦਾਈ ਵਿੱਚੋਂ ਨਿਕਲੇ ਗਿਆਨੀਆਂ ਦੇ ਬੁੰਗੇ ਨੂੰ ਸੁਰੱਖਿਅਤ ਰੱਖਕੇ ਸੰਭਾਲਿਆ ਜਾਵੇਗਾ

ਦਰਬਾਰ ਸਾਹਿਬ ਦੇ ਬਾਹਰਵਾਰ ਗਲਿਆਰੇ ਵਿੱਚ ਜੋੜਾ ਤੇ ਗੱਠੜੀ ਘਰ ਦੀ ਇਮਾਰਤ ਬਣਾਉਣ ਸਮੇ ਖੁਦਾਈ ਵਿੱਚੋਂ ਨਿਕਲੀ ਪੁਰਾਣੀ ਇਮਾਰਤ ਦੇ ਤਹਿਖ਼ਾਨੇ ਜੋ ਕਿ ਗਿਆਨੀਆਂ ਦੇ ਬੁੰਗੇ ਦਾ ਹਿੱਸਾ ਹੁੰਦਾ ਸੀ, ਜਿਸਨੂੰ ਜੂਨ 1984 ਤੋਂ ਬਾਅਦ ਸਰਕਾਰ ਨੇ ਉਪਰਲਾ ਹਿੱਸਾ ਢਾਹ ਕੇ ਗਲਿਆਰਾ ਉਸਾਰ ਦਿੱਤਾ ਸੀ। ਸਰਕਾਰ ਨੇ ਉਸ ਸਮੇ ਗਲਿਆਰੇ ਦੀ ਆੜ ਵਿੱਚ ਅਨੇਕਾਂ ਇਤਿਹਾਸਿਕ ਇਮਾਰਤਾਂ ਆਦਿਕ ਬੇਰਹਿਮੀ ਨਾਲ ਢਾਹ ਦਿੱਤੀਆਂ ਸਨ ਤਾਂ ਜੋ ਉਸ ਲਈ ਦਰਬਾਰ ਸਾਹਿਬ ਕੰਪਲੈਕਸ ਤੇ ਨਜ਼ਰ ਰੱਖਣਾ ਤੇ ਕਾਰਵਾਈ ਕਰਨੀ ਅਸਾਨ ਹੋਵੇ।

