ਸ੍ਰੀ ਸਾਹਿਬ ਉਤਾਰਨ ਲਈ ਗ੍ਰਿਫ਼ਤਾਰ ਕੀਤੇ ਸਿੱਖ ਨੌਜਵਾਨ ਤੋਂ ਯੂਨੀਵਰਸਟੀ ਨੇ ਮੰਗੀ ਮੁਆਫ਼ੀ

930

ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਵਿੱਚ ਇੱਕ ਸਿੱਖ ਵਿਦਿਆਰਥੀ ਦੀ ਗ੍ਰਿਫਤਾਰੀ ਮਾਮਲੇ ‘ਚ ਨਵੀਂ ਅਪਡੇਟ ਦੇਖਣ ਨੂੰ ਮਿਲੀ ਹੈ। ਯੂਨੀਵਰਸਿਟੀ ਵੱਲੋਂ ਇਸ ਮਾਮਲੇ ‘ਤੇ ਮੁਆਫੀ ਮੰਗ ਲਈ ਗਈ ਹੈ। ਇਸ ਮਾਮਲੇ ‘ਤੇ ਯੂਨੀਵਰਸਿਟੀ ਦੇ ਇਕ ਅਧਿਕਾਰੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸ਼ਾਰਲੋਟ ਵਿਖੇ ਨਾਰਥ ਕੈਰੋਲੀਨਾ ਯੂਨੀਵਰਸਿਟੀ ਨੇ ਸਿੱਖ ਧਰਮ ਦਾ ਪਾਲਣ ਕਰਨ ਵਾਲੇ ਵਿਦਿਆਰਥੀ ਵੱਲੋਂ ਯੂਨੀਅਨ ਵਿੱਚ ਸਿਰੀ ਸਾਹਿਬ ਪਾਉਣ ਦੀ ਆਗਿਆ ਨਾ ਦਿੰਦੇ ਉਸ ਨੂੰ ਹੱਥਕੜੀ ਪਹਿਣਾਈ ਸੀ, ਜਿਸ ਤੋਂ ਬਾਅਦ ਹੁਣ ਯੂਨੀਵਰਸਿਟੀ ਵੱਲੋਂ ਮੁਆਫੀ ਮੰਗ ਲਈ ਗਈ ਹੈ।

ਯੂਐਨਸੀ ਸ਼ਾਰਲੋਟ ਕਮਿਊਨਿਟੀ ਨੂੰ ਸ਼ੁੱਕਰਵਾਰ ਨੂੰ ਭੇਜੇ ਗਏ ਇੱਕ ਸੰਦੇਸ਼ ਮੁਤਾਬਕ ਕੈਂਪਸ ਪੁਲਿਸ ਨੇ 911 ਕਾਲ ਦਾ ਜਵਾਬ ਦਿੰਦੇ ਹੋਏ ਵੀਰਵਾਰ ਨੂੰ ਚਾਕੂ (ਸਿਰੀ ਸਾਹਿਬ) ਨਾਲ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

ਵੀਡੀਓ ‘ਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਆਪਣੀ ਡਿਊਟੀ ਅਨੁਸਾਰ ਸਿਰੀ ਸਾਹਿਬ ਪਾ ਕੇ ਨਾਰਥ ਕੈਰੋਲੀਨਾ ਯੂਨੀਵਰਸਿਟੀ ਪਹੁੰਚਿਆ ਪਰ ਉਥੇ ਉਸ ਨੂੰ ਸਿਰੀ ਸਾਹਿਬ ਉਤਾਰਨ ਲਈ ਕਿਹਾ ਗਿਆ। ਇਸ ’ਤੇ ਸਿੱਖ ਨੌਜਵਾਨ ਨੇ ਉਥੇ ਮੌਜੂਦ ਵਰਦੀਧਾਰੀ ਪੁਲਿਸ ਅਧਿਕਾਰੀ ਨੂੰ ਕਿਹਾ ਕਿ ਇਹ ਉਸ ਦੇ ਧਰਮ ਦੀ ਨਿਸ਼ਾਨੀ ਹੈ। ਉਹ ਇਸਨੂੰ ਉਤਾਰ ਨਹੀਂ ਸਕਦਾ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਖੁਦ ਸਿੱਖ ਵਿਦਿਆਰਥੀ ਵੱਲੋਂ ਪਾਈ ਕਿਰਪਾਨ ਨੂੰ ਉਤਾਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਇਸ ‘ਤੇ ਸਿੱਖ ਨੌਜਵਾਨ ਬੜੇ ਪਿਆਰ ਨਾਲ ਕਹਿੰਦਾ ਹੈ ਕਿ ਇਸ ਨੂੰ ਹੱਥ ਨਾ ਲਗਾਓ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਕਹਿੰਦਾ ਹੈ ਕਿ ਕਿਰਪਾਨ ਨਾ ਉਤਾਰੀ ਤਾਂ ਹੱਥਕੜੀ ਲਾਉਣੀ ਪਵੇਗੀ।

ਇਸ ਤੋਂ ਬਾਅਦ ਸਿੱਖ ਨੌਜਵਾਨ ਸੋਫ਼ੇ ਤੋਂ ਉੱਠ ਕੇ ਆਪਣੇ ਹੱਥ ਪਿੱਛੇ ਕਰ ਦਿੰਦਾ ਹੈ ਤੇ ਪੁਲਿਸ ਅਫਸਰ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਹਥਕੜੀਆਂ ਪਾ ਕੇ ਆਪਣੇ ਨਾਲ ਲੈ ਜਾਂਦਾ ਹੈ। ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਸਿੱਖ ਜਗਤ ‘ਚ ਭਾਰੀ ਰੋਸ ਹੈ। ਅਮਰੀਕੀ ਪੁਲਿਸ ਅਧਿਕਾਰੀ ਦੇ ਇਸ ਤਰ੍ਹਾਂ ਦੇ ਵਤੀਰੇ ਦੀ ਸਿੱਖ ਸੰਗਤਾਂ ਵੱਲੋਂ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ।