ਲਹਿਰਾਗਾਗਾ ‘ਚ ਪਾਣੀ ਦੀ ਟੈਂਕੀ ਫਟਣ ਕਾਰਨ ਵਾਪਰਿਆ ਵੱਡਾ ਹਾਦਸਾ, 2 ਕੁੜੀਆਂ ਦੀ ਮੌਤ

172

ਲਹਿਰਾਗਾਗਾ ‘ਚ ਪਾਣੀ ਦੀ ਟੈਂਕੀ ਫਟਣ ਕਾਰਨ ਵਾਪਰਿਆ ਵੱਡਾ ਹਾਦਸਾ, 2 ਕੁੜੀਆਂ ਦੀ ਮੌਤ, ਪੈ ਗਿਆ ਚੀਕ-ਚਿਹਾੜਾ

ਸੰਗਰੂਰ/ਲਹਿਰਾਗਾਗਾ : ਸੰਗਰੂਰ ਜ਼ਿਲ੍ਹੇ ਦੇ ਹਲਕਾ ਲਹਿਰਾਗਾਗਾ ‘ਚ ਵੱਡਾ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ, ਜਿਸ ‘ਚ 2 ਕੁੜੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਲਹਿਰਾਗਾਗਾ ਦੇ ਪਿੰਡ ਠਸਕਾਂ ‘ਚ ਇਕ ਇੱਟਾਂ ਵਾਲੇ ਭੱਠੇ ‘ਤੇ ਪਾਣੀ ਦੀ ਕਮੀ ਹੋਣ ਕਾਰਨ ਕੁਝ ਦਿਨ ਪਹਿਲਾਂ ਇਕ ਪਾਣੀ ਵਾਲੀ ਟੈਂਕੀ ਬਣਾਈ ਗਈ ਸੀ। ਅੱਜ ਅਚਾਨਕ ਪਾਣੀ ਵਾਲੀ ਟੈਂਕੀ ਟੁੱਟ ਗਈ ਅਤੇ ਭੱਠੇ ‘ਤੇ ਕੰਮ ਕਰ ਰਹੀਆਂ 2 ਕੁੜੀਆਂ, 2 ਔਰਤਾਂ ਸਮੇਤ 2 ਬੱਚਿਆਂ ਦੇ ਟੈਂਕੀ ਦੀਆਂ ਇੱਟਾਂ ਜਾ ਲੱਗੀਆਂ।

ਘਟਨਾ ਮਗਰੋਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ 2 ਕੁੜੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ 4 ਗੰਭੀਰ ਰੂਪ ‘ਚ ਜ਼ਖ਼ਮੀ ਦੱਸੇ ਜਾ ਰਹੇ, ਜਿਸ ਵਿੱਚ 2 ਔਰਤਾਂ ਤੇ 2 ਬੱਚੇ ਸ਼ਾਮਲ ਹਨ ਅਤੇ ਜ਼ੇਰੇ ਇਲਾਜ ਹਨ। ਮ੍ਰਿਤਕ ਕੁੜੀਆਂ ਦੀ ਪਛਾਣ ਮਨੀਸ਼ਾ ਕੁਮਾਰੀ (19) ਅਤੇ ਇਮਾਰਤੀ ਕੁਮਾਰੀ (16) ਵਜੋਂ ਹੋਈ ਹੈ ਅਤੇ ਦੋਵੋਂ ਯੂ. ਪੀ. ਦੀਆਂ ਰਹਿਣ ਵਾਲੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਟੈਂਕੀ 8 ਫੁੱਟ ਉੱਚਾਈ ‘ਤੇ ਬਣਾਈ ਹੋਈ ਸੀ, ਪਾਣੀ ਦਾ ਪਰੈਸ਼ਰ ਨਾ ਝੱਲਦੇ ਹੋਏ ਟੈਂਕੀ ਫੱਟ ਗਈ ਅਤੇ ਉਸ ਦੀਆਂ ਇੱਟਾਂ ਕੰਮ ਕਰ ਰਹੇ ਮਜ਼ਦੂਰਾਂ ਦੇ ਜਾ ਲੱਗੀਆਂ।