ਅਕਾਲੀ ਦਲ ਵੱਲੋਂ ਮਨਜਿੰਦਰ ਸਿਰਸਾ ਭਗੌੜਾ ਕਰਾਰ – ਕਿਹਾ, ਕੇਂਦਰ ਇੰਦਰਾ ਗਾਂਧੀ ਦੀ ਨੀਤੀ ਨਾਲ ਸਫ਼ਲ ਨਹੀਂ ਹੋ ਸਕਦਾ

270

ਅਕਾਲੀ ਦਲ ਵੱਲੋਂ ਮਨਜਿੰਦਰ ਸਿਰਸਾ ਭਗੌੜਾ ਕਰਾਰ
‘ਮਨਜਿੰਦਰ ਸਿਰਸਾ ਬੇਵਫ਼ਾ ਨਿਕਲੇ’ – ਚਰਨਜੀਤ ਬਰਾੜ

ਕੇਂਦਰ ਇੰਦਰਾ ਗਾਂਧੀ ਦੀ ਨੀਤੀ ਨਾਲ ਸਫ਼ਲ ਨਹੀਂ ਹੋ ਸਕਦਾ’

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ਼ ਦਲਜੀਤ ਸਿੰਘ ਚੀਮਾ ਨੇ ਸਿਰਸਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ

“ਕੇਂਦਰ ਦੀ ਭਾਜਪਾ ਸਰਕਾਰ ਨੇ ਘਟੀਆ ਰਾਜਨੀਤੀ ਕਰਦੇ ਹੋਏ ਮਨਜਿੰਦਰ ਸਿੰਘ ਸਿਰਸਾ ਉੱਪਰ ਦਬਾਅ ਪਾ ਕੇ ਭਾਜਪਾ ਵਿੱਚ ਸ਼ਾਮਲ ਕਰਵਾਇਆ ਹੈ।”

ਉਨ੍ਹਾਂ ਨੇ ਕਿਹਾ ਕਿ ਇਹ “ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚ ਦਖ਼ਲ ਅੰਦਾਜ਼ੀ ਹੈ ਅਤੇ ਖ਼ਾਲਸਾ ਪੰਥ ਉੱਪਰ ਵੱਡਾ ਹਮਲਾ ਹੈ”।

ਉਨ੍ਹਾਂ ਨੇ ਭਾਜਪਾ ਦੇ ਇਸ ਕਦਮ ਨੂੰ “ਸਿੱਖਾਂ ਦੇ ਧਾਰਮਿਕ ਮਸਲਿਆਂ ਨੂੰ ਕੰਟਰੋਲ ਕਰਨ ਦੀ ਕੇਂਦਰ ਦੀ ਪੁਰਾਣੀ ਨੀਤੀ ਦਾ ਹਿੱਸਾ” ਵੀ ਦੱਸਿਆ।ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇੱਕ ਸਾਜਿਸ਼ ਤਹਿਤ ਦਿੱਲੀ ਕਮੇਟੀ ਦੇ ਗਿਆਰਾਂ ਮੈਂਬਰਾ ਉੱਪਰ ਅਤੇ ਸਿਰਸਾ ਅਤੇ ਕਾਲਕਾ ਜੀ ਉੱਪਰ ਕੇਸ ਦਰਜ ਕੀਤਾ ਗਿਆ।

ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ “ਅਫ਼ਸੋਸ ਹੈ ਕਿ ਸਿਰਸਾ ਇਸ ਬੇਇਨਸਾਫ਼ੀ ਦੇ ਖ਼ਿਲਾਫ਼ ਲੜਨ ਦੀ ਥਾਵੇਂ ਦਬਾਅ ਮੰਨਦੇ ਹੋਏ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਜਦ ਕਿ ਹਰਮੀਤ ਸਿੰਘ ਕਾਲਕਾ ਅਜੇ ਵੀ ਚਟਾਨ ਵਾਂਗ ਖੜ੍ਹੇ ਹਨ”।

ਉਨ੍ਹਾਂ ਨੇ ਕਿਹਾ,”ਕੇਂਦਰ ਸਰਕਾਰ ਇੰਦਰਾ ਗਾਂਧੀ ਦੀ ਨੀਤੀ ਨਾਲ ਕਾਮਯਾਬ ਨਹੀਂ ਹੋ ਸਕਦੀ ਅਤੇ ਇਹ ਗੈਰ-ਲੋਕਤੰਤਰੀ ਹੈ”।


ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਭਾਜਪਾ ਵਿੱਚ ਸ਼ਾਮਲ ਹੁਣ ਦਾ ਮਕਸਦ ਰਵਾਇਤੀ ਹਿੰਦੂ-ਸਿੱਖ ਏਕਤਾ ਨੂੰ ਮੁੜ ਬਹਾਲ ਕਰਾਉਣਾ ਅਤੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਵਾਉਣਾ ਹੈ।

ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਡੀਐਸਜੀਐਮਸੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਉਨ੍ਹਾਂ ਨੇ ਇਸ ਫ਼ੈਸਲੇ ਲਈ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ।

ਉਸ ਅਸਤੀਫ਼ੇ ਦੇ ਨਾਲ ਉਨ੍ਹਾਂ ਕਿਹਾ ਕਿ ਉਹ ਨਵੀਂ ਬਣ ਰਹੀ ਕਮੇਟੀ ਵਿੱਚ ਕਿਸੇ ਵੀ ਅਹੁਦੇ ਉੱਪਰ ਕੰਮ ਨਹੀਂ ਕਰਨਗੇ।

ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਅਸਤੀਫ਼ੇ ਦੀ ਕਾਪੀ ਆਪਣੇ ਟਵਿੱਟਰ ਅਕਾਊਂਟ ਤੋਂ ਸਾਂਝੀ ਕੀਤੀ।

ਆਪਣੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, “ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। ਮੈਂ ਆਉਣ ਵਾਲੀਆਂ ਡੀਐਸਜੀਐਮਸੀ ਦੀਆਂ ਅੰਦਰੂਨੀ ਚੋਣਾਂ ਨਹੀਂ ਲੜਾਂਗਾ।”

ਉਨ੍ਹਾਂ ਨੇ ਕਿਹਾ, “ਆਪਣੇ ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਕਰਨ ਦੀ ਮੇਰੀ ਵਚਨਬਧਤਾ ਜਿਉਂਦੀ ਤਿਉਂ ਕਾਇਮ ਰਹੇਗੀ।”

ਦੇਸ਼ ਦੇ ਸਿੱਖਾਂ ਦੇ ਮੁੱਦੇ ਹੱਲ ਹੋਣ ਨੂੰ ਪਏ – ਸਿਰਸਾ

ਮਨਜਿੰਦਰ ਸਿੰਘ ਸਿਰਸਾ ਨੇ ਇਸ ਮੌਕੇ ਕਿਹਾ, “ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ ਜਿੱਥੇ ਵੀ ਦੇਸ਼, ਮਨੁੱਖਤਾ ਭਾਈਚਾਰੇ ਨੂੰ ਲੋੜ ਪਈ ਸੇਵਾ ਕੀਤੀ।ਜਿੱਥੇ ਵੀ ਲੋੜ ਪਈ ਆਪਣੇ ਲੋਕਾਂ ਦੀ ਅਵਾਜ਼ ਚੁੱਕੀ।”

“ਲੋਕਾਂ ਨੇ ਮੈਨੂੰ ਦੋ ਵਾਰ ਦਿੱਲੀ ਦਾ ਵਿਧਾਨ ਸਭਾ ਮੈਂਬਰ ਅਤੇ ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਬਣਾਇਆ। ਕੋਰੋਨਾ ਦੌਰਾਨ ਕਮੇਟੀ ਦੇ ਕੰਮ ਦੀ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਪ੍ਰਸ਼ੰਸਾ ਕੀਤੀ ਸੀ।”

“ਅੱਜ ਦੇਸ਼ ਦੇ ਹਰ ਹਿੱਸੇ ਵਿੱਚ ਸਿੱਖਾਂ ਦੇ ਮੁੱਦੇ ਹੱਲ ਹੋਣ ਵਾਲੇ ਪਏ ਹਨ। ਇਸ ਵਿੱਚ ਸਭ ਤੋਂ ਪਹਿਲੀ ਲੋੜ ਹੁੰਦੀ ਹੈ ਉਸ ਸਰਕਾਰ ਦੀ ਜੋ ਇਹ ਮਸਲੇ ਹੱਲ ਕਰੇ।”

ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਮੈਨੂੰ ਸਿੱਖ ਮਸਲਿਆਂ ਦੇ ਹੱਲ ਦਾ ਭਰੋਸਾ ਦਿੱਤਾ ਹੈ। ਸ਼ਿਲਾਂਗ ਦੇ ਡਾਂਗ ਮਾਰ ਗੁਰਦੁਆਰੇ ਦਾ ਸਮਲਾ, ਮੱਧ ਪ੍ਰਦੇਸ਼ ਦੇ ਸਿਕਲੀਗਰ ਸਿੱਖਾਂ ਦਾ ਸਮਲਿਆਂ ਸਮੇਤ ਸਿੱਖ ਮਸਲੇ ਹੱਲ ਕਰਵਾਉਣ ਲਈ ਕੰਮ ਕਰਾਂਗਾ। ਦੇਸ਼ ਦੀ ਅਜ਼ਾਦੀ ਵਿੱਚ ਸਿੱਖਾਂ ਦਾ ਵੱਡਾ ਯੋਗਦਾਨ।”