ਲੰਡਾ ਹਰੀਕੇ ਦੇ ਨਾਲ ਲੱਖਾ ਸਿਧਾਣਾ ਵੀ ਪਰਚੇ ‘ਚ ਸ਼ਾਮਲ

183

ਜੇ ਮਹਾਰਾਸ਼ਟਰ ਵਿਚ ਮਰਾਠੇ ਅੰਗਰੇਜ਼ੀ/ਹਿੰਦੀ ਦੇ ਬੋਰਡ ਫਾੜ ਸਕਦੇ ਹਨ ਤਾਂ ਪੰਜਾਬੀ ਅਪਣੀ ਭਾਸ਼ਾ ਨੂੰ ਬਚਾਉਣ ਲਈ ਅਜਿਹਾ ਕਿਉਂ ਨਹੀਂ ਕਰ ਸਕਦੇ?
ਮਹਾਰਾਸ਼ਟਰ ਵਿਚ ਸਿ਼ਵ ਸੈਨਾ ਦੇ ਮੁਖੀ ਬਾਲ ਠਾਕਰੇ ਦੀ ਸਿਆਸਤ ਉਦੋਂ ਪੂਰੇ ਜੋਬਨ ਉਤੇ ਸੀ ਜਦ ਸਿ਼ਵ ਸੈਨਿਕਾਂ ਨੇ ਮਹਾਰਾਸ਼ਟਰ ਵਿਚ ਐਲਾਨ ਕੀਤਾ ਕਿ ਬਾਜ਼ਾਰਾਂ ਵਿਚ ਬੋਰਡ ਅਤੇ ਘਰਾਂ ਬਾਹਰ ਨਾਮ ਵਾਲੀਆਂ ਤਖ਼ਤੀਆਂ ਮਰਾਠੀ ਭਾਸ਼ਾ ਵਿਚ ਲਿਖੇ ਹੋਣੇ ਚਾਹੀਦੇ ਹਨ। ਸਿਨੇਮਾ-ਘਰਾਂ ਵਿਚ ਪਹਿਲਾਂ ਮਰਾਠੀ ਫਿ਼ਲਮਾਂ ਵਿਖਾਉਣੀਆਂ ਹਨ, ਬਾਅਦ ਹਿੰਦੀ ਜਾਂ ਕੋਈ ਹੋਰ ਫਿ਼ਲਮ ਨੂੰ ਸਥਾਨ ਦੇਣਾ ਹੈ। ਜੇ ਕੋਈ ਅਜਿਹਾ ਨਹੀਂ ਕਰਦਾ ਸੀ ਤਾਂ ਸਿ਼ਵ ਸੈਨਿਕ ਅੰਗਰੇਜ਼ੀ ਅਤੇ ਹਿੰਦੀ ਵਿਚ ਲਿਖੇ ਬੋਰਡ ਫਾੜ ਦਿੰਦੇ ਸਨ ਅਤੇ ਮਰਾਠੀ ਭਾਸ਼ਾ ਵਾਲੇ ਬੋਰਡ ਲਗਾ ਦਿੰਦੇ ਹਨ। ਇਸੇ ਤਰ੍ਹਾਂ ਮਰਾਠਿਆਂ ਨੇ ਸਿਨੇਮਾਂ-ਘਰਾਂ ਦੇ ਮਾਲਕਾਂ ਦੀ ਨੱਕ ਵਿਚ ਉਦੋਂ ਤਕ ਦਮ ਕਰਕੇ ਰੱਖਿਆ ਜਦ ਤਕ ਮਰਾਠੀ ਫਿ਼ਲਮਾਂ ਨਾ ਵਿਖਾਈਆਂ ਗਈਆਂ।