ਹੁਣ ਸ੍ਰੋਮਣੀ ਕਮੇਟੀ ਵੱਲੋਂ ਜੋੜਾ ਤੇ ਗੱਠੜੀ ਘਰ ਦੀ ਇਮਾਰਤ ਬਾਬਾ ਭੂਰੀ ਵਾਲੇ ਉਸਾਰੀ ਕਰਨ ਲਈ ਖੁਦਾਈ ਕਰ ਰਹੇ ਸਨ ਤਾਂ ‘ਗਿਆਨੀਆਂ ਦੇ ਬੁੰਗੇ’ ਦੇ ਤਹਿਖ਼ਾਨੇ ਵਾਲਾ ਹਿੱਸਾ ਜੋ ਸਰਕਾਰ ਨੇ ਉਵੇਂ ਹੀ ਪੂਰ ਦਿੱਤਾ ਸੀ ਹੇਠੋਂ ਨਿਕਲਿਆ ਹੈ ਜਿਸਨੂੰ ਲੈਕੇ ਤਰਾਂ ਤਰਾਂ ਦੇ ਬਿਆਨ ਅਤੇ ਸ਼ੋਸਲ ਮੀਡੀਆ ਤੇ ਪੋਸਟਾਂ ਦਾ ਬਜ਼ਾਰ ਗਰਮ ਹੈ ਤੇ ਇਸ ਇਮਾਰਤ ਨੂੰ ਸੁਰੱਖਿਅਤ ਰੱਖਣ ਲਈ ਪੋਸਟਾਂ ਪਾਈਆਂ ਜਾ ਰਹੀਆਂ ਹਨ। ਕੋਈ ਇਹਨੂੰ ਅਕਾਲ ਤਖਤ ਸਾਹਿਬ ਲਈ ਸੁਰੰਗ ਤੇ ਕੋਈ ਹੋਰ ਦਾਅਵਾ ਕਰ ਰਿਹਾ ਹੈ। ਜੋ ਵੀ ਸ਼ਹਿਰ ਦੇ ਪੁਰਾਣੇ ਵਸਨੀਕ ਹਨ ਉਹ ਸਾਰੇ ਗਲਿਆਰੇ ਵਿੱਚ ਇਕ ਇਕ ਜਗਹ ਦੀ ਨਿਸ਼ਾਨਦੇਹੀ ਕਰ ਸਕਦੇ ਹਨ ਕਿ ਇੱਥੇ ਪਹਿਲਾ ਕੀ ਸੀ, ਕਿਉਂਕਿ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦੇ ਸਮੇ ਤੋ ਅੰਮ੍ਰਿਤਸਰ ਸਾਹਿਬ ਬਹੁਤ ਸੰਘਣੀ ਵੱਸੋ ਤੇ ਵਪਾਰ ਵਾਲਾ ਇਕ ਮੁੱਖ ਕੇਂਦਰ ਰਿਹਾ ਹੈ। ਸੋ ਜਿੱਥੋਂ ਮਰਜ਼ੀ ਪੁੱਟੋ ਕੁਝ ਨਾ ਕੁਝ ਪੁਰਾਣਾ ਜ਼ਰੂਰ ਨਿਕਲੇਗਾ।
ਖੁਦਾ ਨਾ ਖਾਸਤਾ ਜਿਵੇ ਪਹਿਲਾ ਦਰਬਾਰ ਸਾਹਿਬ ਦੇ ਆਸ-ਪਾਸ ਕੁਝ ਸਮੇਂ ਲਈ ਬਿਪਰਾ ਵੱਲੋਂ ਕੁਝ ਜਗਹ ਮੂਰਤੀਆਂ ਰੱਖੀਆਂ ਸਨ ਇਸ ਜਗਹ ਅਗਰ ਵੈਸਾ ਕੁਝ ਨਿਕਲ ਆਇਆ ਤਾਂ ਸਿੱਖ ਕੀ ਕਰਨਗੇ। ਮੇਰੀ ਜਾਚੇ ਇਸ ਜਗਹ ਦੀ ਪਹਿਰੇਦਾਰੀ ਕਰਨੀ ਵੀ ਬਣਦੀ ਹੈ ਕਿ ਕਿਤੇ ਕੋਈ ਦੋਖੀ ਮੂਰਤੀ ਜਾਂ ਕੋਈ ਹੋਰ ਚੀਜ਼ ਨਾ ਰੱਖ ਜਾਵੇ ਜਿਸ ਨਾਲ ਕੋਈ ਨਵਾਂ ਪੁਆੜਾ ਸਾਡੇ ਗੱਲ ਪੈ ਜਾਵੇ!

ਮੰਨਿਆਂ ਕਿ ਸ਼੍ਰੋਮਣੀ ਕਮੇਟੀ ਤੇ ਕਾਰ ਸੇਵਾ ਵਾਲ਼ਿਆਂ ਨੇ ਪਿਛਲੇ ਸਮੇਂ ਦੌਰਾਨ ਅਨੇਕਾਂ ਵਿਵਾਦਿਤ ਕਾਰਜ ਕੀਤੇ ਹਨ ਜਿੱਥੇ ਵਿਰਾਸਤ ਦਾ ਉਜਾੜਾ ਹੋਇਆ, ਪਰ ਇਸ ਮਸਲੇ ਵਿੱਚ ਜਿੱਥੇ ਉਹ ਸਰਕਾਰ ਵੱਲੋਂ ਜਬਰੀ ਕਬਜ਼ੇ ਵਿੱਚ ਕੀਤੀ ਗਈ ਜਗਹ ਮੁੜ ਵਾਪਿਸ ਲੈ ਰਹੇ ਹਨ ਉੱਥੇ ਇਸ ਰੌਲੇ ਗੌਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਨਿਕਲੇ ਇਸ ਇਮਾਰਤ ਦੇ ਹਿੱਸੇ ਨੂ ਪੂਰੀ ਤਰਾਂ ਸੁਰੱਖਿਅਤ ਕਰਕੇ ਸੰਭਾਲ਼ਣ ਦਾ ਐਲਾਨ ਕੀਤਾ ਹੈ।

