ਖੰਨਾ ’ਚ ਇਕ ਜਿਮ ਟ੍ਰੇਨਰ ਔਰਤ ਦੀ ਗਲੀ ਸੜੀ ਲਾਸ਼ ਕਮਰੇ ’ਚੋਂ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਪੁਲਸ ਨੇ ਬੰਦ ਘਰ ਦੇ ਤਾਲੇ ਤੋੜ ਕੇ ਲਾਸ਼ ਬਰਾਮਦ ਕੀਤੀ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਜਿਮ ਟ੍ਰੇਨਰ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੈ। ਮ੍ਰਿਤਕ ਦੀ ਪਛਾਣ ਪਰਮਜੀਤ ਕੌਰ ਵਾਸੀ ਸਮਰਾਲਾ ਰੋਡ ਖੰਨਾ ਵਜੋਂ ਹੋਈ ਹੈ। ਲਾਸ਼ ਕਈ ਦਿਨਾਂ ਤੋਂ ਕਮਰੇ ’ਚ ਪਈ ਸੀ। ਇਸ ਦਾ ਪਤਾ ਉਦੋਂ ਲੱਗਾ ਜਦੋਂ ਲਾਸ਼ ਬਦਬੂ ਮਾਰਣ ਲੱਗ ਗਈ। ਸ਼ੱਕ ਹੋਣ ’ਤੇ ਮੁਹੱਲੇ ਵਾਲਿਆਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਤਾਂ ਪੁਲਸ ਨੇ ਜਦੋਂ ਦਰਵਾਜ਼ੇ ਤੋੜ ਕੇ ਦੇਖਿਆ ਤਾਂ ਮਾਮਲੇ ਦਾ ਖੁਲਾਸਾ ਹੋਇਆ।
ਮ੍ਰਿਤਕਾ ਪਰਮਜੀਤ ਕੌਰ ਦੇ ਭਰਾ ਜਗਦੀਸ਼ ਨੇ ਦੱਸਿਆ ਕਿ ਉਸਦੀ ਭੈਣ ਕਈ ਦਿਨਾਂ ਤੋਂ ਲਾਪਤਾ ਸੀ ਤਾਂ ਉਸਦੇ ਵੱਡੇ ਭਰਾ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ। ਅੱਜ ਮੁਹੱਲਾ ਵਾਸੀਆਂ ਨੇ ਪੁਲਸ ਨੂੰ ਦੱਸਿਆ ਕਿ ਉਸਦੀ ਭੈਣ ਦੇ ਘਰੋਂ ਬਦਬੂ ਆ ਰਹੀ ਹੈ। ਜਿਸ ਮਗਰੋਂ ਉਹ ਵੀ ਮੌਕੇ ਤੇ ਆਏ ਅਤੇ ਦੇਖਿਆ ਕਿ ਉਸਦੀ ਭੈਣ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੋਈ ਸੀ। ਜਿਸ ਦੀ ਲਾਸ਼ ਪੂਰੀ ਤਰ੍ਹਾਂ ਗਲ ਚੁੱਕੀ ਸੀ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਖੰਨਾ ਦੀ ਐੱਸ. ਪੀ. (ਆਈ) ਡਾਕਟਰ ਪ੍ਰਗਿਆ ਜੈਨ ਅਤੇ ਡੀ. ਐੱਸ. ਪੀ. ਵਿਲੀਅਮ ਜੈਜੀ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ। ਇਸ ਦੌਰਾਨ ਪੁਲਸ ਵਲੋਂ ਫੋਰੈਂਸਿਕ ਟੀਮ ਵੀ ਮੌਕੇ ’ਤੇ ਸੱਦੀ ਗਈ। ਡੀ. ਐੱਸ. ਪੀ. ਵਿਲੀਅਮ ਜੈਜੀ ਨੇ ਦੱਸਿਆ ਕਿ ਪਰਮਜੀਤ ਕੌਰ ਦਾ ਆਪਣੇ ਪਤੀ ਨਾਲ ਝਗੜਾ ਚੱਲਦਾ ਸੀ। ਦੋਵੇਂ ਵੱਖ-ਵੱਖ ਰਹਿੰਦੇ ਸੀ। ਕੁੱਝ ਦਿਨਾਂ ਤੋਂ ਪਰਮਜੀਤ ਕੌਰ ਫੋਨ ਨਹੀਂ ਚੁੱਕ ਰਹੀ ਸੀ ਅਤੇ ਕਿਸੇ ਨੂੰ ਦਿਖਾਈ ਵੀ ਨਹੀਂ ਦਿੱਤੀ ਸੀ। ਅੱਜ ਮੁਹੱਲਾ ਵਾਸੀਆਂ ਨੇ ਕੌਂਸਲਰ ਨੂੰ ਦੱਸਿਆ ਅਤੇ ਕੌਂਸਲਰ ਕੋਲੋਂ ਪੁਲਸ ਨੂੰ ਪਤਾ ਲੱਗਿਆ। ਮੁੱਢਲੀ ਜਾਂਚ ’ਚ ਮਾਮਲਾ ਖ਼ੁਦਕੁਸ਼ੀ ਦਾ ਲੱਗ ਰਿਹਾ ਹੈ।