ਮਹਾਰਾਸ਼ਟਰ ਦੇ ਹਿੰਦੂਆਂ ਨੇ ਹਿੰਦੀ/ਅੰਗਰੇਜ਼ੀ ਦੀ ਬਜਾਏ ਮਰਾਠੀ ਨੂੰ ਪ੍ਰਮੁੱਖਤਾ ਦੇਣ ਦਾ ਨਾਹਰਾ ਦਿਤਾ। ਪੂਰੇ ਮਹਾਰਾਸ਼ਟਰ ਵਿਚ ਸਿ਼ਵ ਸੈਨਿਕਾਂ ਅਥਵਾ ਹਿੰਦੂਆਂ ਦੀ ਜੈ-ਜੈਕਾਰ ਹੋ ਗਈ ਪਰ ਜਦ ਕੋਈ ਇਹੋ-ਜਿਹਾ ਨਾਹਰਾ ਪੰਜਾਬ ਵਿਚ ਦਿੰਦਾ ਹੈ ਅਤੇ ਆਖਦਾ ਹੈ ਕਿ ਪੰਜਾਬੀ ਨੂੰ ਪਹਿਲੇ ਦਿਉ, ਉਸ ਤੋਂ ਬਾਅਦ ਹਿੰਦੀ/ਅੰਗਰੇਜ਼ੀ ਜਾਂ ਕੋਈ ਹੋਰ ਭਾਸ਼ਾ ਵਿਚ ਬੋਰਡ ਬਗ਼ੈਰਾ ਲਾਉ ਤਾਂ ਸਿੱਧੀ ਗੱਲ ਸਿੱਖਾਂ ਸਿਰ ਮੜ੍ਹ ਦਿਤੀ ਜਾਂਦੀ ਹੈ ਕਿ ਇਸ ਨਾਹਰੇ ਪਿੱਛੇ ਸਿੱਖ ਹਨ। ਸਿੱਖਾਂ ਦਾ ਨਾਮ ਇਸ ਕਰਕੇ ਵੀ ਆ ਜਾਂਦਾ ਹੈ ਕਿਉਂਕਿ ਪੰਜਾਬ ਵਿਚ ਸਿੱਖ ਬਹੁਗਿਣਤੀ ਵਿਚ ਹਨ ਅਤੇ ਥੋੜੇ ਜਜ਼ਬਾਤੀ ਵੀ ਹਨ। ਜਿਹੜਾ ਕੰਮ ਵੀ ਕਰਦੇ ਹਨ, ਭਾਵੁਕ ਹੋ ਕੇ ਹੀ ਕਰਦੇ ਹਨ। ਪੰਜਾਬੀ ਨੂੰ ਕੇਵਲ ਸਿੱਖਾਂ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ ਬਲਕਿ ਪੰਜਾਬੀ, ਸੰਪੂਰਨ ਪੰਜਾਬੀਆਂ ਦੇ ਸਭਿਆਚਾਰ ਦਾ ਹਿੱਸਾ ਹੈ ਅਤੇ ਪੰਜਾਬੀ ਸਭਿਆਚਾਰ ਵਿਚ ਹਿੰਦੂ, ਮੁਸਲਿਮ, ਈਸਾਈ ਅਤੇ ਹੋਰ ਜਾਤ-ਮਜ਼ਹਬ ਦੇ ਲੋਕ ਆਉਂਦੇ ਹਨ। ਅਸਲ ਵਿਚ ਅਪਣੇ ਖਿ਼ੱਤੇ ਦੀ ਬੋਲੀ ਨਾਲ ਲਗਾਉ ਜਨਮ ਤੋਂ ਹੀ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਮਾਂ-ਬੋਲੀ ਨੂੰ ਬਚਾਉਣਾ ਅਪਣੀ ਆਤਮਾ ਨੂੰ ਬਚਾਉਣਾ ਹੀ ਹੁੰਦਾ ਹੈ। ਜੇ ਹਿੰਦੂ ਮਰਾਠੇ ਚੁਪ ਕਰਕੇ ਬੈਠੇ ਰਹਿੰਦੇ ਤਾਂ ਮਾਹਰਾਸ਼ਟਰ ਵਿਚ ਮਰਾਠੀ ਨੂੰ ਉਹ ਮੁਕਾਮ ਨਹੀਂ ਮਿਲਣਾ ਸੀ ਜਿਹੜਾ ਅੱਜ ਮਿਲਿਆ ਹੋਇਆ ਹੈ।

ਇਸ ਮੁੱਦੇ ਨੂੰ ਉਭਾਰ ਕੇ ਹੀ ਸਿ਼ਵ ਸੈਨਾ ਲੰਬੇ ਸਮੇਂ ਤਕ ਰਾਜ ਕਰਦੀ ਰਹੀ। ਪੰਜਾਬ ਦੀਆਂ ਖੇਤਰੀ ਰਾਜਨੀਤਿਕ ਪਾਰਟੀਆਂ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ। ਪੰਜਾਬੀ ਨੂੰ ਰਾਸ਼ਟਰੀ ਭਾਸ਼ਾ ਦੇ ਨਾਹਰੇ ਹੇਠ ਦਬਾਉਣ ਵਿਰੁਧ ਖੇਤਰੀ ਪਾਰਟੀਆਂ ਦਾ ਕੋਈ ਪ੍ਰੋਗਰਾਮ ਨਹੀਂ। ਹਾਲੇ ਤਕ ਕਿਸੇ ਵੀ ਪਾਰਟੀ ਦੇ ਕਾਰਕੁਨਾਂ ਨੇ ਅਜਿਹੀ ਕੋਈ ਸਿੱਧੀ-ਸਿੱਧੀ ਚੇਤਾਵਨੀ ਦਿਤੀ ਜਿਸ ਦੇ ਅਸਰ ਹੇਠ ਗ਼ੈਰ-ਪੰਜਾਬੀ ਬੋਰਡਾਂ ਅਤੇ ਹੋਰਡਿੰਗਜ਼ ਨੂੰ ਉਤਾਰਿਆ ਜਾ ਸਕੇ। ਲੱਖਾ ਸਿਧਾਣਾ ਵਰਗੇ ਨੌਜੁਆਨ ਜੇ ਕਦੇ-ਕਦੇ ਪੰਜਾਬੀ ਲਈ ਆਵਾਜ਼ ਚੁਕਦੇ ਹਨ ਤਾਂ ਉਨ੍ਹਾਂ ਨੂੰ ਗੈਂਗਸਟਰ ਵਰਗੇ ਲਕਬ ਦੇ ਕੇ ਚੁੱਪ ਕਰਾਉਣ ਦੀ ਕੋਸਿ਼ਸ਼ ਕੀਤੀ ਜਾਂਦੀ ਹੈ। ਜੇ ਕਿਤੇ ਪੰਜਾਬ ਵਿਚ ਪੰਜਾਬੀ ਲਈ ਉਹੋ-ਜਿਹਾ ਹੀ ਨਾਹਰਾ ਮਾਰ ਦਿਤਾ ਜਾਵੇ ਜਿਹੋ-ਜਿਹਾ ਮਹਾਰਾਸ਼ਟਰ ਵਿਚ ਮਰਾਠਿਆਂ ਨੇ ਇਕੱਠੇ ਹੋ ਕੇ ਮਾਰਿਆ ਸੀ ਤਾਂ ਇਕ ਹਫ਼ਤੇ ਦੇ ਅੰਦਰ-ਅੰਦਰ ਹਰ ਪਾਸੇ ਸ਼ੁੱਧ ਪੰਜਾਬੀ ਵਿਚ ਲਿਖੇ ਬੈਨਰ ਅਤੇ ਬੋਰਡ ਨਜ਼ਰ ਆਉਣਗੇ। ਨਾ ਹੀ ਪੰਜਾਬ ਵਿਚ ਵੱਧ ਰਹੇ ਭਈਆਵਾਦ ਉਪਰ ਕਿਸੇ ਖੇਤਰੀ ਪਾਰਟੀ ਨੇ ਅਪਣਾ ਕੋਈ ਸਟੈਂਡ ਬਣਾਇਆ ਹੈ। ਸ਼ਹਿਰਾਂ ਅਤੇ ਖੇਤਾਂ ਵਿਚ ਭਈਆਂ ਦੀ ਗਿਣਤੀ ਬਿਲਕੁਲ ਉਸੇ ਅਨੁਪਾਤ ਵਿਚ ਵਧ ਰਹੀ ਹੈ ਜਿਸ ਅਨੁਪਤਾ ਵਿਚ ਆਈਏਐਸ ਅਤੇ ਆਈਪੀਐਸ ਸਮੇਂ ਦੇ ਨਾਲ-ਨਾਲ ਅਪਣੇ ਘਰਾਂ ਵਿਚ ਨੇਪਾਲੀਆਂ ਦੀ ਗਿਣਤੀ ਵਧਾ ਲੈਂਦੇ ਹਨ। ਇਹ ਭਖਦੇ ਮਸਲੇ ਹਨ ਜਿਨ੍ਹਾਂ ਉਪਰ ਚਿੰਤਨ ਹੋਣਾ ਚਾਹੀਦਾ ਹੈ।

ਜ਼ਾਹਿਦਾ ਸੁਲੇਮਾਨ (ਜਰਨਲਿਸਟ)
ਚੰਡੀਗੜ੍ਹ।