ਸਾਨੂੰ ਜਿੱਥੇ ਸਾਡੀ ਪੁਰਾਤਨ ਵਿਰਾਸਤ ਦੀ ਸਾਂਭ ਸੰਭਾਲ਼ ਲਈ ਜਾਗਰੂਕ ਹੋਕੇ ਹੰਭਲਾ ਮਾਰਨਾ ਚਾਹੀਦਾ ਹੈ ਤੇ ਸੰਗਤ ਦਿਨਾਂ ਦਿਨ ਇਸ ਮੁੱਦੇ ਤੇ ਸਰਗਰਮ ਤੇ ਇਕ ਮਤਿ ਵੀ ਹੈ, ਉੱਥੇ ਸਰਕਾਰਾਂ ਤੇ ਗੁਮਰਾਹਕੁੰਨ ਲੋਕਾਂ ਦੀ ਚਾਲਾਂ ਤੋ ਬਚਣਾ ਚਾਹੀਦਾ ਹੈ ਕਿਉਂਕਿ ਇਸ ਸਾਰੇ ਮਸਲੇ ਪਿੱਛੇ ਵਿਰੋਧ ਦਾ ਕਾਰਨ ਕੰਮ ਰੁਕਵਾਕੇ ਸਰਕਾਰੀ ਪੱਖ ਪੂਰਨਾ ਜਾਪਦਾ ਹੈ ਤੇ ਇਹ ਪੰਥਕ ਅਮਾਨਤ ਦਾ ਪ੍ਰਬੰਧ ਤੇ ਕਬਜ਼ਾ ਸ਼੍ਰੋਮਣੀ ਕਮੇਟੀ ਕੋਲੋਂ ਆਉਣ ਤੋ ਰੋਕਣਾ ਹੋ ਸਕਦਾ ਹੈ।

ਹੁਣ ਜਦੋਂ ਇਸ ਇਮਾਰਤ ਨੂ ਸੁਰੱਖਿਅਤ ਸੰਭਾਲ਼ਣ ਦਾ ਐਲਾਨ ਹੋ ਗਿਆ ਹੈ ਤਾਂ ਇਸਦਾ ਵਿਰੋਧ ਛੱਡਕੇ ਇਸ ਨਾਲ ਬਣ ਰਿਹਾ ਜੋੜਾ ਘਰ ਤੇ ਗਠੜੀ ਘਰ ਬਣੇ ਦੇਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਅਨੇਕਾਂ ਕਮੀਆ ਦੇ ਬਾਵਜੂਦ ਸਾਡੀ ਪੰਥਕ ਸੰਸਥਾ ਹੈ ਇਸ ਨਾਲ ਅਸੀਂ ਫਿਰ ਲੜ ਲਵਾਂਗੇ। ਅਜੇ ਮੇਰੇ ਖਿਆਲ ਨਾਲ ਇਸ ਜਗਹ ਦਾ ਪ੍ਰਬੰਧ ਇਸਦੇ ਹੱਥ ਆਉਣ ਤੱਕ ਸਹਿਯੋਗ ਕਰਨਾ ਚਾਹੀਦਾ ਹੈ, ਅੱਖਾਂ ਮੀਚਕੇ ਬਿਨਾ ਵਿਚਾਰੇ ਕੀਤਾ ਵਿਰੋਧ ਕਿਤੇ ਜਾਣੇ ਅਨਜਾਣੇ ਵਿੱਚ ਪੰਥ ਵਿਰੋਧੀ ਧਿਰਾਂ ਦੀ ਮਦਦ ਨਾ ਕਰ ਜਾਵੇ।
– ਸਤਿੰਦਰ ਸਿੰਘ

About admin

Check Also

ਢੱਡਰੀਆਂਵਾਲੇ ਦੇ ਪ੍ਰਚਾਰ ਦਾ ਅਸਰ

ਜਿਹੜੇ ਗਿਆਨ ਦੀ ਭਾਈ ਸਾਬ੍ਹ ਗੱਲ ਕਰ ਰਹੇ ਨੇ ਇਹ ਮਾਨਸਿਕ ਬੁੱਧੀ ਚੋਂ ਉਪਜਦਾ ਜਿਹੋ …

%d bloggers like this: